Close
Menu

ਨਸ਼ੇੜੀਆਂ ਨੂੰ ਨਸ਼ੇ ਤੋਂ ਇਲਾਵਾ ਏਡਜ਼ ਤੇ ਕਾਲੇ ਪੀਲੀਏ ਨੇ ਘੇਰਿਆ

-- 17 July,2018

ਚੰਡੀਗੜ, 17 ਜੁਲਾਈ
ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਲਤ ਤੋਂ ਇਲਾਵਾ ਏਡਜ਼ ਨੇ ਘੇਰ ਲਿਆ ਹੈ ਤੇ ਸਰਕਾਰੀ ਤੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਨੂੰ ਨਸ਼ਿਆਂ ਦੇ ਨਾਲ ਕਾਲੇ ਪੀਲੀਏ ਤੇ ਏਡਜ਼ ਦਾ ਇਲਾਜ ਵੀ ਕਰਨਾ ਪਵੇਗਾ। ਇਹ ਗੱਲ ਅੱਜ ਨਸ਼ਾ ਰੋਕੂ ਕੈਬਿਨਟ ਸਬ ਕਮੇਟੀ ਦੀ ਹਪਤਾਵਾਰੀ ਮੀਟਿੰਗ ਵਿੱਚ ਉੱਭਰ ਕੇ ਸਾਹਮਣੇ ਆਈ। ਲੁਧਿਆਣਾ ਜ਼ਲ੍ਹਿ‌ੇ ਦੇ ਦਾਖਾ ਇਲਾਕੇ ਦੇ ਕੁਝ ਪਿੰਡਾਂ ਦੇ 63 ਨਸ਼ੇੜੀਆਂ ਦੇ ਹਸਪਤਾਲਾਂ ਵਿੱਚ ਦਾਖਲੇ ਸਮੇਂ ਕੀਤੇ ਗਏ ਟੈਸਟਾਂ ਤੋਂ ਪਤਾ ਲੱਗਾ ਕਿ ਇਨ੍ਹਾਂ ’ਚੋਂ  55 ਮਰੀਜ਼ ਕਾਲੇ ਪੀਲੀਏ (ਹੈਪਾਟਾਈਟਸ ਸੀ ) ਅਤੇ 26 ਮਰੀਜ਼ ਏਡਜ਼ ਤੋਂ ਪੀੜਤ ਸਨ। ਏਡਜ਼ ਪੀੜਤਾਂ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ ਤਾਂ ਕਿ ਉਨ੍ਹਾਂ ਨੂੰ ਇਲਾਜ ਕਰਵਾਉਣ ਵਿੱਚ ਦਿੱਕਤਾਂ ਨਾ ਆਉਣ।
ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਨਸ਼ੇੜੀਆਂ ਦਾ ਮਾਮਲਾ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਕੋਲ ਉਠਾਉਂਦਿਆਂ ਕਿਹਾ ਕਿ ਏਡਜ਼ ਪੀੜਤਾਂ ਦੇ ਇਲਾਜ ਲਈ ਵੱਖਰੇ  ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਦਸ ਤੋਂ ਵੱਧ ਮਰੀਜ਼ਾਂ ਨੂੰ ਰੱਖਣ ਲਈ ਬੈੱਡ ਨਹੀਂ ਹਨ। ਬਿੱਟੂ ਨੇ ਭਲਕੇ ਲੁਧਿਆਣਾ ਦੇ ਡਾਕਟਰਾਂ ਦੀ ਮੀਟਿੰਗ ਸੱਦੀ ਹੈ ਤੇ ਇਸ ਤੋਂ ਇਲਾਵਾ ਕੁਝ ਘਰਾਣਿਆਂ ਦੀ ਮਦਦ ਨਾਲ ਏਡਜ਼ ਪੀੜਤਾਂ ਦੇ ਇਲਾਜ ਬਾਰੇ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨਸ਼ਿਆਂ ਤੋਂ ਪੀੜਤ ਨੌਜਵਾਨ ਸਲੇਮਪੁਰ ਟਿੱਬਾ, ਮੁਦਾਰਪੁਰ, ਸਵੱਦੀ, ਕੁਲਗਹਿਰਾ, ਜਾਂਗਪੁਰ, ਬੈਵੋਵਾਲ ਆਦਿ ਪਿੰਡਾਂ ਦੇ ਹਨ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਮਰੀਜ਼ਾਂ ਦੀ ਵਧ ਰਹੀ ਗਿਣਤੀ  ਦੇ ਮੱਦੇਨਜ਼ਰ ਮਨੋਰੋਗਾਂ ਦੇ ਸੇਵਾ-ਮੁਕਤ ਮਾਹਿਰਾਂ ਦੀਆਂ ਸੇਵਾਵਾਂ ਲੈਣ ਅਤੇ ਪ੍ਰਾਈਵੇਟ ਮਾਹਿਰਾਂ ਦੀਆਂ ਪੂਰਾ ਸਮਾਂ ਜਾਂ ਪਾਰਟ ਟਾਈਮ ਸੇਵਾਵਾਂ ਹਾਸਲ ਕਰਨ ਦੇ ਹੁਕਮ ਦਿੱਤੇ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ  ਸਿਹਤ ਵਿਭਾਗ ਨੂੰ ਕਿਹਾ ਕਿ ਇਨਾਂ ਪ੍ਰੋਗਰਾਮਾਂ ਵਿੱਚ ਐਸ.ਡੀ.ਐਮ., ਬੀ.ਡੀ.ਪੀ.ਓ. ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਸ਼ਾਮਲ ਕੀਤਾ ਜਾਵੇ।  ਮੀਟਿੰਗ ਵਿਚ ਸਿਹਤ ਤੇ ਪਰਿਵਾਰ ਭਲਾਈ ਬ੍ਰਹਮ ਮਹਿੰਦਰਾ, ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਤੇ ਹੋਰ ਅਧਿਕਾਰੀ ਹਾਜ਼ਰ ਸਨ।

ਏਡਜ਼ ਦਾ ਮੁਫ਼ਤ ਇਲਾਜ: ਸਿਹਤ ਮੰਤਰੀ
ਸੂਬੇ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨਾਲ ਏਡਜ਼ ਪੀੜਤਾਂ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਸ਼ੇੜੀ ਇਕੋ ਸਰਿੰਜ ਨੂੰ ਵਾਰ ਵਾਰ ਵਰਤਦੇ ਹਨ ਤੇ ਇਸ ਕਰਕੇ ਏਡਜ਼ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਏਡਜ਼ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ।

ਪੰਜਾਬ ਵਜ਼ਾਰਤ ਦੀ ਭਲਕੇ ਹੋਣ ਵਾਲੀ ਮੀਟਿੰਗ ਰੱਦ
ਚੰਡੀਗੜ੍ਹ: ਪੰਜਾਬ ਵਜ਼ਾਰਤ ਦੀ 18 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ ਗਈ ਹੈ ਤੇ ਅਗਲੀ ਮੀਟਿੰਗ ਦੀ ਤਰੀਕ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਜਾਣਕਾਰੀ ਅੁਨਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਿਨ ਦਿੱਲੀ ਜਾਣਾ ਹੈ ਜਿਸ ਕਰਕੇ ਮੀਟਿੰਗ ਰੱਦ ਕਰਨੀ ਪਈ ਹੈ।

Facebook Comment
Project by : XtremeStudioz