Close
Menu

ਨਸ਼ਾ ਤਸਕਰੀ: ਡੀਜੀਪੀ ਚਟੋਪਾਧਿਆਏ ਨੇ ਹਾਈ ਕੋਰਟ ਨੂੰ ਸੌਂਪੀ ਨਵੀਂ ਰਿਪੋਰਟ

-- 24 May,2018

ਚੰਡੀਗੜ੍ਹ, 24 ਮਈ
ਪੰਜਾਬ ਵਿੱਚ ਨਸ਼ਾ ਤਸਕਰੀ ਵਿੱਚ ਪੁਲੀਸ ਅਧਿਕਾਰੀਆਂ ਦੀ ਸ਼ਮੂਲੀਅਤ ਸਬੰਧੀ ਜਾਂਚ ਰਿਪੋਰਟ ਪੰਜਾਬ ਪੁਲੀਸ ਦੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਮੋਹਰਬੰਦ ਲਿਫਾਫੇ ਵਿੱਚ ਹਾਈ ਕੋਰਟ ਨੂੰ ਸੌਂਪ ਦਿੱਤੀ ਹੈ। ਡੀਜੀਪੀ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਵੱਲੋਂ ਐੱਸਐੱਸਪੀ ਵਿਰੁੱਧ ਆਰੰਭੀ ਜਾਂਚ ਉਸ ਨੂੰ ਪੰਜਾਬ ਪੁਲੀਸ ਦੇ ਹੋਰ ਸੀਨੀਅਰ ਅਧਿਕਾਰੀਆਂ ਤੱਕ ਲੈ ਗਈ ਹੈ। ਇਸ ਰਿਪੋਰਟ ਉੱਤੇ ਸਿਰਫ ਡੀਜੀਪੀ ਦੇ ਹੀ ਹਸਤਾਖ਼ਰ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਅਗਵਾਈ ਵਿੱਚ ਨਸ਼ਾ ਤਸਕਰੀ ਬਾਰੇ ਇੱਕ ਜਾਂਚ ਰਿਪੋਰਟ ਹਾਈ ਕੋਰਟ ਵਿੱਚ ਸੌਂਪੀ ਗਈ ਹੈ। ਇਹ ਰਿਪੋਰਟ ਪਹਿਲੀ ਰਿਪੋਰਟ ਦਾ ਵਾਧਾ ਹੀ ਹੈ। ਦੋਵੇਂ ਰਿਪੋਰਟਾਂ ਹੀ 8 ਮਈ ਨੂੰ ਅਦਾਲਤ ਵਿੱਚ ਸੁਣਵਾਈ ਲਈ ਪੇਸ਼ ਕੀਤੀਆਂ ਗਈਆਂ ਹਨ। ਇਹ ਰਿਪੋਰਟਾਂ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਸ਼ੇਖਰ ਧਵਨ ਦੇ ਬੈਂਚ ਹਵਾਲੇ ਕੀਤੀਆਂ ਗਈਆਂ ਹਨ। ਅਦਾਲਤ ਨੇ ਆਪਣੇ ਹੁਕਮਾਂ ਵਿੱਚ ਦਰਜ ਕੀਤਾ ਹੈ ਕਿ ਚਟੋਪਾਧਿਆਏ ਵੱਲੋਂ ਦਰਜ ਕਰਵਾਈ ਰਿਪੋਰਟ ਵਿੱਚ ਵਿਸ਼ੇਸ਼ ਜਾਂਚ ਟੀਮ ਦੇ ਬਾਕੀ ਦੇ ਦੋ ਮੈਂਬਰਾਂ ਦੇ ਹਸਤਾਖ਼ਰ ਨਹੀ ਹਨ। ਅਦਾਲਤ ਨੇ ਕਿਹਾ ਹੈ ਕਿ ਵਿਸ਼ੇਸ਼ ਜਾਂਚ ਟੀਮ ਨੇ ਇਸ ਤੋਂ ਪਹਿਲਾਂ ਵੀ ਪਹਿਲੀ ਫਰਵਰੀ ਅਤੇ 15 ਮਾਰਚ ਨੂੰ ਦੋ ਜਾਂਚ ਰਿਪੋਰਟਾਂ ਅਦਾਲਤ ਵਿੱਚ ਸੌਂਪੀਆਂ ਹਨ। ਸਾਰੀਆਂ ਰਿਪੋਰਟਾਂ ਦੀ ਪੜਤਾਲ ਕੀਤੇ ਜਾਣ ਦੀ ਲੋੜ ਹੈ ਕਿ ਇਨ੍ਹਾਂ ਰਿਪੋਰਟਾਂ ਵਿੱਚ ਹਾਈ ਕੋਰਟ ਵੱਲੋਂ ਉਠਾਏ ਮੁੱਦੇ ਅਤੇ ਵਿਸ਼ੇਸ਼ ਜਾਂਚ ਟੀਮ ਨੂੰ ਦਿੱਤੇ ਕਾਰਜ ਉੱਤੇ ਕੀ ਪ੍ਰਗਤੀ ਹੋਈ ਹੈ। ਹਾਈ ਕੋਰਟ ਨੇ ਸ੍ਰੀ ਚਟੋਪਾਧਿਆਏ ਸਮੇਤ ਦੋ ਹੋਰ ਪੁਲੀਸ ਅਧਿਕਾਰੀਆਂ ਨੂੰ ਐੱਸਐੱਸਪੀ ਰਾਜਜੀਤ ਸਿੰਘ ਹੁੰਦਲ ਦੀ ਨਸ਼ਾ ਤਸਕਰੀ ਵਿੱਚ ਕਥਿਤ ਸ਼ਮੂਲੀਅਤ ਦੀ ਜਾਂਚ ਕਰਨ ਦੀ ਜਿੰਮੇਵਾਰੀ ਸੌਂਪੀ ਸੀ। ਇਸ ਦੌਰਾਨ ਉਸਦੀ ਇੰਸਪੈਕਟਰ ਇੰਦਰਜੀਤ ਸਿੰਘ ਦੇ ਨਾਲ ਕਥਿਤ ਸਬੰਧਾਂ ਦੀ ਵੀ ਜਾਂਚ ਕੀਤੀ ਜਾਣੀ ਸੀ।

Facebook Comment
Project by : XtremeStudioz