Close
Menu

‘ਪਦਮਾਵਤੀ’ ‘ਤੇ ਛਾਏ ਸੰਕਟਾਂ ਦੇ ਕਾਲੇ ਬੱਦਲ, ਧਮਕੀ ਮਗਰੋਂ ਦੀਪਿਕਾ ਦੀ ਵਧਾਈ ਸੁਰੱਖਿਆ

-- 17 November,2017

ਨਵੀਂ ਦਿੱਲੀ— ਸ੍ਰੀ ਰਾਜਪੂਤ ਕਰਨੀ ਸੈਨਾ ਦੀ ਧਮਕੀ ਮਗਰੋਂ ਮੁੰਬਈ ਪੁਲਸ ਨੇ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਸੁਰੱਖਿਆ ਹੋਰ ਵਧਾ ਦਿੱਤੀ ਹੈ। ਪੁਲਸ ਦੇ ਜੁਆਇੰਟ ਕਮਿਸ਼ਨਰ (ਕਾਨੂੰਨ ਵਿਵਸਥਾ) ਦੇਵੇਨ ਭਾਰਤੀ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਨੱਕ ਵੱਢਣ ਦੀ ਦਿੱਤੀ ਧਮਕੀ ਮਗਰੋਂ ਮੁੰਬਈ ਪੁਲਸ ਨੇ ਦੀਪਿਕਾ ਦੀ ਸੁਰੱਖਿਆ ਨੂੰ ਹੋਰ ਵਧਾ ਦਿੱਤਾ ਹੈ। ਫਿਲਮ ਦੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੂੰ ਪਹਿਲਾਂ ਹੀ ਸੁਰੱਖਿਆ ਦਿੱਤੀ ਜਾ ਰਹੀ ਹੈ। ਕਰਨਾਟਕ ਸਰਕਾਰ ਨੇ ਕਿਹਾ ਹੈ ਕਿ ,ਫਿਲਮ ਦੀ ਰਿਲੀਜ਼ ਮੌਕੇ ਸਿਨਮਾਘਰਾਂ ਨੂੰ ਪੂਰੀ ਤਰ੍ਹਾਂ ਸੁਰੱਖਿਆ ਦਿੱਤੀ ਜਾਵੇਗੀ।ਕੇਂਦਰੀ ਮੰਤਰੀ ਉਮਾ ਭਾਰਤੀ ਨੇ ‘ਪਦਮਾਵਤੀ’ ਫਿਲਮ ਦੇ ਡਾਇਰੈਕਟਰ ਸੰਜੇ ਲੀਲਾ ਭੰਸਾਲੀ ‘ਤੇ ਵਰ੍ਹਦਿਆਂ ਕਿਹਾ ਹੈ ਕਿ ਉਸ ਨੇ ਰਾਜਪੂਤ ਭਾਈਚਾਰੇ ਦੇ ਜਜ਼ਬਾਤਾਂ ਦਾ ਧਿਆਨ ਨਹੀਂ ਰੱਖਿਆ। ਉਨ੍ਹਾਂ ਅਦਾਕਾਰਾ ਦੀਪਿਕਾ ਪਾਦੂਕੋਣ ਦੇ ਅਨਾਦਰ ਨੂੰ ‘ਅਨੈਤਿਕ’ ਕਰਾਰ ਦਿੱਤਾ ਹੈ। ਕਈ ਟਵੀਟ ਜਾਰੀ ਕਰਦਿਆਂ ਉਮਾ ਭਾਰਤੀ ਨੇ ਕਿਹਾ, ”ਜੇਕਰ ਅਸੀਂ ‘ਪਦਮਾਵਤੀ’ ਦੇ ਸਨਮਾਨ ਦਾ ਹੋਕਾ ਦਿੰਦੇ ਹਾਂ ਤਾਂ ਫਿਰ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਹਰੇਕ ਮਹਿਲਾ ਦਾ ਆਦਰ-ਸਨਮਾਨ ਕਰੀਏ।” ਇਕ ਹੋਰ ਟਵੀਟ ‘ਚ ਉਨ੍ਹਾਂ ਕਿਹਾ ਕਿ ਡਾਇਰੈਕਟਰ ਅਤੇ ‘ਪਦਮਾਵਤੀ’ ਦੀ ਕਹਾਣੀ ਲਈ ਪਟਕਥਾ ਲੇਖਕ ਜ਼ਿੰਮੇਵਾਰ ਹਨ। ਉਨ੍ਹਾਂ ਨੂੰ ਇਤਿਹਾਸਕ ਤੱਥਾਂ ਅਤੇ ਜਜ਼ਬਾਤਾਂ ਦਾ ਧਿਆਨ ਰੱਖਣਾ ਚਾਹੀਦਾ ਸੀ।ਭਾਜਪਾ ਸੰਸਦ ਮੈਂਬਰ ਮੁਤਾਬਕ, ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਠਾਏ ਗਏ ਸਾਰੇ ਮੁੱਦਿਆਂ ਦਾ ਸੈਂਸਰ ਬੋਰਡ ਧਿਆਨ ਰੱਖੇਗਾ। ਕੇਂਦਰੀ ਮੰਤਰੀ ਦਾ ਇਹ ਬਿਆਨ ਸ੍ਰੀ ਰਾਜਪੂਤ ਕਰਨੀ ਸੈਨਾ ਵੱਲੋਂ ਫਿਲਮ ਦੀ ਰਿਲੀਜ਼ ਮੌਕੇ ਪਹਿਲੀ ਦਸੰਬਰ ਨੂੰ ‘ਭਾਰਤ ਬੰਦ’ ਕਰਨ ਦੇ ਹੁਮਕ ਦਿੱਤੇ ਗਏ। ਸੈਨਾ ਨੇ ਦੀਪਿਕਾ ਪਾਦੂਕੋਣ ਦੀ ਫਿਲਮ ਬਾਰੇ ਬਿਆਨ ਨੂੰ ਵੀ ਭੜਕਾਊ ਕਰਾਰ ਦਿੱਤਾ ਹੈ। ਫਿਲਮ ਦੇਖਣ ਮਗਰੋਂ ਐਮ ਐਨ ਐਸ ਲਏਗੀ ਸਟੈਂਡ। ਮਹਾਰਾਸ਼ਟਰ ਨਵਨਿਰਮਾਣ ਸੈਨਾ (ਐਮ ਐਨ ਐਸ) ਨੇ ਕਿਹਾ ਹੈ ਕਿ ਵਿਵਾਦਤ ਫਿਲਮ ‘ਪਦਮਾਵਤੀ’ ਨੂੰ ਦੇਖਣ ਮਗਰੋਂ ਹੀ ਉਹ ਕੋਈ ਸਟੈਂਡ ਲੈਣਗੇ। ਭੰਸਾਲੀ ਦੀ ਤੁਲਨਾ ਰਸ਼ਦੀ, ਤਸਲੀਮਾ ਅਤੇ ਤਾਰਿਕ ਨਾਲ ਕੀਤੀ। ਅਜਮੇਰ ਦਰਗਾਹ ਦੀਵਾਨ ਜ਼ੈਨੁਲ ਅਬਦੀਨ ਅਲੀ ਖਾਨ ਨੇ ‘ਪਦਮਾਵਤੀ’ ਦਾ ਵਿਰੋਧ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਉਹ ਫਿਲਮ ‘ਤੇ ਪਾਬੰਦੀ ਲਾਉਣ। ਫਿਲਮ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਤੁਲਨਾ ਵਿਵਾਦਤ ਲੇਖਕ ਸਲਮਾਨ ਰਸ਼ਦੀ, ਤਸਲੀਮਾ ਨਸਰੀਨ ਅਤੇ ਤਾਰਿਕ ਫਤਿਹ ਨਾਲ ਕਰਦਿਆਂ ਉਨ੍ਹਾਂ ਮੁਸਲਮਾਨਾਂ ਨੂੰ ਸੱਦਾ ਦਿੱਤਾ ਕਿ ਉਹ ਫਿਲਮ ਦਾ ਵਿਰੋਧ ਕਰਨ।ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਜਿਹੜੇ ਅਖੌਤੀ ਮਹਾਰਾਜੇ ਇਕ ਫਿਲਮਸਾਜ਼ ਪਿੱਛੇ ਪਏ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦਾ ਸਨਮਾਨ ਦਾਅ ‘ਤੇ ਲੱਗਾ ਹੋਇਆ ਹੈ ਤਾਂ ਇਹੋ ‘ਮਹਾਰਾਜੇ’ ਉਸ ਵੇਲੇ ਭੱਜ ਗਏ ਸਨ, ਜਦੋਂ ਬ੍ਰਿਟਿਸ਼ ਸ਼ਾਸਕਾਂ ਨੇ ਉਨ੍ਹਾਂ ਦੇ ਮਾਨ-ਸਨਮਾਨ ਨੂੰ ਦਰੜ ਦਿੱਤਾ ਸੀ। ਸ੍ਰੀ ਰਾਜਪੂਤ ਕਰਨੀ ਸੈਨਾ ਦੇ ਸੀਨੀਅਰ ਅਹੁਦੇਦਾਰ ਮਹੀਪਾਲ ਸਿੰਘ ਮਕਰਾਨਾ ਨੇ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਸ ਨੇ ਲੋਕਾਂ ਦੀਆਂ ਭਾਵਨਾਵਾਂ ਭੜਕਾਉਣਾ ਜਾਰੀ ਰੱਖਿਆ ਤਾਂ ਉਸ ‘ਤੇ ਹਮਲਾ ਕੀਤਾ ਜਾ ਸਕਦਾ ਹੈ।

Facebook Comment
Project by : XtremeStudioz