Close
Menu

ਨਵੀਂ ਸੋਚ

-- 10 April,2016

ਰੋਜ਼ ਵਾਂਗ ਲੱਕੜਹਾਰਾ ਦਰਿਆ ਕੰਢੇ ਲੱਕੜਾਂ ਵੱਢ ਰਿਹਾ ਸੀ। ਅਚਾਨਕ ਉਸ ਦਾ ਕੁਹਾੜਾ ਦਰਿਆ ਦੇ ਡੂੰਘੇ ਪਾਣੀ ਵਿੱਚ ਡਿੱਗ ਪਿਆ। ਉਹ ਦਰਿਆ ਕੰਢੇ ਉਦਾਸ ਬੈਠਾ ਸੀ। ਅਚਾਨਕ ਦਰਿਆ ਦੇ ਪਾਣੀ ਵਿੱਚ ਹਲਚਲ ਹੋਈ ਤੇ ਇੱਕ ਜਲਪਰੀ ਪ੍ਰਗਟ ਹੋ ਗਈ। ਲੱਕੜਹਾਰੇ  ਨੇ ਜਲਪਰੀ ਨੂੰ  ਪਛਾਣ ਲਿਆ।
‘‘ਤੂੰ ਉਦਾਸ ਕਿਉਂ ਬੈਠਾ ਏਂ?’’ ਜਲਪਰੀ ਨੇ ਲੱਕੜਹਾਰੇ ਤੋਂ ਪੁੱਛਿਆ। ‘‘ਜਲਪਰੀ ਅੱਜ ਫਿਰ ਮੇਰਾ ਕੁਹਾੜਾ ਦਰਿਆ ਵਿੱਚ ਡਿੱਗ ਪਿਆ। ਕਿਰਪਾ ਕਰਕੇ ਮੇਰੀ ਸਹਾਇਤਾ ਕਰੋ। ਮੇਰਾ ਕੁਹਾੜਾ ਲੱਭ ਦਿਓ।’’ ਲੱਕੜਹਾਰੇ ਨੇ ਤਰਲਾ ਕੀਤਾ। ‘‘ਤੂੰ ਉਦਾਸ ਨਾ ਹੋ, ਮੈਂ ਹੁਣੇ ਤੇਰਾ ਕੁਹਾੜਾ ਲੈ ਕੇ ਆਈ।’’ ਇੰਨਾ ਆਖ ਜਲਪਰੀ ਨੇ ਪਾਣੀ ਵਿੱਚ ਡੁਬਕੀ ਮਾਰੀ ਤੇ ਜਦੋਂ ਉਹ ਬਾਹਰ ਆਈ ਤਾਂ ਉਸ ਦੇ ਹੱਥ ਵਿੱਚ ਸੋਨੇ ਦਾ  ਕੁਹਾੜਾ ਸੀ।
‘‘ਮੈਂ ਜਾਣਦੀ ਹਾਂ, ਇਹ ਸੋਨੇ ਦਾ ਕੁਹਾੜਾ ਤੇਰਾ ਨਹੀਂ। ਮੈਨੂੰ ਪਤਾ, ਤੂੰ ਬੜਾ ਈਮਾਨਦਾਰ ਏਂ ਤੇ ਝੂਠ ਨਹੀਂ ਬੋਲੇਂਗਾ।’’ ਜਲਪਰੀ ਮੁਸਕਰਾਈ। ਜਲਪਰੀ ਨੇ ਫਿਰ ਪਾਣੀ ਵਿੱਚ ਡੁਬਕੀ ਮਾਰੀ। ਇਸ ਵਾਰ ਉਸ ਦੇ ਹੱਥ ਵਿੱਚ ਚਾਂਦੀ  ਦਾ ਕੁਹਾੜਾ ਸੀ।
‘‘ਮੈਂ ਜਾਣਦੀ ਹਾਂ, ਇਹ ਕੁਹਾੜਾ ਵੀ ਤੇਰਾ ਨਹੀਂ।’’
‘‘ਹਾਂ ਜਲਪਰੀ, ਇਹ ਦੋਵੇਂ ਕੁਹਾੜੇ ਮੇਰੇ ਨਹੀਂ।’’ ਲੱਕੜਹਾਰਾ ਹੱਥ ਜੋੜ ਕੇ ਬੋਲਿਆ। ਹੁਣ ਤੀਜੀ ਵਾਰ ਜਲਪਰੀ ਪਾਣੀ ਅੰਦਰ ਗਈ। ਇਸ ਵਾਰ ਲੱਕੜਹਾਰੇ ਨੂੰ ਵਿਸ਼ਵਾਸ ਸੀ ਕਿ ਜਲਪਰੀ ਉਸ ਦਾ ਕੁਹਾੜਾ ਲੈ ਆਵੇਗੀ। ਜਲਪਰੀ ਪਾਣੀ ਤੋਂ ਬਾਹਰ ਆਈ। ਇਸ ਵਾਰ ਉਸ ਦੇ ਹੱਥ ਵਿੱਚ ਲੱਕੜਹਾਰੇ ਦਾ ਲੋਹੇ ਦਾ ਕੁਹਾੜਾ ਸੀ। ‘‘ਹਾਂ, ਇਹ ਲੋਹੇ ਵਾਲਾ ਕੁਹਾੜਾ ਮੇਰਾ ਹੈ।’’ ਲੱਕੜਹਾਰਾ ਖ਼ੁਸ਼ ਹੋ ਗਿਆ।
‘‘ਪਰ ਇਸ ਵਾਰ ਤੈਨੂੰ ਇਹ ਕੁਹਾੜਾ ਨਹੀਂ ਮਿਲਣਾ।’’ ਜਲਪਰੀ ਬੋਲੀ।
ਲੱਕੜਹਾਰਾ ਹੈਰਾਨ ਹੋ ਗਿਆ। ‘‘ਜਲਪਰੀ, ਇਹ ਕੁਹਾੜਾ ਮੇਰੀ ਰੋਜ਼ੀ-ਰੋਟੀ ਦਾ ਸਾਧਨ ਹੈ। ਮੈਂ ਲੱਕੜਾਂ ਵੱਢ ਕੇ ਹੀ ਆਪਣੇ ਪਰਿਵਾਰ ਦਾ ਪੇਟ ਭਰਦਾ ਹਾਂ।’’ ਲੱਕੜਹਾਰੇ ਨੇ ਤਰਲਾ ਕੀਤਾ।
‘‘ਤੂੰ ਇਸ ਕੁਹਾੜੇ ਨਾਲ ਸਾਰਾ ਜੰਗਲ ਹੀ ਵੱਢ ਸੁੱਟਿਆ। ਇੱਥੇ ਚਾਰੇ-ਪਾਸੇ ਹਰਿਆਲੀ ਸੀ। ਰੁੱਖਾਂ ਕਾਰਨ ਸਾਫ਼ ਤੇ ਸ਼ੁੱਧ ਹਵਾ ਵਗਦੀ ਸੀ। ਤੂੰ ਆਪਣੇ ਸੁਆਰਥ ਕਾਰਨ ਇੱਥੇ ਉਜਾੜਾ ਪਾ ਦਿੱਤਾ।  ਤੇਰੀ ਮੂਰਖਤਾ ਕਾਰਨ ਸਾਰੇ ਰੁੱਖ ਖ਼ਤਮ ਹੋ ਗਏ। ਤੇਰੀ ਕਟਾਈ ਕਾਰਨ ਪੰਛੀ ਇੱਥੋਂ ਦੂਰ ਚਲੇ ਗਏ।’’ ਇੰਨਾ ਆਖ ਜਲਪਰੀ ਚੁੱਪ ਕਰ ਗਈ।
‘‘ਇਸ ਉਜਾੜੇ ਲਈ ਕੀ ਮੈਂ ਹੀ ਦੋਸ਼ੀ ਹਾਂ?’’ ਲੱਕੜਹਾਰੇ ਨੇ ਹੱਥ ਜੋੜ  ਪੁੱਛਿਆ। ‘‘ਹਾਂ, ਤੂੰ ਹੀ  ਦੋਸ਼ੀ ਏਂ। ਰੁੱਖ ਸਾਨੂੰ ਫੁੱਲ ਤੇ ਫਲ ਦਿੰਦੇ ਹਨ। ਰੁੱਖਾਂ ਤੋਂ ਕਈ ਪ੍ਰਕਾਰ ਦੀਆਂ ਦਵਾਈਆਂ ਬਣਦੀਆਂ ਹਨ। ਰੁੱਖਾਂ ਕਾਰਨ ਹੀ ਬਰਸਾਤ ਆਉਂਦੀ ਤੇ ਰੁੱਤਾਂ ਬਦਲਦੀਆਂ ਹਨ। ਤੂੰ ਸਿਰਫ਼ ਰੁੱਖਾਂ ਨੂੰ ਬਾਲਣ ਹੀ ਸਮਝਦਾ ਏਂ। ਤੇਰੀ ਇਸ ਸੋਚ ਕਾਰਨ ਕਿੰਨਾ ਨੁਕਸਾਨ ਹੋਇਆ, ਤੈਨੂੰ ਪਤਾ ਹੈ? ਪੰਛੀਆਂ ਦੇ ਆਲ੍ਹਣੇ ਖ਼ਤਮ ਹੋ ਗਏ। ਪੰਛੀਆਂ ਦੇ ਮਿੱਠੇ ਬੋਲਾਂ ਕਾਰਨ ਵਾਤਾਵਰਣ ਵਿੱਚ ਸੰਗੀਤ ਗੂੰਜਦਾ ਸੀ। ਸ਼ਹਿਰਾਂ ਦੀ ਆਬਾਦੀ ਵਧ ਗਈ ਹੈ। ਮਿੱਲਾਂ, ਕਾਰਖਾਨਿਆਂ ਦੀਆਂ ਗੈਸਾਂ ਨੇ ਵਾਤਾਵਰਣ ਦੂਸ਼ਿਤ  ਕਰ ਦਿੱਤਾ ਹੈ। ਸਿਰਫ਼ ਰੁੱਖ ਹੀ ਸਨ ਜੋ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਂਦੇ ਸਨ। ਇਨ੍ਹਾਂ ਦੀ ਗਿਣਤੀ ਘਟਣ ਕਾਰਨ ਅੱਜ ਪ੍ਰਦੂਸ਼ਣ ਬੇਹੱਦ ਵਧ ਗਿਆ ਹੈ।’’ ਜਲਪਰੀ ਨੇ ਕਿਹਾ।
‘‘ਜਲਪਰੀ, ਇਨ੍ਹਾਂ ਸਾਰੀਆਂ ਗੱਲਾਂ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ। ਹੁਣ ਮੈਂ ਕੀ ਕਰਾਂ? ਜੇ ਲੱਕੜਾਂ ਨਹੀਂ ਕੱਟਾਂਗਾ ਤਾਂ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ।’’ ਲੱਕੜਹਾਰੇ ਤੋਂ ਬੋਲਿਆ ਨਹੀਂ ਸੀ ਜਾ ਰਿਹਾ।
ਜਲਪਰੀ ਨੇ ਕਿਹਾ,‘‘ਕੁਝ ਵੀ ਹੋਵੇ, ਇਸ ਵਾਰ ਮੈਂ ਤੈਨੂੰ ਲੋਹੇ ਦਾ ਕੁਹਾੜਾ ਨਹੀਂ ਦੇਵਾਂਗੀ। ਇਹ ਸੋਨੇ-ਚਾਂਦੀ ਦੇ ਦੋਵੇਂ ਕੁਹਾੜੇ ਤੈਨੂੰ ਦੇ ਦਿਆਂਗੀ, ਪਰ ਉਸ ਲਈ ਵੀ ਇੱਕ ਸ਼ਰਤ ਹੈ।’’
‘‘ਜਲਪਰੀ, ਮੈਨੂੰ ਤੁਹਾਡੀ ਹਰ ਸ਼ਰਤ ਮਨਜ਼ੂਰ ਹੈ।’’
‘‘ਫਿਰ ਧਿਆਨ ਨਾਲ ਸੁਣ, ਇਹ ਦੋਵੇਂ ਕੁਹਾੜੇ ਤੂੰ ਬਾਜ਼ਾਰ ਜਾ ਕੇ ਵੇਚ ਆਵੀਂ। ਜਿੰਨੀ ਰਕਮ ਮਿਲੇ, ਉਸ ਵਿੱਚੋਂ ਅੱਧੀ ਤੂੰ ਆਪਣੇ ਕੋਲ ਰੱਖ ਲਵੀਂ ਅਤੇ ਅੱਧੀ ਰਕਮ ਦੇ ਨਵੇਂ ਬੂਟੇ ਖ਼ਰੀਦ ਕੇ ਜੰਗਲ ਵਿੱਚ ਲਾਵੀਂ। ਰੁੱਖ ਸਾਡੇ ਲਈ ਬੜੇ ਗੁਣਕਾਰੀ ਹਨ। ਇਹ ਆਕਸੀਜਨ ਦੇ ਭੰਡਾਰ ਹਨ। ਇਹ ਕਈ ਢੰਗਾਂ ਨਾਲ ਧਰਤੀ ਦੀ ਰੱਖਿਆ ਕਰਦੇ ਹਨ। ਇਹ  ਸਾਨੂੰ ਫੁੱਲ, ਫਲ ਤੇ ਠੰਢੀ ਛਾਂ ਦਿੰਦੇ ਹਨ। ਹੁਣ ਕੁਝ ਤੇਰੀ ਸਮਝ ਵਿੱਚ ਆਇਆ।’’
‘‘ਜਲਪਰੀ, ਤੁਸੀਂ ਅੱਜ ਰੁੱਖਾਂ ਬਾਰੇ ਜਾਣਕਾਰੀ ਦੇ ਕੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ ਅਤੇ ਰੁੱਖਾਂ ਬਾਰੇ ਮੇਰੀ ਸੋਚ ਹੀ ਬਦਲ ਦਿੱਤੀ ਹੈ। ਹੁਣ ਮੈਂ ਕਦੀ ਵੀ ਰੁੱਖ ਨਹੀਂ ਵੱਢਾਂਗਾ। ਵੱਧ ਤੋਂ ਵੱਧ ਨਵੇਂ ਰੁੱਖ ਲਾਵਾਂਗਾ ਤੇ ਉਨ੍ਹਾਂ ਦੀ ਸੰਭਾਲ ਕਰਾਂਗਾ।’’ ਲੱਕੜਹਾਰਾ ਅਜੇ ਵੀ ਹੱਥ ਜੋੜ ਕੇ ਖੜ੍ਹਾ ਸੀ। ‘‘ਇਹ ਫੜ ਕੁਹਾੜੇ, ਪਰ ਆਪਣਾ ਵਾਅਦਾ ਨਾ ਭੁੱਲੀਂ।’’ ਜਲਪਰੀ ਨੇ ਦੋਵੇਂ ਕੁਹਾੜੇ ਲੱਕੜਹਾਰੇ ਨੂੰ  ਫੜਾ ਦਿੱਤੇ ਤੇ ਆਪ ਪਾਣੀ ਵਿੱਚ ਲੋਪ ਹੋ ਗਈ। ਲੱਕੜਹਾਰੇ ਦੀਆਂ ਅੱਖਾਂ ਵਿੱਚ ਅੱਜ ਨਵੀਂ ਚਮਕ ਸੀ।

Facebook Comment
Project by : XtremeStudioz