Close
Menu

ਪਾਕਿ ਨੂੰ ਅਮਰੀਕੀ ਸਹਾਇਤਾ ਲਈ ਅਤਿਵਾਦ ਖ਼ਿਲਾਫ਼ ਕਾਰਵਾਈ ਜ਼ਰੂਰੀ ਕਰਾਰ

-- 21 July,2017

ਵਾਸ਼ਿੰਗਟਨ,ਅਮਰੀਕੀ ਕਾਂਗਰਸ ਦੀ ਇਕ ਅਹਿਮ ਕਮੇਟੀ ਨੇ ਮੁਲਕ ਵੱਲੋਂ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਮਾਲੀ ਇਮਦਾਦ ਉਤੇ ਸਖ਼ਤ ਸ਼ਰਤਾਂ ਆਇਦ ਕੀਤੇ ਜਾਣ ਦੇ ਹੱਕ ਵਿੱਚ ਫ਼ੈਸਲਾ ਦਿੱਤਾ ਹੈ। ਸੰਸਦ ਦੀ ਖ਼ਰਚਿਆਂ ਬਾਰੇ ਕਮੇਟੀ ਨੇ ਵਿਦੇਸ਼ ਮੰਤਰੀ ਨੂੰ ਅਖ਼ਤਿਆਰ ਦਿੱਤਾ ਹੈ ਕਿ ਪਾਕਿਸਤਾਨ ਜੇ ਦਹਿਸ਼ਤੀ ਗਰੁੱਪਾਂ ਖ਼ਿਲਾਫ਼ ਠੋਸ ਕਾਰਵਾਈ ਨਹੀਂ ਕਰਦਾ ਤਾਂ ਉਹ ਉਸ ਦੀ ਇਮਦਾਦ ਰੋਕ ਦੇਣ।
ਕਮੇਟੀ ਨੇ ਇਹ ਫ਼ੈਸਲਾ ਆਪਣੀ ਮੀਟਿੰਗ ਦੌਰਾਨ ਜ਼ੁਬਾਨੀ ਵੋਟ ਰਾਹੀਂ ਕਰਦਿਆਂ ਵਿਦੇਸ਼ੀ ਅਪਰੇਸ਼ਨ ਖ਼ਰਚਾ ਬਿਲ 2017 ਨੂੰ ਮਨਜ਼ੂਰੀ ਦੇ ਦਿੱਤੀ। ਇਸ ਬਿਲ ਮੁਤਾਬਕ ਪਾਕਿਸਤਾਨ ਨੂੰ ਆਰਥਿਕ ਸਹਾਇਤਾ ਜਾਰੀ ਕੀਤੇ ਜਾਣ ਤੋਂ ਪਹਿਲਾਂ ਵਿਦੇਸ਼ ਮੰਤਰੀ ਰੈਕਸ ਟਿਲਰਸਨ ਦੀ ਮਨਜ਼ੂਰੀ ਜ਼ਰੂਰੀ ਹੋਵੇਗੀ, ਜਿਸ ਤਹਿਤ ਇਸਲਾਮਾਬਾਦ ਲਈ ਦਹਿਸ਼ਤੀਆਂ ਖ਼ਿਲਾਫ਼ ਕਾਰਵਾਈ ਲਾਜ਼ਮੀ ਕੀਤੀ ਗਈ ਹੈ। ਹੁਣ ਇਸ ਬਿਲ ਨੂੰ ਕਾਂਗਰਸ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਦੇ ਵਿਚਾਰ ਲਈ ਭੇਜਿਆ ਜਾਵੇਗਾ।
ਇਸ ਦੌਰਾਨ ਅਮਰੀਕਾ ਦੇ ਇਕ ਨਿਜੀ ਰੱਖਿਆ ਕਾਰੋਬਾਰੀ ਰੇਅਮੰਡ ਡੇਵਿਸ ਨੇ ਆਪਣੀ ਕਿਤਾਬ ‘ਦਿ ਕੰਟਰੈਕਟਰ’ ਵਿੱਚ ਲਿਖਿਆ ਹੈ ਕਿ ਪਾਕਿਸਤਾਨ ਅਸਲ ਵਿੱਚ ਅਮਰੀਕਾ ਨੂੰ ਇਕ ‘ਅਸੀਮਤ ਏਟੀਐਮ’ ਹੀ ਸਮਝਦਾ ਹੈ, ਜਿਸ ਵਿੱਚੋਂ ਉਹ ਜਦੋਂ ਤੇ ਜਿੰਨੀ ਰਕਮ ਚਾਹੇ ਕਢਵਾਉਂਦਾ ਰਹੇ। ਉਨ੍ਹਾਂ ਲਿਖਿਆ ਹੈ, ‘‘ਪਾਕਿਸਤਾਨ ਲਈ ਕੋਈ ਵੀ ਰਕਮ ਕਾਫ਼ੀ ਨਹੀਂ ਹੈ। ਅਮਰੀਕਾ ਤੋਂ ਮਿਲਣ ਵਾਲੀ ਮਾਲੀ ਇਮਦਾਦ ਇਸ ਲਈ ਨਸ਼ਾ ਬਣ ਚੁੱਕੀ ਹੈ, ਜਿਸ ਬਿਨਾਂ ਉਹ ਜ਼ਿੰਦਾ ਨਹੀਂ ਰਹਿ ਸਕਦਾ।’’ ਗ਼ੌਰਤਲਬ ਹੈ ਕਿ ਸ੍ਰੀ ਡੇਵਿਸ (42) ਨੂੰ 2011 ਵਿੱਚ ਲਾਹੌਰ ’ਚ ਦੋ ਪਾਕਿਸਤਾਨੀਆਂ ਦੇ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਕਾਰਨ ਦੋਵਾਂ ਮੁਲਕਾਂ ਦਰਮਿਆਨ ਭਾਰੀ ਸਫ਼ਾਰਤੀ ਸੰਕਟ ਪੈਦਾ ਹੋ ਗਿਆ ਸੀ।

Facebook Comment
Project by : XtremeStudioz