Close
Menu

ਦਹਿਸ਼ਤੀਆਂ ਨੂੰ ਪਨਾਹ ਦੇਣਾ ਬੰਦ ਕਰੇ ਪਾਕਿ: ਅਮਰੀਕਾ

-- 16 February,2019

ਵਾਸ਼ਿੰਗਟਨ, 16 ਫਰਵਰੀ
ਵ੍ਹਾਈਟ ਹਾਊਸ ਨੇ ਅੱਜ ਪਾਕਿਸਤਾਨ ਨੂੰ ਸਖਤੀ ਨਾਲ ਤਾੜਨਾ ਕਰਦਿਆਂ ਕਿਹਾ ਕਿ ਉਹ ਤੁਰੰਤ ਸਾਰੀਆਂ ਦਹਿਸ਼ਤੀ ਜਥੇਬੰਦੀਆਂ ਨੂੰ ਹਮਾਇਤ ਦੇਣਾ ਤੇ ਉਨ੍ਹਾਂ ਨੂੰ ਪਨਾਹ ਦੇਣਾ ਬੰਦ ਕਰੇ। ਇਸੇ ਦੌਰਾਨ ਅਮਰੀਕਾ ਨੇ ਪੁਲਵਾਮਾ ਦਹਿਸ਼ਤੀ ਹਮਲੇ ਜਿਸ ’ਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋਏ ਹਨ, ਦੀ ਨਿੰਦਾ ਕੀਤੀ ਹੈ।
ਪਾਕਿਸਤਾਨ ਆਧਾਰਤ ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਹਮਲੇ ’ਚ ਪੰਜ ਹੋਰ ਜਵਾਨ ਗੰਭੀਰ ਜ਼ਖ਼ਮੀ ਹੋਏ ਹਨ।
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾਹ ਸੈਂਡਰਜ਼ ਨੇ ਕਿਹਾ, ‘ਅਮਰੀਕਾ ਪਾਕਿਸਤਾਨ ਨੂੰ ਸੱਦਾ ਦਿੰਦਾ ਹੈ ਕਿ ਉਹ ਅਜਿਹੀਆਂ ਦਹਿਸ਼ਤੀ ਜਥੇਬੰਦੀਆਂ ਦੀ ਹਮਾਇਤ ਕਰਨੀ ਤੇ ਆਪਣੀ ਧਰਤੀ ’ਤੇ ਉਨ੍ਹਾਂ ਨੂੰ ਪਨਾਹ ਦੇਣੀ ਤੁਰੰਤ ਬੰਦ ਕਰੇ, ਜਿਨ੍ਹਾਂ ਦਾ ਮਕਸਦ ਇਸ ਖੇਤਰ ’ਚ ਹਿੰਸਾ, ਅਤਿਵਾਦ ਤੇ ਗੜਬੜੀ ਫੈਲਾਉਣਾ ਹੈ।’ ਉਨ੍ਹਾਂ ਕਿਹਾ ਕਿ ਇਹ ਹਮਲਾ ਅਤਿਵਾਦ ਖ਼ਿਲਾਫ਼ ਲੜਾਈ ’ਚ ਅਮਰੀਕਾ ਤੇ ਭਾਰਤ ਦੇ ਸਹਿਯੋਗ ਤੇ ਭਾਈਵਾਲੀ ਨੂੰ ਹੋਰ ਵਧਾਉਣ ਦੇ ਉਨ੍ਹਾਂ ਦੇ ਸੰਕਲਪ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਦੀ ਪ੍ਰੈੱਸ ਸਕੱਤਰ ਨੇ ਕਿਹਾ, ‘ਇਸ ਹਮਲੇ ’ਚ ਹੋਏ ਜਾਨੀ ਨੁਕਸਾਨ ਲਈ ਅਸੀਂ ਪੀੜਤਾਂ ਦੇ ਪਰਿਵਾਰਾਂ, ਭਾਰਤ ਸਰਕਾਰ ਤੇ ਭਾਰਤੀ ਲੋਕਾ ਪ੍ਰਤੀ ਹਮਦਰਦੀ ਜ਼ਾਹਿਰ ਕਰਦੇ ਹਾਂ।’ ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਉਹ ਅਤਿਵਾਦ ਦੇ ਹਰ ਰੂਪ ਨਾਲ ਮੁਕਾਬਲੇ ਲਈ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਰੌਬਰਟ ਪਾਲਾਡੀਨੋ ਨੇ ਕਿਹਾ, ‘ਅਮਰੀਕਾ ਭਾਰਤੀ ਸੂਬੇ ਜੰਮੂ ਕਸ਼ਮੀਰ ’ਚ ਭਾਰਤੀ ਕੇਂਦਰੀ ਰਿਜ਼ਰਵ ਪੁਲੀਸ ਫੋਰਸ ਦੇ ਕਾਫਲੇ ’ਤੇ ਕੀਤੇ ਗਏ ਅਤਿਵਾਦੀ ਹਮਲੇ ਦੀ ਨਿੰਦਾ ਕਰਦਾ ਹੈ। ਪਾਕਿਸਤਾਨ ਸਥਿਤ ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅਸੀਂ ਸਾਰੇ ਮੁਲਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਤਿਵਾਦੀਆਂ ਨੂੰ ਸੁਰੱਖਿਆ ਟਿਕਾਣੇ ਤੇ ਹਮਾਇਤ ਮੁਹੱਈਆ ਨਾ ਕਰਵਾਉਣ ਨਾਲ ਸਬੰਧਤ ਸੰਯੁਕਤ ਰਾਸ਼ਟਰ ਸੁਰੱਖਿਆ ਕਾਉਂਸਲ ਦੀਆਂ ਤਜਵੀਜ਼ਾਂ ਅਨੁਸਾਰ ਆਪਣੀ ਜ਼ਿੰਮੇਵਾਰੀ ਨਿਭਾਉਣ।’ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ 50 ਤੋਂ ਵੱਧ ਕਾਂਗਰਸ ਮੈਂਬਰਾਂ ਤੇ ਸੈਨੇਟਰਾਂ ਨੇ ਸੋਸ਼ਲ ਮੀਡੀਆ ’ਤੇ ਭਾਰਤ ਦੇ ਲੋਕਾਂ ਪ੍ਰਤੀ ਇੱਕਜੁੱਟਤਾ ਜ਼ਾਹਿਰ ਕੀਤੀ ਹੈ।

Facebook Comment
Project by : XtremeStudioz