Close
Menu

ਦਿਲ ਟੁੱਟਿਐ, ਦੇਸ਼ ਨਹੀਂ: ਇਮਾਮ

-- 23 March,2019

ਕ੍ਰਾਈਸਟਚਰਚ, 23 ਮਾਰਚ
ਕ੍ਰਾਈਸਟਚਰਚ ਵਿੱਚ ਅਲ ਨੂਰ ਮਸਜਿਦ ਦੇ ਇਮਾਮ ਨੇ ਅੱਜ ਕਿਹਾ ਕਿ ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ ’ਤੇ ਹੋਏ ਖ਼ੌਫ਼ਨਾਕ ਹਮਲੇ ਨਾਲ ਮੁਲਕ ਦੇ ਲੋਕਾਂ ਦਾ ਦਿਲ ਭਾਵੇਂ ਟੁੱਟ ਗਿਆ ਹੈ, ਪਰ ਉਨ੍ਹਾਂ ਦੇ ਹੌਸਲਾ ਨਹੀਂ ਟੁੱਟਿਆ। ਅਲ ਨੂਰ ਸਮੇਤ ਦੋ ਮਸਜਿਦਾਂ ’ਤੇ ਹੋਏ ਹਮਲਿਆਂ ਦੇ ਪੀੜਤਾਂ ਪ੍ਰਤੀ ਇਕਜੁੱਟਤਾ ਵਿਖਾਉਣ ਲਈ ਅੱਜ ਨਮਾਜ਼ (ਅਜ਼ਾਨ) ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। ਮੁਲਕ ਦੇ ਲੋਕਾਂ ਨੇ ਵੱਡੇ ਤੜਕੇ ਡੇਢ ਵਜੇ ਟੀਵੀ ’ਤੇ ਅਜ਼ਾਨ ਦਾ ਸਿੱਧਾ ਪ੍ਰਸਾਰਣ ਵੇਖਿਆ। ਇਸ ਮਗਰੋਂ ਦੋ ਮਿੰਟ ਦਾ ਮੌਨ ਰੱਖਿਆ ਗਿਆ।
ਇਸ ਦੌਰਾਨ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਸਮੇਤ ਹਜ਼ਾਰਾਂ ਲੋਕ ਅਲ ਨੂਰ ਮਸਜਿਦ ਦੇ ਸਾਹਮਣੇ ਹੈਗਲੇ ਪਾਰਕ ਵਿੱਚ ਇਕੱਤਰ ਹੋਏ। ਮਸਜਿਦ ਦੇ ਇਮਾਮ ਗਮਲਾ ਫਾਉਦਾ ਨੇ ਨਿਊਜ਼ੀਲੈਂਡ ਦੇ ਲੋਕਾਂ ਵੱਲੋਂ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਮਾਮ ਨੇ ਕਿਹਾ, ‘ਇਹ ਦਹਿਸ਼ਤਗਰਦ ਆਪਣੀ ਮਾੜੀ ਵਿਚਾਰਧਾਰਾ ਦੇ ਸਿਰ ’ਤੇ ਸਾਡੇ ਮੁਲਕ ਨੂੰ ਤੋੜਨਾ ਚਾਹੁੰਦਾ ਸੀ।…ਪਰ ਅਸੀਂ ਇਹ ਵਿਖਾ ਦਿੱਤਾ ਕਿ ਨਿਊਜ਼ੀਲੈਂਡ ਨੂੰ ਤੋੜਿਆ ਨਹੀਂ ਜਾ ਸਕਦਾ।’ ਹੈਗਲੇ ਪਾਰਕ ਵਿੱਚ ਮੌਜੂਦ ਕਰੀਬ 20 ਹਜ਼ਾਰ ਲੋਕਾਂ ਦੀ ਭੀੜ ਵਿੱਚ ਇਮਾਮ ਨੇ ਕਿਹਾ, ‘ਸਾਡਾ ਦਿਲ ਟੁੱਟਿਆ ਹੈ, ਪਰ ਅਸੀਂ ਨਹੀਂ ਟੁੱਟੇ। ਅਸੀਂ ਜਿਊਂਦੇ ਹਾਂ ਤੇ ਇਕਜੁੱਟ ਹਾਂ। ਅਸੀਂ ਕਿਸੇ ਨੂੰ ਵੀ ਸਾਨੂੰ ਅੱਡ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ।’ ਅਰਡਰਨ ਨੇ ਕਿਹਾ, ‘ਨਿਊਜ਼ੀਲੈਂਡ ਸ਼ੋਕ ਦੀ ਇਸ ਘੜੀ ਵਿੱਚ ਤੁਹਾਡੇ ਨਾਲ ਹੈ।’

Facebook Comment
Project by : XtremeStudioz