Close
Menu

ਪਾਰਕਲੈਂਡ ਸਕੂਲ ਗੋਲੀਬਾਰੀ: ਟਰੰਪ ਨੇ ਐਫਬੀਆਈ ’ਤੇ ਝਾੜਿਆ ਨਜ਼ਲਾ

-- 19 February,2018

ਫੋਰਟ ਲੌਡਰਡੇਲ, 19 ਫਰਵਰੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਆਖਿਆ ਕਿ ਐਫਬੀਆਈ ਰੂਸੀ ਦਖ਼ਲ ਦੇ ਮਾਮਲੇ ਦੀ ਜਾਂਚ ਵਿੱਚ ਇਸ ਕਦਰ ਫਸੀ ਹੋਈ ਹੈ ਕਿ ਉਹ ਉਨ੍ਹਾਂ ਸੰਕੇਤਾਂ ਵੱਲ ਧਿਆਨ ਹੀ ਨਹੀਂ ਦੇ ਸਕੀ ਜਿਸ ਨਾਲ ਪਾਰਕਲੈਂਡ ਸਕੂਲ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਟਾਲੀ ਜਾ ਸਕਦੀ ਸੀ। ਟਰੰਪ ਦੀਆਂ ਇਹ ਸਖ਼ਤ ਟਿੱਪਣੀਆਂ ਉਦੋਂ ਸਾਹਮਣੇ ਆਈਆਂ ਜਦੋਂ ਗੋਲੀਬਾਰੀ ਵਿੱਚੋਂ ਬਚ ਨਿਕਲੇ ਵਿਦਿਆਰਥੀਆਂ ਨੇ ਫਲੋਰਿਡਾ ਤੇ ਹੋਰਨੀਂ ਥਾਈ ਹੋਈਆਂ ਬਹੁਤ ਸਾਰੀਆਂ ਰੈਲੀਆਂ ਵਿੱਚ ਦੋਸ਼ ਲਾਇਆ ਸੀ ਕਿ ਡੋਨਾਲਡ ਟਰੰਪ ਨੇ ਚੋਣਾਂ ਵਿੱਚ ਨੈਸ਼ਨਲ ਰਾਈਫਲ ਐਸੋਸੀਏਸ਼ਨ ਤੋਂ ਚੰਦਾ ਲਿਆ ਸੀ ਜਿਸ ਕਰ ਕੇ ਉਹ ਹਥਿਆਰ ਰੱਖਣ ’ਤੇ ਪਾਬੰਦੀ ਦੀਆਂ ਮੰਗਾਂ ਨੂੰ ਦਰਕਿਨਾਰ ਕਰਦੇ ਆ ਰਹੇ ਹਨ। ਟਰੰਪ ਨੇ ਟਵਿਟਰ ’ਤੇ ਲਿਖਿਆ ‘‘ ਬਹੁਤ ਅਫਸੋਸ ਦੀ ਗੱਲ ਹੈ ਕਿ ਐਫਬੀਆਈ ਨੇ ਫਲੋਰਿਡਾ ਦੇ ਸਕੂਲ ਵਿੱਚ ਗੋਲੀਬਾਰੀ ਕਰਨ ਵਾਲੇ ਵਿਦਿਆਰਥੀ ਬਾਰੇ ਮਿਲਣ ਵਾਲੇ ਸੰਕੇਤਾਂ ਵੱਲ ਗੌਰ ਨਹੀਂ ਕੀਤੀ ਸੀ। ਉਹ ਟਰੰਪ ਦੀ ਚੋਣ ਮੁਹਿੰਮ ਨਾਲ ਰੂਸ ਦੀ ਗੰਢ ਤੁਪ ਨੂੰ ਸਾਬਿਤ ਕਰਨ ਲਈ ਬਹੁਤ ਸਾਰਾ ਸਮਾਂ ਲਾ ਰਹੇ ਹਨ ਪਰ ਅਜਿਹੀ ਕੋਈ ਗੰਢ ਤੁਪ ਨਹੀਂ ਸੀ। ਬੁਨਿਆਦੀ ਗੱਲਾਂ ਵੱਲ ਧਿਆਨ ਦਿਓ ਤੇ ਸਾਨੂੰ ਸਾਰਿਆਂ ਨੂੰ ਫ਼ਖਰ ਕਰਨ ਦਾ ਮੌਕਾ ਦਿਓ।’’ ਐਫਬੀਆਈ ਨੇ ਸ਼ੁੱਕਰਵਾਰ ਨੂੰ ਮੰਨਿਆ ਸੀ ਕਿ ਉਸ ਨੂੰ ਕਿਸੇ ਸੂਹੀਏ ਤੋਂ ਜਨਵਰੀ ਮਹੀਨੇ ਇਹ ਚੇਤਾਵਨੀ ਮਿਲੀ ਸੀ ਕਿ ਗੰਨਮੈਨ ਨਿਕੋਲਸ ਕਰੂਜ਼ ਵੱਡੇ ਪੱਧਰ ’ਤੇ ਗੋਲੀਬਾਰੀ ਦੀ ਯੋਜਨਾ ਬਣਾ ਰਿਹਾ ਹੈ ਪਰ ਏਜੰਟ ਉਸ ਦੀ ਪੈੜ ਨਹੀਂ ਨੱਪ ਸਕੇ। ਇਸੇ ਸਾਲ ਸਕੂਲਾਂ ਵਿੱਚ ਗੋਲੀਬਾਰੀ ਦੀਆਂ 18 ਵਾਰਦਾਤਾਂ ਵਾਪਰ ਚੁੱਕੀਆਂ ਹਨ ਅਤੇ ਬਹੁਤ ਸਾਰੇ ਲੋਕਾਂ ਵੱਲੋਂ ਬੰਦੂਕਾਂ ਦੀ ਖਰੀਦ ’ਤੇ ਪਾਬੰਦੀ ਲਾਉਣ ਦੀ ਮੁਹਿੰਮ ਵਿੱਢ ਦਿੱਤੀ ਗਈ ਹੈ।

Facebook Comment
Project by : XtremeStudioz