Close
Menu

ਨੀਮਾ ਭਗਤ ਪੂਰਬੀ ਦਿੱਲੀ ਨਗਰ ਨਿਗਮ ਦੀ ਮੇਅਰ ਬਣੀ

-- 24 May,2017

ਨਵੀਂ ਦਿੱਲੀ, ਪੂਰਬੀ ਦਿੱਲੀ ਨਗਰ ਨਿਗਮ ਲਈ ਗੀਤਾ ਕਲੋਨੀ ਦੀ ਕੌਂਸਲਰ ਨੀਮਾ ਭਗਤ ਨੂੰ ਸਰਬਸੰਮਤੀ ਨਾਲ ਮੇਅਰ ਚੁਣ ਲਿਆ ਗਿਆ ਹੈ।  ਸ਼ਾਹਦਰਾ ਤੋਂ ਕੌਂਸਲਰ ਪ੍ਰੋਟੇਮ ਚੇਅਰਮੈਨ ਨਿਰਮਲ ਜੈਨ ਨੇ ਸਮੁੱਚੀ ਚੋਣ ਸਿਰੇ ਚ੍ਹੜਾਈ। ਵਿਪਨ ਬਿਹਾਰੀ ਨੂੰ ਡਿਪਟੀ ਮੇਅਰ ਬਣਾਇਆ ਗਿਆ। ਨੀਮਾ ਭਗਤ ਨੇ ਮੇਅਰ ਦਾ ਅਹੁਦਾ ਸਾਂਭਣ ਮਗਰੋਂ ਕਿਹਾ ਕਿ ਪੂਰਬੀ ਦਿੱਲੀ ਨਗਰ ਨਿਗਮ ਦੀ ਵਿੱਤੀ ਹਾਲਤ ਸੁਧਾਰਨਾ ਉਨ੍ਹਾਂ ਲਈ ਅਹਿਮ ਕੰਮ ਹੋਵੇਗਾ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਨਿਗਮ ਦੀ ਹਾਲਤ ਸੁਧਾਰਨ ਲਈ ਮਦਦ ਕੀਤੀ ਜਾਵੇ ਤੇ ਉਨ੍ਹਾਂ ਨਿਯਮਾਂ ਤਹਿਤ ਕੇਂਦਰ ਤੋਂ ਫੰਡ ਲੈਣ ਦੀ ਕੋਸ਼ਿਸ਼ ਕਰਨ ਦਾ ਇਰਾਦਾ ਵੀ ਜ਼ਾਹਰ ਕੀਤਾ।  ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨਾਲ ਤਾਲਮੇਲ ਕਰ ਕੇ 3970 ਕਰੋੜ ਹਾਸਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ। ਮੇਅਰ ਨੇ ਕਿਹਾ ਕਿ ਉਹ ਤਿੰਨਾਂ ਨਿਗਮਾਂ ਨੂੰ ਮੁੜ ਇੱਕ ਕਰਨ ਦੇ ਹੱਕ ਵਿੱਚ ਹਨ ਕਿਉਂਕਿ ਉੱਤਰੀ ਤੇ ਦੱਖਣੀ ਦਿੱਲੀ ਨਿਗਮ ਆਰਥਿਕ ਪੱਖੋਂ ਮਜ਼ਬੂਤ ਹਨ, ਇਸ ਤਰ੍ਹਾਂ ਪੂਰਬੀ ਦਿੱਲੀ ਨਗਰ ਨਿਗਮ ਨੂੰ ਲਾਭ ਹੋਵੇਗਾ।

ਕੌਸਲਰਾਂ ਨੇ ਸਥਾਨਕ ਭਾਸ਼ਾਵਾਂ ਵਿੱਚ ਚੁੱਕੀ ਸਹੁੰ

ਇਸ ਸਹੁੰ ਚੁੱਕ ਸਮਾਗਮ ਦੌਰਾਨ ਕੌਂਸਲਰਾਂ ਸੀਲਮਪੁਰ ਤੋਂ ਸਾਕੀਲਾ ਨੇ ਹਿਜ਼ਾਬ ਪਾ ਕੇ ਉਰਦੂ ਵਿੱਚ ਸਹੁੰ ਚੁੱਕੀ ਤੇ ਭਾਜਪਾ ਦੀ ਦਿਲਸ਼ਾਦ ਕਲੋਨੀ ਤੋਂ ਕੌਂਸਲਰ ਇੰਦਰਾ ਝਾਅ ਨੇ ਮਿਥਾਲੀ ਵਿੱਚ ਤੇ ਗੁਰਜੀਤ ਕੌਰ ਨੇ ਪੰਜਾਬੀ ਵਿੱਚ ਸਹੁੰ ਚੁੱਕੀ। ਇਸ ਤੋਂ ਪਹਿਲਾਂ ਪਰਮਜੀਤ ਸਿੰਘ ਰਾਣਾ ਨੇ ਉੱਤਰੀ ਦਿੱਲੀ ਨਗਰ ਨਿਗਮ ਲਈ ਸਹੁੰ ਚੁੱਕ ਸਮਾਗਮ ਦੌਰਾਨ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਸੀ, ਜਿਸ ਦਾ ਵੱਖ-ਵੱਖ ਸੰਸਥਾਵਾਂ ਨੇ ਸਵਾਗਤ ਕੀਤਾ ਸੀ।

ਪਹਿਲੇ ਹੀ ਦਿਨ ਝੱਲਣੀ ਪਈ ਨਾਰਾਜ਼ਗੀ

ਮੇਅਰ ਨੂੰ ਪਹਿਲੇ ਦਿਨ ਹੀ ਨਿਗਮ ਦੇ ਮੁਲਾਜ਼ਮਾਂ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪਿਆ। ਇਸ ਸਹੁੰ ਚੁੱਕ ਸਮਾਗਮ ਦਾ ਪੂਰਬੀ ਦਿੱਲੀ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਬਾਈਕਾਟ ਕੀਤਾ ਤੇ ਨਿਗਮ ਦੇ ਹੈੱਡਕੁਆਟਰ ਨੇੜੇ ਕੂੜਾ ਢੇਰ ਕਰ ਦਿੱਤਾ। ਇਸ ਨਿਗਮ ਦੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਤੇ ਹੋਰ ਭੱਤੇ ਨਾ ਮਿਲਣ ਕਰਕੇ ਪਿਛਲੇ ਸਮੇਂ ਵਿੱਚ 6 ਵਾਰ  ਹੜਤਾਲ ਕਰਨੀ ਪਈ ਸੀ, ਜਿਸ ਕਰਕੇ ਦਿੱਲੀ ਕੂੜੇ ਦੇ ਢੇਰ ਵਿੱਚ ਤਬਦੀਲ ਹੋ ਗਈ ਸੀ।

Facebook Comment
Project by : XtremeStudioz