Close
Menu

ਦੂਹਰਾ ਕਤਲ ਕੇਸ: ਸਾਬਕਾ ਕੌਂਸਲਰ ਸਣੇ ਦੋ ਨੂੰ ਕਲੀਨ ਚਿੱਟ ਮਿਲਣ ਤੋਂ ਪੀੜਤ ਖ਼ਫ਼ਾ

-- 24 September,2018

ਸੰਗਰੂਰ, ਕਰੀਬ ਤਿੰਨ ਹਫ਼ਤੇ ਪਹਿਲਾਂ ਅਕਾਲੀ ਸਮਰਥਕ ਅਤੇ ਫਾਇਨਾਂਸਰ ਚਰਨਜੀਤ ਗਰਗ ਤੇ ਉਸ ਦੀ ਪਤਨੀ ਪੂਜਾ ਗਰਗ ਦੇ ਕਤਲ ਕੇਸ ਵਿੱਚ ਨਾਮਜ਼ਦ ਸਾਬਕਾ ਕਾਂਗਰਸੀ ਕੌਂਸਲਰ ਸਣੇ ਦੋ ਜਣਿਆਂ ਨੂੰ ਪੁਲੀਸ ਵੱਲੋਂ ਕਲੀਨ ਚਿੱਟ ਦੇਣ ਵਿੱਚ ਦਿਖਾਈ ਕਾਹਲੀ ਤੋਂ ਪੀੜਤ ਪਰਿਵਾਰ ਹੈਰਾਨ ਤੇ ਖ਼ਫ਼ਾ ਹੈ। ਕੇਸ ਵਿੱਚ ਨਾਮਜ਼ਦ ਚਾਰ ਜਣਿਆਂ ਵਿੱਚੋਂ ਦੋ ਨੂੰ ਪੁਲੀਸ ਨੇ ਕਲੀਨ ਚਿੱਟ ਦੇ ਦਿੱਤੀ ਹੈ ਤੇ ਤੀਜੇ ਦੀ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪਰਿਵਾਰ ਨੇ ਸੰਗਰੂਰ ਪੁਲੀਸ ਦੀ ਭੂਮਿਕਾ ’ਤੇ ਉਂਗਲ ਉਠਾਉਂਦਿਆਂ ਕੇਸ ਦੀ ਜਾਂਚ ’ਤੇ ਅਸੰਤੁਸ਼ਟੀ ਜ਼ਾਹਰ ਕੀਤੀ ਹੈ ਅਤੇ ਪੰਜਾਬ ਸਰਕਾਰ ਤੋਂ ਦੂਹਰੇ ਕਤਲ ਕਾਂਡ ਦੀ ਸੀਬੀਆਈ ਜਾਂ ਸਿਟਿੰਗ ਜੱਜ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ।
ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਮ੍ਰਿਤਕ ਦੇ ਭਰਾ ਕਰਮਜੀਤ ਉਰਫ਼ ਰਵੀ ਗਰਗ, ਮਾਤਾ ਕ੍ਰਿਸ਼ਨਾ ਦੇਵੀ ਤੇ ਭੈਣ ਸੁਨੀਤਾ ਰਾਣੀ ਨੇ ਪੁਲੀਸ ਦੀ ਭੂਮਿਕਾ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਕੇਸ ਵਿੱਚ ਨਾਮਜ਼ਦ ਚਾਰ ਜਣਿਆਂ ’ਚੋਂ ਅਜੇ ਤੱਕ ਇੱਕ ਦੀ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਉਸ ਕੋਲੋਂ ਪੁੱਛ-ਪੜਤਾਲ ਹੋਣੀ ਬਾਕੀ ਹੈ, ਪਰ ਉਸ ਤੋਂ ਪਹਿਲਾਂ ਹੀ ਪੁਲੀਸ ਨੇ ਸਾਬਕਾ ਕਾਂਗਰਸੀ ਕੌਂਸਲਰ ਅਨੁਪਮ ਪੌਂਪੀ ਅਤੇ ਪ੍ਰਦੀਪ ਕੁਮਾਰ ਨੂੰ ਕਲੀਨ ਚਿੱਟ ਦੇ ਦਿੱਤੀ। ਉਨ੍ਹਾਂ ਸਵਾਲ ਕੀਤਾ ਕਿ ਪੁਲੀਸ ਵੱਲੋਂ ਕਲੀਨ ਚਿੱਟ ਦੇਣ ਵਿੱਚ ਕੀਤੀ ਕਾਹਲੀ ਪਿੱਛੇ ਕੀ ਮਜਬੂਰੀ ਸੀ ? ਪਰਿਵਾਰ ਨੇ ਦੋਸ਼ ਲਾਇਆ ਕਿ ਸਿਆਸੀ ਦਬਾਅ ਹੇਠ ਪੁਲੀਸ ਨੇ ਅਜਿਹਾ ਕੀਤਾ ਹੈ। ਮ੍ਰਿਤਕ ਦੀ ਮਾਤਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਦੋ ਕਤਲ ਹੋਏ ਹਨ ਅਤੇ ਦੋ ਛੋਟੇ ਬੱਚੇ ਅਨਾਥ ਹੋਏ ਹਨ। ਉਹ ਇਨ੍ਹਾਂ ਬੱਚਿਆਂ ਸਮੇਤ ਕੁਝ ਦਿਨ ਪਹਿਲਾਂ ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ ਨੂੰ ਮਿਲੀ ਸੀ ਅਤੇ ਕੇਸ ਵਿੱਚ ਲੋੜੀਂਦੇ ਚੌਥੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਸੀ, ਪਰ ਗ੍ਰਿਫ਼ਤਾਰੀ ਤਾਂ ਕੀ ਕਰਨੀ ਸੀ, ਸਗੋਂ ਕਾਬੂ ਕੀਤੇ ਦੋ ਜਣਿਆਂ ਨੂੰ ਵੀ ਪੁਲੀਸ ਨੇ ਕਲੀਨ ਚਿੱਟ ਦੇ ਕੇ ਰਿਹਾਅ ਕਰਵਾ ਦਿੱਤਾ। ਪੀੜਤ ਪਰਿਵਾਰ ਨੇ ਕਿਹਾ ਕਿ ਦੂਹਰਾ ਕਤਲ ਬਗ਼ੈਰ ਸਾਜ਼ਿਸ਼ ਤੋਂ ਨਹੀਂ ਹੋ ਸਕਦਾ, ਜਿਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।
ਡੀਐੱਸਪੀ ਸਤਪਾਲ ਸ਼ਰਮਾ ਨੇ ਦੋਸ਼ ਨਕਾਰਦਿਆਂ ਕਿਹਾ ਕਿ ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ। ਜਾਂਚ ਟੀਮ ਵੱਲੋਂ ਪੜਤਾਲ ਕਰਕੇ ਆਪਣੀ ਰਿਪੋਰਟ ਅਦਾਲਤ ਵਿੱਚ ਦਾਖ਼ਲ ਕੀਤੀ ਗਈ ਸੀ, ਜਿਸ ਨੂੰ ਪ੍ਰਵਾਨ ਕਰਦਿਆਂ ਦੋ ਜਣਿਆਂ ਨੂੰ ਛੱਡ ਦਿੱਤਾ ਹੈ।

Facebook Comment
Project by : XtremeStudioz