Close
Menu

ਦੱਖਣੀ ਅਫਰੀਕਾ ਨੇ ਪਾਕਿਸਤਾਨ ਨੂੰ ਛੇ ਵਿਕਟਾਂ ਨਾਲ ਹਰਾਇਆ

-- 29 December,2018

ਸੈਂਚੁਰੀਅਨ, 29 ਦਸੰਬਰ
ਦੱਖਣੀ ਅਫਰੀਕਾ ਨੇ ਅੱਜ ਇੱਥੇ ਸੁਪਰਸਪੋਰਟ ਪਾਰਕ ਵਿੱਚ ਪਹਿਲੇ ਟੈਸਟ ਮੈਚ ਵਿੱਚ ਤਿੰਨ ਦਿਨ ਦੇ ਅੰਦਰ ਪਾਕਿਸਤਾਨ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਡੀਨ ਐਲਗਰ ਅਤੇ ਹਾਸ਼ਿਮ ਅਮਲਾ ਨੇ ਦੂਜੀ ਵਿਕਟ ਲਈ 119 ਦੌੜਾਂ ਦੀ ਸਾਂਝੇਦਾਰੀ ਨਿਭਾਈ। ਗੇਂਦਬਾਜ਼ ਸ਼ਾਨ ਮਸੂਦ ਨੇ ਐਲਗਰ ਨੂੰ ਆਊਟ ਕਰਕੇ ਇਹ ਸਾਂਝੇਦਾਰੀ ਤੋੜੀ, ਜੋ 50 ਦੌੜਾਂ ਬਣਾਉਣ ਮਗਰੋਂ ਆਊਟ ਹੋਇਆ। ਅਮਲਾ 63 ਦੌੜਾਂ ਬਣਾ ਕੇ ਨਾਬਾਦ ਰਿਹਾ। ਦੱਖਣੀ ਅਫਰੀਕਾ ਨੂੰ ਜਿੱਤ ਲਈ 149 ਦੌੜਾਂ ਦੀ ਟੀਚਾ ਮਿਲਿਆ, ਉਸ ਨੇ ਤੀਜੇ ਦਿਨ ਚਾਹ ਤੋਂ ਪਹਿਲਾਂ ਚਾਰ ਵਿਕਟਾਂ ’ਤੇ 151 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ।
ਦੱਖਣੀ ਅਫਰੀਕਾ ਦਾ ਤੇਜ਼ ਗੇਂਦਬਾਜ਼ ਡੁਆਨੇ ਓਲੀਵਰ ‘ਮੈਨ ਆਫ ਦਿ ਮੈਚ’ ਰਿਹਾ, ਜਿਸ ਨੇ ਮੈਚ ਵਿੱਚ 96 ਦੌੜਾਂ ਦੇ ਕੇ 11 ਵਿਕਟਾਂ ਲਈਆਂ। ਪਾਕਿਸਤਾਨ ਨੇ ਦੋਵਾਂ ਪਾਰੀਆਂ ਵਿੱਚ 181 ਅਤੇ 190 ਦੌੜਾਂ ਬਣਾਈਆਂ ਸਨ। ਦੱਖਣੀ ਅਫਰੀਕਾ ਦੀ ਟੀਮ ਪਹਿਲੀ ਪਾਰੀ ਵਿੱਚ 223 ਦੌੜਾਂ ’ਤੇ ਢੇਰ ਹੋ ਗਈ ਸੀ। ਇਸ ਮੈਚ ਦੌਰਾਨ ਕੁੱਲ 16 ਵਿੱਚੋਂ ਦੋ ਘਟਨਾਵਾਂ ਅਹਿਮ ਰਹੀਆਂ, ਜਿਸ ਕਾਰਨ ਮੈਚ ਦਾ ਪਾਸਾ ਪਲਟ ਸਕਦਾ ਸੀ। ਅਮਲਾ ਜਦੋਂ ਅੱਠ ਦੌੜਾਂ ’ਤੇ ਸੀ, ਉਦੋਂ ਫ਼ਖ਼ਰ ਜ਼ਮਾਨ ਨੇ ਉਸ ਦਾ ਕੈਚ ਛੱਡ ਦਿੱਤਾ ਸੀ, ਜਦੋਂਕਿ ਇਹ ਗੇਂਦ ਫੀਲਡਰ ਦੇ ਮੋਢਿਆਂ ਤੱਕ ਗਈ ਸੀ।
ਅਗਲੇ ਓਵਰ ਵਿੱਚ ਐਲਗਰ ਨੇ ਸ਼ਾਹੀਨ ਸ਼ਾਹ ਅਫਰੀਦੀ ਦੀ ਗੇਂਦ ’ਤੇ ਬੱਲਾ ਮਾਰਿਆ ਅਤੇ ਪਹਿਲੀ ਸਲਿੱਪ ਵਿੱਚ ਖੜ੍ਹੇ ਅਜ਼ਹਰ ਅਲੀ ਨੂੰ ਛਾਲ ਮਾਰ ਕੇ ਕੈਚ ਲੈਂਦਾ ਵਿਖਾਇਆ ਗਿਆ। ਮੈਦਾਨੀ ਅੰਪਾਇਰ ਬਰੂਸ ਓਕਸੇਨਫੋਰਡ ਅਤੇ ਸੁੰਦਰਮ ਰਵੀ ਨੇ ਇਸ ਫ਼ੈਸਲੇ ਨੂੰ ਟੀਵੀ ਅੰਪਾਇਰ ਜੋਏਲ ਵਿਲਸਨ ਨੂੰ ਰੈਫਰ ਕੀਤਾ। ਉਸ ਨੇ ਇਸ ਨੂੰ ਕੈਚ ਸਮਝਦਿਆਂ ਸਾਫ਼ ਇਸ਼ਾਰਾ ਕੀਤਾ ਸੀ। ਇਸ ਨੂੰ ਹੋਰ ਨੇੜਿਓਂ ਵੇਖਣ ਮਗਰੋਂ ਵਿਲਸਨ ਨੇ ਕਿਹਾ ਕਿ ਗੇਂਦ ਬਾਉਂਸ ਹੋਈ ਸੀ ਅਤੇ ਐਲਗਰ ਆਊਟ ਹੋਣ ਤੋਂ ਬਚ ਗਿਆ। ਇਸ ਫ਼ੈਸਲੇ ਤੋਂ ਪਾਕਿਸਤਾਨੀ ਖਿਡਾਰੀ ਅਤੇ ਕੋਚ ਮਿੱਕੀ ਆਰਥਰ ਕਾਫੀ ਨਾਰਾਜ਼ ਹੋ ਗਏ। ਦੂਜਾ ਟੈਸਟ ਮੈਚ ਤਿੰਨ ਜਨਵਰੀ ਤੋਂ ਕੇਪਟਾਊਨ ਵਿੱਚ ਸ਼ੁਰੂ ਹੋਵੇਗਾ।

Facebook Comment
Project by : XtremeStudioz