Close
Menu

‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ’ਤੇ ਭਖ਼ੀ ਸਿਆਸਤ

-- 29 December,2018

ਨਵੀਂ ਦਿੱਲੀ, 29 ਦਸੰਬਰ
ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ’ਤੇ ਬਣੀ ਫ਼ਿਲਮ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਨੂੰ ਕਾਂਗਰਸ ਖ਼ਿਲਾਫ਼ ਭਾਜਪਾ ਦਾ ਭੰਡੀ ਪ੍ਰਚਾਰ ਕਰਾਰ ਦਿੱਤਾ ਹੈ। ਫ਼ਿਲਮ ਵਿੱਚ ਅਦਾਕਾਰ ਅਨੁਪਮ ਖੇਰ ਨੇ ਮਨਮੋਹਨ ਸਿੰਘ ਦੀ ਭੂਮਿਕਾ ਨਿਭਾਈ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਫ਼ਿਲਮ ਰਾਹੀਂ ਪਾਰਟੀ ਖ਼ਿਲਾਫ਼ ਕੀਤਾ ਜਾ ਰਿਹੈ ਕੂੜ ਪ੍ਰਚਾਰ ਕਿਸੇ ਕੰਮ ਨਹੀਂ ਆਉਣਾ ਤੇ ਸੱਚ ਜ਼ਰੂਰ ਸਾਹਮਣੇ ਆਏਗਾ। ਉਧਰ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਭਾਜਪਾ ਵੱਲੋਂ ‘ਫ਼ਿਲਮ ਦੀ ਸਫਲਤਾ ਬਾਬਤ ਦਿੱਤੀਆਂ ਸ਼ੁਭਕਾਮਨਾਵਾਂ’ ਲਈ ਆਪਣੀ ਪਾਰਟੀ ਦਾ ਬਚਾਅ ਕਰਦਿਆਂ ਕਾਂਗਰਸ ਨੂੰ ਸਵਾਲ ਕੀਤਾ ਹੈ ਕਿ ਜਿਹੜੀ ਪਾਰਟੀ ‘ਆਜ਼ਾਦੀ ਦਾ ਝੰਡਾਬਰਦਾਰ’ ਹੋਣ ਦਾ ਦਮ ਭਰਦੀ ਸੀ, ਅੱਜ ਉਹੀ ਆਪਣੀ ਗੱਲ ਕਹਿਣ ਦੀ ਆਜ਼ਾਦੀ ’ਤੇ ਸਵਾਲ ਉਠਾ ਰਹੀ ਹੈ। ‘ਦਿ ਐਕਸੀਡੈਂਟਲ…’ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਸੰਜੈ ਬਾਰੂ ਵੱਲੋਂ ਇਸੇ ਨਾਂ ਹੇਠ ਲਿਖੀ ਪੁਸਤਕ ’ਤੇ ਆਧਾਰਿਤ ਹੈ। ਫ਼ਿਲਮ ਦਾ ਟੀਜ਼ਰ ਬੀਤੇ ਦਿਨ ਮੁੰਬਈ ਵਿੱਚ ਰਿਲੀਜ਼ ਕੀਤਾ ਗਿਆ ਸੀ। ਫ਼ਿਲਮ ਵਿੱਚ ਦਰਸਾਇਆ ਗਿਆ ਹੈ ਕਿ ਕਿਵੇਂ ਸਾਬਕਾ ਪ੍ਰਧਾਨ ਮੰਤਰੀ ਨੂੰ ਸਾਲ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਅੰਦਰੂਨੀ ਸਿਆਸਤ ਦਾ ਸ਼ਿਕਾਰ ਬਣਾਇਆ ਗਿਆ।
ਕਾਂਗਰਸ ਤਰਜਮਾਨ ਰਣਦੀਪ ਸੂਰਜੇਵਾਲਾ ਨੇ ਟਵੀਟ ਕੀਤਾ, ‘‘ ‘ਭਾਜਪਾ ਵੱਲੋਂ ਕੀਤਾ ਜਾ ਰਿਹੈ ਝੂਠਾ ਪ੍ਰਚਾਰ’ ਪਾਰਟੀ ਨੂੰ ਗ੍ਰਾਮੀਣ ਸਮੱਸਿਆਵਾਂ, ਬੇਰੁਜ਼ਗਾਰੀ, ਨੋਟਬੰਦੀ ਦੀ ਆਫ਼ਤ, ਬੇਲਗਾਮ ਜੀਐਸਟੀ, ਨਾਕਾਮ ਮੋਦੀਚਾਰਾ ਤੇ ਭ੍ਰਿਸ਼ਟਾਚਾਰ’ ਜਿਹੇ ਮੁੱਦਿਆਂ ’ਤੇ ਸਵਾਲ ਪੁੱਛਣ ਤੋਂ ਨਹੀਂ ਰੋਕ ਸਕਦਾ। ਉਧਰ ਕਾਂਗਰਸ ਦੇ ਸਦਰਮੁਕਾਮ ’ਤੇ ਪਾਰਟੀ ਦੇ ਸਥਾਪਨਾ ਦਿਵਸ ਸਮਾਗਮਾਂ ’ਚ ਸ਼ਿਰਕਤ ਲਈ ਆਏ ਸਾਬਕਾ ਪ੍ਰਧਾਨ ਮੰਤਰੀ ਫ਼ਿਲਮ ਸਬੰਧੀ ਪੁੱਛੇ ਸਵਾਲ ਦਾ ਕੋਈ ਜਵਾਬ ਦਿੱਤੇ ਬਿਨਾਂ ਉਥੋਂ ਲੰਘ ਗਏ।
ਕਾਂਗਰਸੀ ਆਗੂ ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਕਾਂਗਰਸ ਤੇ ਉਹਦੇ ਆਗੂਆਂ ਖ਼ਿਲਾਫ਼ ਕੀਤਾ ਜਾ ਰਿਹੈ ਪ੍ਰਚਾਰ ਕਿਸੇ ਕੰਮ ਨਹੀਂ ਆਉਣਾ ਤੇ ਸੱਚ ਜ਼ਰੂਰ ਬਾਹਰ ਆਏਗਾ। ਉਨ੍ਹਾਂ ਕਿਹਾ, ‘ਇਹ ਸਭ ਭਾਜਪਾ ਦਾ ਕੀਤਾ ਕਰਾਇਆ ਹੈ। ਉਨ੍ਹਾਂ ਨੂੰ ਪਤਾ ਹੈ ਕਿ ਪੰਜ ਸਾਲ ਪੂਰੇ ਹੋਣ ਵਾਲੇ ਹਨ ਤੇ ਇਹ ਲੋਕਾਂ ਨੂੰ ਜਵਾਬ ਦੇਣ ਦਾ ਸਮਾਂ ਹੈ। ਉਹ ਹੁਣ ਧਿਆਨ ਭਟਕਾਉਣ ਲਈ ਅਜਿਹੇ ਮੁੱਦੇ ਚੁੱਕ ਰਹੇ ਹਨ।’ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲ੍ਹਾ ਨੇ ਟਵੀਟ ਕਰਦਿਆਂ ਕਿਹਾ, ‘ਮੈਨੂੰ ਉਸ ਦਿਨ ਦੀ ਬੇਸਬਰੀ ਨਾਲ ਉਡੀਕ ਰਹੇਗੀ ਜਦੋਂ ਉਹ ‘ਦਿ ਇਨਸੈਂਸੀਬਲ ਪ੍ਰਾਈਮ ਮਨਿਸਟਰ’ (ਅਸੰਵੇਦਨਹੀਣ ਪ੍ਰਧਾਨ ਮੰਤਰੀ) ਫਿਲਮ ਬਣਾਉਣਗੇ।’ ਵਿਜੈ ਰਤਨਾਕਰ ਗੁੱਟੇ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਅਨੁਪਮ ਖੇਰ ਜਿੱਥੇ ਮੁੱਖ ਭੂਮਿਕਾ ਵਿੱਚ ਹੈ, ਉਥੇ ਅਕਸ਼ੈ ਖੰਨਾ ‘ਸੰਜੈ ਬਾਰੂ’ ਦੇ ਕਿਰਦਾਰ ਵਿੱਚ ਨਜ਼ਰ ਆਏਗਾ। ਕਾਂਗਰਸ ਦੀ ਅਗਵਾਈ ਵਾਲੀ ਮੱਧ ਪ੍ਰਦੇਸ਼ ਸਰਕਾਰ ਨੇ ਅੱਜ ਕਿਹਾ ਕਿ ਉਸ ਨੇ ਫ਼ਿਲਮ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਦੀ ਰਿਲੀਜ਼ ’ਤੇ ਕੋਈ ਪਾਬੰਦੀ ਨਹੀਂ ਲਾਈ ਹੈ।

Facebook Comment
Project by : XtremeStudioz