Close
Menu

ਨੋਟਬੰਦੀ ਮੋਦੀ ਸਰਕਾਰ ਦਾ ਸਭ ਤੋਂ ਵੱਡਾ ਘੁਟਾਲਾ: ਰਾਹੁਲ

-- 19 September,2018

ਭੋਪਾਲ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਆਖਿਆ ਕਿ ਮੋਦੀ ਸਰਕਾਰ ਵੱਲੋਂ ਕਾਲਾ ਧਨ ਸਫੇਦ ਬਣਾਉਣ ਲਈ ਨੋਟਬੰਦੀ ਸਭ ਤੋਂ ਵੱਡਾ ਘੁਟਾਲਾ ਸੀ। ਲਗਭਗ 15 ਕਿਲੋਮੀਟਰ ਦਾ ਰੋਡਸ਼ੋਅ ਕਰਨ ਤੋਂ ਬਾਅਦ ਇੱਥੇ ਦਸਹਿਰਾ ਮੈਦਾਨ ਵਿੱਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਪ੍ਰਚਾਰ ਮੁਹਿੰਮ ਦਾ ਬਿਗਲ ਵਜਾਉਂਦਿਆਂ ਮੋਦੀ ਸਰਕਾਰ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ‘‘ ਨੋਟਬੰਦੀ ਦਾ ਅਸਲ ਮਕਸਦ ਆਮ ਲੋਕਾਂ ਤੇ ਛੋਟੇ ਵਪਾਰੀਆਂ ਤੋਂ ਪੈਸੇ ਕਢਵਾ ਕੇ ਦੇਸ਼ ਦੇ 15 ਸਭ ਤੋਂ ਵੱਡੇ ਧਨਾਢਾਂ ਦੇ ਹਵਾਲੇ ਕਰਨਾ ਸੀ।’’ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਨੇ 15 ਵੱਡੇ ਸਨਅਤਕਾਰਾਂ ਦਾ ਡੇਢ ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰ ਦਿੱਤਾ ਹੈ ਪਰ 5000 ਰੁਪਏ ਤੱਕ ਕਰਜ਼ਾ ਲੈਣ ਵਾਲੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ’ਚ ਇੰਨੀ ਤਕਲੀਫ਼ ਕਿਉਂ ਹੋ ਰਹੀ ਹੈ? ਲੱਖਾਂ ਕਰੋੜਾਂ ਦਾ ਕਰਜ਼ਾ ਲੈਣ ਵਾਲਿਆਂ ਨੂੰ ਐਨਪੀਏ ਕਿਹਾ ਜਾਂਦਾ ਹੈ ਪਰ 5000 ਰੁਪਏ ਤੱਕ ਦਾ ਕਰਜ਼ਾ ਨਾ ਮੋੜ ਸਕਣ ਵਾਲੇ ਕਿਸਾਨ ਨੂੰ ਡਿਫਾਲਟਰ ਕਹਿ ਕੇ ਜ਼ਲੀਲ ਕੀਤਾ ਜਾਂਦਾ ਹੈ। ਰੋਡਸ਼ੋਅ ਦੌਰਾਨ ਰਾਹੁਲ ਗਾਂਧੀ ਨੇ ਇਕ ਸਟਾਲ ’ਤੇ ਰੁਕ ਕੇ ਚਾਹ ਪੀਤੀ ਤੇ ਸਮੋਸਾ ਛਕਿਆ। ਰਾਹੁਲ ਨੇ ਚਾਹ ਵਾਲੇ ਤੇ ਉਸ ਦੇ ਕਾਰਿੰਦਿਆਂ ਨਾਲ ਸੈਲਫੀ ਵੀ ਖਿਚਵਾਈ। 

Facebook Comment
Project by : XtremeStudioz