Close
Menu

ਦਿਆਲ ਸਿੰਘ ਕੋਲਿਆਂਵਾਲੀ ਦੀ ਜ਼ਮਾਨਤ ਅਰਜ਼ੀ ਖ਼ਾਰਜ

-- 19 July,2018

ਐਸ.ਏ.ਐਸ. ਨਗਰ (ਮੁਹਾਲੀ), 19 ਜੁਲਾਈ
ਬਾਦਲ ਪਰਿਵਾਰ ਦੇ ਨਜ਼ਦੀਕੀ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ ਦੇ ਸਾਬਕਾ ਚੇਅਰਮੈਨ ਦਿਆਲ ਸਿੰਘ ਕੋਲਿਆਂਵਾਲੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਇੱਥੋਂ ਦੀ ਇਕ ਅਦਾਲਤ ਨੇ ਅੱਜ ਮੁਲਜ਼ਮ ਅਕਾਲੀ ਜਥੇਦਾਰ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਉਨ੍ਹਾਂ ਖ਼ਿਲਾਫ਼ ਇੱਥੇ ਵਿਜੀਲੈਂਸ ਥਾਣਾ ਵਿੱਚ 1 ਜੁਲਾਈ ਨੂੰ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਾਣਕਾਰ ਸੂਤਰਾਂ ਮੁਤਾਬਕ ਕੇਸ ਦਰਜ ਹੋਣ ਤੋਂ ਬਾਅਦ ਜਥੇਦਾਰ ਕੋਲਿਆਂਵਾਲੀ ਰੂਪੋਸ਼ ਹੋ ਗਏ ਹਨ।
ਹਾਲਾਂਕਿ ਵਿਜੀਲੈਂਸ ਵੱਲੋਂ ਕੋਲਿਆਂਵਾਲੀ ਦੀ ਪੈੜ ਨੱਪਣ ਲਈ ਵੱਖ-ਵੱਖ ਛਾਵਾਂ ’ਤੇ ਛਾਪੇ ਮਾਰੇ ਗਏ ਹਨ। ਪਰ ਮੁਲਜ਼ਮ ਦੇ ਟਿਕਾਣੇ ਬਾਰੇ ਕੋਈ ਸੁਰਾਗ਼ ਨਹੀਂ ਲਾਇਆ ਜਾ ਸਕਿਆ। ਇਸੇ ਦੌਰਾਨ ਮੁਲਜ਼ਮ ਕੋਲਿਆਂਵਾਲੀ ਵੱਲੋਂ ਆਪਣੇ ਵਕੀਲ ਰਾਹੀਂ ਮੁਹਾਲੀ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਖ਼ਲ ਕੀਤੀ ਗਈ ਸੀ, ਜਿਸ ਨੂੰ ਅਦਾਲਤ ਨੇ ਅੱਜ ਖ਼ਾਰਜ ਕਰ ਦਿੱਤਾ। ਵਿਜੀਲੈਂਸ ਜਾਂਚ ਦੌਰਾਨ ਕੋਲਿਆਂਵਾਲੀ ਵੱਲੋਂ ਆਮਦਨ ਦੇ ਜਾਣੂ ਵਸੀਲਿਆਂ ਤੋਂ ਪ੍ਰਾਪਤ ਕੁੱਲ ਆਮਦਨ ਨਾਲੋਂ 1.71 ਕਰੋੜ ਰੁਪਏ ਵੱਧ ਖ਼ਰਚੇ ਜਾਣਾ ਸਾਹਮਣੇ ਆਇਆ ਸੀ ਜੋ ਕਿ ਅਸਲ ਆਮਦਨ ਨਾਲੋਂ ਤਕਰੀਬਨ 71 ਫ਼ੀਸਦ ਵੱਧ ਬਣਦਾ ਹੈ।  ਇਸ ਤੋਂ ਇਲਾਵਾ ਉਨ੍ਹਾਂ ’ਤੇ ਅਹੁਦੇ ਦਾ ਰਸੂਖ਼ ਵਰਤ ਕੇ ਸਰਕਾਰੀ ਗੱਡੀਆਂ ਦੀ ਦੁਰਵਰਤੋਂ ਕਰਨ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਰਮਚਾਰੀਆਂ ਦੀਆਂ ਪਸੰਦੀਦਾ ਬਦਲੀਆਂ ਜਾਂ ਤਾਇਨਾਤੀਆਂ ਕਰਵਾ ਕੇ ਭਾਰੀ ਰਕਮਾਂ ਹਾਸਲ ਕਰਨ ਦਾ ਦੋਸ਼ ਵੀ ਹੈ। ਜਾਂਚ ਦੌਰਾਨ ਕੋਲਿਆਂਵਾਲੀ ਦੇ ਪੰਜਾਬ ਤੋਂ ਇਲਾਵਾ ਬਾਹਰਲੇ ਸੂਬਿਆਂ ਵਿੱਚ ਜਾਇਦਾਦਾਂ ਬਣਾਉਣ ਤੇ ਘਰੇਲੂ ਸਮਾਗਮਾਂ ਉੱਤੇ ਵੱਡੀ ਰਕਮ ਖ਼ਰਚਣ ਦਾ ਵੀ ਦੋਸ਼ ਹੈ।

Facebook Comment
Project by : XtremeStudioz