Close
Menu

ਨਾਦੀਆ ਮੁਰਾਦ: ਜਹਾਦੀਆਂ ਦੀ ਗੁਲਾਮੀ ਤੋਂ ਨੋਬੇਲ ਸ਼ਾਂਤੀ ਪੁਰਸਕਾਰ ਤੱਕ ਦਾ ਸਫ਼ਰ

-- 11 December,2018

ਬਗ਼ਦਾਦ, 11 ਦਸੰਬਰ
ਇਰਾਕ ਦੇ ਯਜ਼ੀਦੀ ਭਾਈਚਾਰੇ ਨਾਲ ਸਬੰਧਤ ਨਾਦੀਆ ਮੁਰਾਦ, ਜਿਸ ਨੂੰ ਇਸਲਾਮਿਕ ਸਟੇਟ (ਆਈਐਸ) ਦੇ ਜਹਾਦੀਆਂ ਨੇ ਲੰਮਾ ਸਮਾਂ ਬੰਦੀ ਬਣਾ ਕੇ ਜਬਰ ਜਨਾਹ ਸਮੇਤ ਉਸ ’ਤੇ ਹੋਰ ਕਈ ਕਹਿਰ ਢਾਹੇ, ਦਾ ਆਪਣੇ ਭਾਈਚਾਰੇ ’ਤੇ ਹੁੰਦੇ ਤਸ਼ੱਦਦ ਲਈ ਆਵਾਜ਼ ਉਠਾਉਂਦਿਆਂ ਆਲਮੀ ਚੈਂਂਪੀਅਨ ਬਣਨ ਤੇ ਨੋਬੇਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਹੋਣ ਤਕ ਦਾ ਸਫ਼ਰ ਕੋਈ ਬਹੁਤਾ ਸੁਖਾਲਾ ਨਹੀਂ ਸੀ।
ਮੁਰਾਦ ਨੂੰ ਸਾਲ 2014 ਵਿੱਚ ਆਈਐਸ ਨੇ ਬੰਦੀ ਬਣਾਇਆ, ਪਰ ਉਹ ਕਿਸੇ ਤਰੀਕੇ ਉਥੋਂ ਬਚ ਨਿਕਲੀ। ਉਹ ਪਹਿਲੀ ਇਰਾਕੀ ਹੈ, ਜਿਸ ਨੂੰ ਇਹ ਮਾਣਮੱਤਾ ਐਵਾਰਡ ਦਿੱਤਾ ਜਾਣਾ ਹੈ। 25 ਸਾਲਾ ਮੁਰਾਦ ਨੂੰ ਕੌਂਗੋ ਮੂਲ ਦੇ ਡਾਕਟਰ ਡੈਨਿਸ ਮੁਕਵੇਜੀ ਨਾਲ ਸਾਂਝੇ ਤੌਰ ’ਤੇ ਅਕਤੂਬਰ ਮਹੀਨੇ ਨੋਬੇਲ ਸ਼ਾਂਤੀ ਪੁਰਸਕਾਰ ਦੇਣ ਲਈ ਚੁਣਿਆ ਗਿਆ ਸੀ। ਡਾ. ਮੁਕਵੇਜੀ ਨੂੰ ਇਹ ਪੁਰਸਕਾਰ ‘ਜੰਗੀ ਹਥਿਆਰ ਵਜੋਂ ਜਿਨਸੀ ਹਿੰਸਾ ਦੀ ਹੁੰਦੀ ਵਰਤੋਂ ਨੂੰ ਰੋਕਣ ਲਈ ਕੀਤੇ ਯਤਨਾਂ‘ ਲਈ ਦਿੱਤਾ ਜਾਣਾ ਹੈ।
ਨੋਬੇਲ ਸ਼ਾਂਤੀ ਪੁਰਸਕਾਰ ਜਿੱਤਣ ਤੋਂ ਕੁਝ ਚਿਰ ਮਗਰੋਂ ਮੁਰਾਦ ਨੇ ਕਿਹਾ, ‘ਮੇਰੇ ਲਈ ਨਿਆਂ ਤੋਂ ਇਹ ਭਾਵ ਬਿਲਕੁਲ ਵੀ ਨਹੀਂ ਹੈ ਕਿ ਜਿਨ੍ਹਾਂ ਦਾਇਸ਼ (ਇਸਲਾਮਿਕ ਸਟੇਟ ਲਈ ਅਰਬੀ ਭਾਸ਼ਾ ਵਿੱਚ ਵਰਤਿਆ ਜਾਂਦਾ ਸ਼ਬਦ) ਮੈਂਬਰਾਂ ਨੇ ਸਾਡੇ ਖ਼ਿਲਾਫ਼ ਅਪਰਾਧ ਕੀਤਾ, ਉਨ੍ਹਾਂ ਸਾਰਿਆਂ ਨੂੰ ਮਾਰ ਦਿਓ। ਮੇਰੀ ਲਈ ਨਿਆਂ ਦਾਇਸ਼ ਮੈਂਬਰਾਂ ਨੂੰ ਕਾਨੂੰਨ ਦੇ ਕਟਹਿਰੇ ’ਚ ਖੜ੍ਹਾ ਕਰਕੇ ਉਨ੍ਹਾਂ ਵੱਲੋਂ ਯਜ਼ੀਦੀ ਭਾਈਚਾਰੇ ’ਤੇ ਕੀਤੇ ਤਸ਼ੱਦਦ ਦੇ ਜੁਰਮ ਨੂੰ ਕਬੂਲਦਿਆਂ ਤੇ ਸਜ਼ਾ ਮਿਲਦਿਆਂ ਵੇਖਣਾ ਹੈ।’ ਮੁਰਾਦ ਕਿਸੇ ਵੇਲੇ ਉੱਤਰੀ ਇਰਾਕ ਵਿੱਚ ਯਜ਼ੀਦੀਆਂ ਦੇ ਮਜ਼ਬੂਤ ਗੜ੍ਹ ਕਹੇ ਜਾਂਦੇ ਪਹਾੜੀ ਇਲਾਕੇ ਸਿੰਜਰ ਵਿੱਚ ਸ਼ਾਂਤ ਜ਼ਿੰਦਗੀ ਬਸਰ ਕਰ ਰਹੀ ਸੀ। ਪਰ ਜਦੋਂ ਅਗਸਤ 2014 ਵਿੱਚ ਦੋਵਾਂ ਮੁਲਕਾਂ (ਇਰਾਕ ਤੇ ਸੀਰੀਆ) ਨੂੰ ਆਈਐਸ ਨੇ ਆਪਣੇ ਕਲਾਵੇ ’ਚ ਲਿਆ ਤਾਂ ਮੁਰਾਦ ਲਈ ਇਹ ਕਿਸੇ ਬੁਰੇ ਸੁਫ਼ਨੇ ਦੀ ਸ਼ੁਰੂਆਤ ਸੀ। ਆਈਐਸ ਦੇ ਲੜਾਕਿਆਂ ਨੇ ਉਹਦੇ ਪਿੰਡ ਕੋਜੋ ਤੋਂ ਬੱਚਿਆਂ ਨੂੰ ਲੜਾਕਿਆਂ ਵਜੋਂ ਸਿਖਲਾਈ ਦੇਣ ਲਈ ਚੁੱਕ ਲਿਆ।
ਮੁਰਾਦ ਨੂੰ ਆਈਐਸ ਦੇ ਆਪੂ ਐਲਾਨੇ ਗੜ੍ਹ ਮੌਸੂਲ ਲਿਜਾਇਆ ਗਿਆ, ਜਿਥੇ ਉਸ ਨਾਲ ਸਮੂਹਕ ਬਲਾਤਕਾਰ, ਤਸ਼ੱਦਦ ਤੇ ਹੋਰ ਕਈ ਕਹਿਰ ਢਾਹੇ ਗਏ। ਹੋਰਨਾਂ ਹਜ਼ਾਰਾਂ ਯਜ਼ੀਦੀਆਂ ਵਾਂਗ ਮੁਰਾਦ ਨੂੰ ਵੀ ਵੇਚਿਆ ਗਿਆ ਤੇ ਜਬਰੀ ਇਕ ਜਹਾਦੀ ਨਾਲ ਵਿਆਹ ਦਿੱਤਾ ਗਿਆ। ਇਕ ਮੁਸਲਿਮ ਪਰਿਵਾਰ ਦੀ ਮਦਦ ਨਾਲ ਉਹ ਮੌਸੂਲ ਤੋਂ ਭੱਜਣ ਵਿੱਚ ਸਫ਼ਲ ਰਹੀ। ਫਰਜ਼ੀ ਦਸਤਾਵੇਜ਼ਾਂ ਦੀ ਮਦਦ ਨਾਲ ਉਹ ਇਰਾਕੀ ਕੁਰਦਿਸਤਾਨ ਵਿੱਚ ਯਜ਼ੀਦੀ ਕੈਂਪਾਂ ਦੀ ਭੀੜ ’ਚ ਜਾ ਰਲੀ। ਉਹਦੇ ਛੇ ਭਰਾਵਾਂ ਤੇ ਮਾਂ ਨੂੰ ਮਾਰ ਦਿੱਤਾ ਗਿਆ। ਉਹ ਜਰਮਨੀ ਆਪਣੀ ਭੈਣ ਕੋਲ ਪੁੱਜ ਗਈ। ਇਥੇ ਜਰਮਨੀ ਵਿੱਚ ਰਹਿ ਕੇ ਉਹ ਆਪਣੇ ਯਜ਼ੀਦੀ ਭਾਈਚਾਰੇ ਲਈ ਕੰਮ ਕਰ ਰਹੀ ਹੈ।

Facebook Comment
Project by : XtremeStudioz