Close
Menu

ਦਸ ਪਾਕਿਸਤਾਨੀ ਕੈਦੀ ਵਾਹਗਾ ਸਰਹੱਦ ਰਾਹੀਂ ਵਤਨ ਪਰਤੇ

-- 26 July,2017

ਅਟਾਰੀ,  ਭਾਰਤ ਸਰਕਾਰ ਵੱਲੋਂ ਜੰਮੂ ਸਮੇਤ ਵੱਖ ਵੱਖ ਜੇਲ੍ਹਾਂ ’ਚੋਂ ਰਿਹਾਅ ਕੀਤੇ ਛੇ ਪਾਕਿਸਤਾਨੀ ਕੈਦੀ ਅਤੇ ਜਾਮਨਗਰ ਜੇਲ੍ਹ ’ਚੋਂ ਰਿਹਾਅ ਚਾਰ ਮਛੇਰੇ ਅੱਜ ਅਟਾਰੀ-ਵਾਹਗਾ ਸਰਹੱਦ ਰਸਤੇ ਵਤਨ ਪਰਤ ਗਏ ਹਨ। ਇਨ੍ਹਾਂ ਕੈਦੀਆਂ ਅਤੇ ਮਛੇਰਿਆਂ ਨੂੰ ਸੀਮਾ ਸੁਰੱਖਿਆ ਬਲ ਦੇ ਸਹਾਇਕ ਕਮਾਡੈਂਟ ਅਨਿਲ ਚੌਹਾਨ ਨੇ ਪਾਕਿਸਤਾਨ ਰੇਂਜਰਾਂ ਦੇ ਸੁਪਰਡੈਂਟ ਫਜ਼ਲ ਹਵਾਲੇ ਕਰ ਦਿੱਤਾ।
ਜੰਮੂ ਜੇਲ੍ਹ ’ਚੋਂ ਰਿਹਾਅ ਹੋਈ ਰੁਬੀਨਾ ਨੇ ਦੱਸਿਆ ਕਿ ਉਹ 2015 ਵਿੱਚ ਦਿੱਲੀ ਦੇ ਇੱਕ ਪ੍ਰਾਈਵੇਟ ਹਸਪਤਾਲ ’ਚੋਂ ਇਲਾਜ ਵਾਸਤੇ ਆਪਣੇ ਪਤੀ ਨੂਰ ਮੁਹੰਮਦ ਨਾਲ ਦਿੱਲੀ-ਲਾਹੌਰ ਬੱਸ ਰਾਹੀਂ ਭਾਰਤ ਆਈ ਸੀ। ਉਦੋਂ ਉਸ ਦੀ ਬੱਚੀ ਰਾਬੀਆ ਸਿਰਫ਼ 15 ਦਿਨ ਸੀ, ਜੋ ਹੁਣ 5 ਸਾਲ ਦੀ ਹੈ। ਉਸ ਨੇ ਦੱਸਿਆ ਕਿ ਉਸ ਦਾ ਪਤੀ ਧੋਖੇ ਨਾਲ ਉਸ ਨੂੰ ਤੇ ਬੱਚੀ ਨੂੰ ਛੱਡ ਕੇ ਪਾਕਿਸਤਾਨ ਚਲਾ ਗਿਆ ਸੀ। ਜੰਮੂ ਜੇਲ੍ਹ ’ਚੋਂ ਰਿਹਾਅ ਹੋਏ ਅਖ਼ਤਰ ਹੁਸੈਨ ਨੇ ਦੱਸਿਆ ਕਿ ਉਹ 2015 ਵਿੱਚ ਕਾਹਨਾਚੱਕ ਸਰਹੱਦੀ ਚੌਕੀ (ਆਰਐਸਪੁਰਾ) ਨੇੜਿਓਂ ਗ਼ੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਦਾ ਫੜਿਆ ਗਿਆ ਸੀ। ਗੁਜਰਾਤ ਦੀ ਜਾਮਨਗਰ ਜੇਲ੍ਹ ’ਚੋਂ ਰਿਹਾਅ ਹੋਏ ਪਾਕਿਸਤਾਨੀ ਮਛੇਰਿਆਂ ਇਫ਼ਤਿਖ਼ਾਰ, ਲੋਰਲ ਤੇ ਰਸ਼ੀਦ ਵਾਸੀ ਕਰਾਚੀ ਨੇ ਦੱਸਿਆ ਕਿ ਉਹ ਅਰਬ ਸਾਗਰ ਵਿੱਚ ਮੱਛੀਆਂ ਫੜ ਰਹੇ ਸਨ ਕਿ ਕਿਸ਼ਤੀ ਅਚਾਨਕ ਭਾਰਤੀ ਖੇਤਰ ਵਿੱਚ ਦਾਖ਼ਲ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਭਾਰਤੀ ਸੁਰੱਖਿਆ ਬਲਾਂ ਨੇ ਫੜ ਲਿਆ ਸੀ। ਉਹ ਚਾਰ ਸਾਲ ਬਾਅਦ ਵਤਨ ਪਰਤ ਰਹੇ ਹਨ।

Facebook Comment
Project by : XtremeStudioz