Close
Menu

ਧਮਕੀਆਂ ਦੇ ਬਾਵਜੂਦ ਕੈਪਟਨ ਵੱਲੋਂ ਆਪਣਾ ਸੁਰੱਖਿਆ ਘੇਰਾ ਵਧਾਉਣੋਂ ਇਨਕਾਰ

-- 26 May,2017

ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਫ਼ੀਆ ਰਿਪੋਰਟਾਂ ਅਤੇ ਧਮਕੀਆਂ ਦੇ ਮੱਦੇਨਜ਼ਰ ਆਪਣੀ ਸੁਰੱਖਿਆ ਵਧਾਉਣ ਤੋਂ ਸਪੱਸ਼ਟ ਇਨਕਾਰ ਕਰਦੇ ਹੋਏ ਖਾਲਿਸਤਾਨੀ ਪੱਖੀ ਕੈਨੇਡੀਅਨਾਂ ਨੂੰ ਪੰਜਾਬ ਆਉਣ ਅਤੇ ਸਰਕਾਰ ਦਾ ਸਾਹਮਣਾ ਕਰਨ ਦੀ ਚੁਣੌਤੀ ਦਿੱਤੀ ਹੈ। ਖਾਲਿਸਤਾਨ ਪੱਖੀ ਤੱਤਾਂ ਵੱਲੋਂ ਉਨ੍ਹਾਂ ਨੂੰ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਵੀਡੀਓ ਰਾਹੀਂ ਦਿੱਤੀਆਂ ਧਮਕੀਆਂ ਬਾਰੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹ ਅਜਿਹੀਆਂ ਕਾਰਵਾਈਆਂ ਤੋਂ ਡਰਨ ਵਾਲੇ ਨਹੀਂ ਅਤੇ ਸੂਬੇ ਦੇ ਲੋਕਾਂ ਦੀ   ਸੁਰੱਖਿਆ ਲਈ ਉਹ ਅਜਿਹੀਆਂ ਸ਼ਕਤੀਆਂ ਦਾ ਟਾਕਰਾ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਇਹ ਤੱਤ ਪੰਜਾਬ ਵਿੱਚ ਸਖ਼ਤ ਜਦੋਜਹਿਦ ਨਾਲ ਲਿਆਂਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਨ੍ਹਾਂ ਦੇ ਘਿਨਾਉਣੇ ਕਾਰਿਆਂ ਨੂੰ ਅਸਫ਼ਲ ਕਰਨ ਲਈ ਉਹ ਹਰ ਕਦਮ ਚੁੱਕਣਗੇ। ਉਨ੍ਹਾਂ ਕਿਹਾ ਕਿ ‘‘ਜੇ ਉਨ੍ਹਾਂ ਵਿੱਚ ਜੁਅੱਰਤ ਹੈ ਤਾਂ ਉਹ ਪੰਜਾਬ ਆਉਣ ਅਤੇ ਮੇਰੀ ਸਰਕਾਰ ਇਹ ਯਕੀਨੀ ਬਣਾਉਣ ਲਈ ਢੁਕਵੇਂ ਕਦਮ ਚੁੱਕੇਗੀ ਕਿ ਧਮਕੀਆਂ ਦੇਣ ਅਤੇ ਸੂਬੇ ਵਿੱਚ ਅਤਿਵਾਦ ਸੁਰਜੀਤ ਕਰਨ ਦੇ ਨਾਪਾਕ ਇਰਾਦੇ ਰੱਖਣ ਵਾਲਿਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇ।’’
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਅਜਿਹੇ ਲੋਕਾਂ ਦੀਆਂ ਧਮਕੀਆਂ ਤੋਂ ਡਰਨ ਵਾਲੀ ਨਹੀਂ, ਜਿਨ੍ਹਾਂ ਵਿੱਚ ਪੰਜਾਬ ਆ ਕੇ ਉਨ੍ਹਾਂ ਦਾ ਸਾਹਮਣਾ ਕਰਨ ਦੀ ਵੀ ਹਿੰਮਤ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ ’ਤੇ ਸ਼ਾਂਤਮਈ ਮਾਹੌਲ ਵਿੱਚ ਵਿਘਨ ਨਹੀਂ ਪੈਣ ਦਿੱਤਾ ਜਾਵੇਗਾ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਖਾਲਿਸਤਾਨੀ ਪੱਖੀਆਂ ਵੱਲੋਂ ਕੈਪਟਨ ਅਮਰਿੰਦਰ  ਸਿੰਘ ਨੂੰ ਹਾਲ ਹੀ ਵਿੱਚ ਦਿੱਤੀਆਂ ਧਮਕੀਆਂ  ਕਾਰਨ ਉਹ ਹੋਰ ਸੁਰੱਖਿਆ ਨਹੀਂ ਲੈ ਰਹੇ।

Facebook Comment
Project by : XtremeStudioz