Close
Menu

ਨਸ਼ਾ ਸਮੱਗਲਰਾਂ ਤੇ ਪੁਲਸ ਵਿਚਾਲੇ ਗੰਢ-ਤੁੱਪ ਤੋੜਣ ਲਈ ਆਈ ਨਵੀਂ ਤਬਾਦਲਾ ਨੀਤੀ

-- 18 July,2018

ਜਲੰਧਰ/ਚੰਡੀਗੜ੍ਹ  – ਪੰਜਾਬ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਪੰਜਾਬ ਪੁਲਸ ਨੇ ਅੱਜ ਹੇਠਲੇ ਪੱਧਰ ‘ਤੇ ਪੁਲਸ ਮੁਲਾਜ਼ਮਾਂ ਦੀ ਨਵੀਂ ਤਬਾਦਲਾ ਨੀਤੀ ਦਾ ਐਲਾਨ ਕਰ ਦਿੱਤਾ ਹੈ ਤਾਂ ਕਿ ਹੇਠਲੇ ਪੱਧਰ ‘ਤੇ ਪੁਲਸ ਮੁਲਾਜ਼ਮਾਂ ਅਤੇ ਨਸ਼ਾ ਵੇਚਣ ਵਾਲਿਆਂ ਵਿਚਾਲੇ ਆਪਸੀ ਗੰਢ-ਤੁਪ ਨੂੰ ਤੋੜਿਆ ਜਾ ਸਕੇ। ਮੁੱਖ ਮੰਤਰੀ ਨੇ ਨਸ਼ਿਆਂ ਵਿਰੁੱਧ ਵਿਆਪਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸ ਦੇ ਤਹਿਤ ਨਵੀਂ ਤਬਾਦਲਾ ਨੀਤੀ ਪਹਿਲੀ ਵਾਰ ਲਾਗੂ ਕੀਤੀ ਜਾ ਰਹੀ ਹੈ। ਇਸ ਨਾਲ ਹੇਠਲੇ ਪੱਧਰ ‘ਤੇ ਪੁਲਸ ਦੀ ਕਾਰਜਪ੍ਰਣਾਲੀ ‘ਚ ਪਾਰਦਰਸ਼ਿਤਾ ਲਿਆਉਣ ‘ਚ ਮਦਦ ਮਿਲੇਗੀ। ਨਵੀਂ ਨੀਤੀ ਦੇ ਤਹਿਤ ਇਕ ਪੁਲਸ ਥਾਣੇ ‘ਚ ਐੱਸ. ਐੱਚ. ਓ. ਅਤੇ ਮੁਨਸ਼ੀ ਦਾ ਵੱਧ ਤੋਂ ਵੱਧ ਕਾਰਜਕਾਲ 3 ਸਾਲ ਤੈਅ ਕੀਤਾ ਗਿਆ ਹੈ, ਜਦਕਿ ਕਾਂਸਟੇਬਲ ਅਤੇ ਹੈੱਡ ਕਾਂਸਟੇਬਲ ਦਾ ਕਾਰਜਕਾਲ 5 ਸਾਲ ਤੈਅ ਕੀਤਾ ਗਿਆ ਹੈ।
ਇਹ ਫੈਸਲਾ ਲਿਆ ਗਿਆ ਹੈ ਕਿ ਕਿਸੇ ਵੀ ਪੁਲਸ ਥਾਣੇ ‘ਚ ਗ੍ਰਹਿ ਉਪਮੰਡਲ ਨਾਲ ਸੰਬੰਧਤ ਕਿਸੇ ਵੀ ਪੁਲਸ ਮੁਲਾਜ਼ਮ ਨੂੰ ਐੱਸ. ਐੱਚ. ਓ. ਤਾਇਨਾਤ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਹੁਣ ਅਪਰਾਧੀਆਂ, ਨਸ਼ਾ ਸਮੱਗਲਰਾਂ ਅਤੇ ਪੁਲਸ ਮੁਲਾਜ਼ਮਾਂ ਵਿਚਾਲੇ ਹੇਠਲੇ ਪੱਧਰ ‘ਤੇ ਚਲ ਰਹੇ ਨੈਕਸਸ ਦਾ ਸਖਤ ਨੋਟਿਸ ਲਿਆ ਹੈ ਅਤੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੂੰ ਇਸ ਨੈਕਸਸ ਨੂੰ ਤੋੜਣ ਦੇ ਨਿਰਦੇਸ਼ ਦਿੱਤੇ। ਨਵੀਂ ਤਬਾਦਲਾ ਨੀਤੀ ਦੇ ਤਹਿਤ ਜੇਕਰ ਕਿਸੇ ਪੁਲਸ ਕਰਮਚਾਰੀ ਵਿਰੁੱਧ ਕੋਈ ਅਪਰਾਧਿਕ ਮਾਮਲਾ ਦਰਜ ਹੁੰਦਾ ਹੈ ਤਾਂ ਉਹ ਉਸ ਜ਼ਿਲੇ ‘ਚ ਤਾਇਨਾਤ ਨਹੀਂ ਹੋ ਸਕੇਗਾ।
ਰੇਂਜ ਦੇ ਆਈ. ਜੀ. ਅਤੇ ਡੀ. ਆਈ. ਜੀ. ਨੂੰ ਤੁਰੰਤ ਸੰਬੰਧਤ ਪੁਲਸ ਮੁਲਾਜ਼ਮ ਦਾ ਤਬਾਦਲਾ ਹੋਰ ਰੇਂਜ ‘ਚ ਕਰਨਾ ਹੋਵੇਗਾ। ਨਵੀਂ ਨੀਤੀ ਦੇ ਤਹਿਤ ਐੱਸ. ਐੱਚ. ਓ. ਦੀ ਪੁਲਸ ਥਾਣੇ ‘ਚ ਨਿਯੁਕਤੀ ਇਕ ਸਾਲ ਲਈ ਹੋਵੇਗੀ, ਜਿਸ ਸੰਬੰਧਤ ਐੱਸ. ਐੱਸ ਪੀ ਜਾਂ ਪੁਲਸ ਕਮਿਸ਼ਨਰ ਪੰਜਾਬ ਪੁਲਸ ਐਕਟ 2007 ਦੇ ਸੈਕਸ਼ਨ 15.1 ਦੇ ਤਹਿਤ ਲਿਖਤੀ ਤੌਰ ‘ਤੇ ਕਾਰਨ ਦੱਸਣ ‘ਤੇ ਉਨ੍ਹਾਂ ਦੇ ਕਾਰਜਕਾਲ ‘ਚ ਵਾਧਾ 3 ਸਾਲਾਂ ਤਕ ਕਰ ਸਕੇਗਾ। ਇਹ ਵੀ ਫੈਸਲਾ ਲਿਆ ਗਿਆ ਹੈ ਕਿ ਸਬ ਇੰਸਪੈਕਟਰ ਪੱਧਰ ਤੋਂ ਹੇਠਾਂ ਦੇ ਰੈਂਕ ਵਾਲੇ ਪੁਲਸ ਮੁਲਾਜ਼ਮ ਨੂੰ ਐੱਸ. ਐੱਚ. ਓ. ਦੇ ਤੌਰ ‘ਤੇ ਤਾਇਨਾਤ ਨਹੀਂ ਕੀਤਾ ਜਾਵੇਗਾ।
ਨਵੀਂ ਨੀਤੀ ‘ਚ ਇਹ ਵੀ ਤੈਅ ਕੀਤਾ ਗਿਆ ਹੈ ਕਿ ਮੁਨਸ਼ੀ ਅਤੇ ਐਡੀਸ਼ਨਲ ਮੁਨਸ਼ੀ ਦਾ ਕਾਰਜਕਾਲ ਤਿੰਨ ਸਾਲਾਂ ਤਕ ਹੀ ਰੱਖਿਆ ਜਾਵੇਗਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹੋਰ ਅਹੁਦਿਆਂ ‘ਤੇ ਤਬਦੀਲ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਸੀ. ਆਈ. ਏ. ਅਤੇ ਸਪੈਸ਼ਲ ਸਟਾਫ ਦੇ ਇੰਚਾਰਜਾਂ ਨੂੰ ਆਮ ਤੌਰ ‘ਤੇ ਇਕ ਸਾਲ ਲਈ ਤਾਇਨਾਤ ਕੀਤਾ ਜਾਵੇਗਾ। ਜੇਕਰ ਉਨ੍ਹਾਂ ਦੀ ਕਾਰਗੁਜ਼ਾਰੀ ਚੰਗੀ ਹੋਵੇਗੀ ਤਾਂ ਪੁਲਸ ਕਮਿਸ਼ਨਰ ਅਤੇ ਐੱਸ. ਐੱਸ. ਪੀ. ਉਨ੍ਹਾਂ ਦਾ ਕਾਰਜਕਾਲ ਵਧਾ ਸਕਣਗੇ।
ਇੰਸਪੈਕਟਰਾਂ ਅਤੇ ਸਬ-ਇੰਸਪੈਕਟਰਾਂ ਦੀ ਜ਼ਿਲਿਆਂ ਅਤੇ ਰੇਂਜਾਂ ‘ਚ ਤਾਇਨਾਤੀ ਦੀ ਸਮਾਂ ਹੱਦ ਤੈਅ
ਇਸੇ ਤਰ੍ਹਾਂ ਪੁਲਸ ਥਾਣਿਆਂ ‘ਚ ਤਾਇਨਾਤ ਹੋਰ ਉੱਚ ਸਹਾਇਕਾਂ ਦੀਆਂ ਨਿਯੁਕਤੀਆਂ ਵੀ ਤਿੰਨ ਸਾਲਾਂ ਲਈ ਹੋਣਗੀਆਂ। ਹੇਠਲੇ ਸਹਾਇਕਾਂ ਦੀਆਂ ਨਿਯੁਕਤੀਆਂ ਵੀ ਤਿੰਨ ਸਾਲਾਂ ਲਈ ਤੈਅ ਕੀਤੀਆਂ ਗਈਆਂ ਹਨ। ਨਵੀਂ ਨੀਤੀ ‘ਚ ਇਹ ਵੀ ਵਿਵਸਥਾ ਕੀਤੀ ਗਈ ਹੈ ਕਿ ਉੱਚ ਸਹਾਇਕਾਂ ਜਿਵੇਂ ਇੰਸਪੈਕਟਰ, ਸਬ-ਇੰਸਪੈਕਟਰ ਅਤੇ ਏ. ਐੱਸ. ਆਈ. ਦੇ ਜ਼ਿਲੇ ‘ਚ 8 ਸਾਲ ਪੂਰੇ ਕਰਨ ਤੋਂ ਬਾਅਦ ਉਸ ਨੂੰ ਹੋਰ ਰੇਂਜ ‘ਚ ਸੰਬੰਧਤ ਆਈ. ਜੀ. ਅਤੇ ਡੀ. ਆਈ. ਜੀ. ਵਲੋਂ ਤਬਦੀਲ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਰੇਂਜਾਂ ‘ਚ ਕੰਮ ਕਰਨ ਵਾਲੇ ਇੰਸਪੈਕਟਰਾਂ, ਸਬ-ਇੰਸਪੈਕਟਰਾਂ ਅਤੇ ਏ. ਐੱਸ. ਆਈ ਵਲੋਂ 12 ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਆਈ. ਜੀ. ਅਤੇ ਡੀ. ਆਈ. ਜੀ. ਵਲੋਂ ਹੋਰ ਰੇਂਜ ‘ਚ ਭੇਜ ਦਿੱਤਾ ਜਾਵੇਗਾ।
ਕੁਲ ਮਿਲਾ ਕੇ ਡੀ. ਜੀ. ਪੀ. ਕੋਲ ਅਧਿਕਾਰ ਰਹਿਣਗੇ ਕਿ ਉਹ ਉਪਰੋਕਤ ਤਬਾਦਲਾ ਨੀਤੀ ‘ਚ ਰਾਹਤ ਦੇ ਸਕਦੇ ਹਨ, ਜੇਕਰ ਉਨ੍ਹਾਂ ਨੂੰ ਸੰਬੰਧਤ ਪੁਲਸ ਕਮਿਸ਼ਨਰ ਜਾਂ ਐੱਸ. ਐੱਸ. ਪੀਜ਼ ਤੋਂ ਲਿਖਤੀ ਸਿਫਾਰਸ਼ ਮਿਲਦੀ ਹੈ।

Facebook Comment
Project by : XtremeStudioz