Close
Menu

ਪਾਸਪੋਰਟ ਘੁਟਾਲਾ: 14 ਟਰੈਵਲ ਏਜੰਸੀਆਂ ਦੇ ਸੰਚਾਲਕਾਂ ਸਣੇ 25 ਨੂੰ ਕੈਦ

-- 22 February,2018

ਮੋਗਾ,  22 ਫ਼ਰਵਰੀ
ਮੋਗਾ ਦੀ ਵਧੀਕ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀਪਤੀ ਗੁਪਤਾ ਦੀ ਅਦਾਲਤ ਨੇ ਸਾਢੇ ਨੌਂ ਸਾਲ ਪੁਰਾਣੇ ਬਹੁ-ਚਰਚਿਤ ਪਾਸਪੋਰਟ ਘੁਟਾਲੇ  ’ਚ 14 ਟਰੈਵਲ ਏਜੰਸੀਆਂ ਦੇ ਸੰਚਾਲਕਾਂ ਸਮੇਤ 25 ਮੁਜਰਮਾਂ ਨੂੰ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸਾਰਿਆਂ ਨੂੰ ਤਿੰਨ-ਤਿੰਨ ਸਾਲ ਕੈਦ ਤੇ 11-11 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਅਦਾਲਤ ਨੇ 44 ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ। ਜੁਰਮਾਨੇ ਦੀ ਰਕਮ ਮੌਕੇ ’ਤੇ ਭਰ ਦੇਣ ਕਾਰਨ ਅਦਾਲਤ ਨੇ ਦੋਸ਼ੀਆਂ ਦੀ ਜ਼ਮਾਨਤ ਮਨਜ਼ੂਰ ਕਰ ਲਈ।
ਸਰਕਾਰੀ ਵਕੀਲ ਸੰਦੀਪ ਕੁਮਾਰ ਤੇ ਅਮਨਦੀਪ ਪਰਿੰਜਾਂ ਨੇ ਦੱਸਿਆ ਕਿ ਇਹ ਕੇਸ ਥਾਣਾ ਸਿਟੀ ਵਿਖੇ 13 ਜੁਲਾਈ, 2008 ਨੂੰ ਦਰਜ ਕੀਤਾ ਗਿਆ ਸੀ। ਵਿਸੇਸ਼ ਜਾਂਚ ਟੀਮ ਦੀ ਤਫ਼ਤੀਸ਼ ਦੌਰਾਨ ਜ਼ਿਲ੍ਹੇ ’ਚ 2002 ਤੋਂ 2008 ਤੱਕ ਪਾਸਪੋਰਟ ਦੀਆਂ 795 ਅਰਜ਼ੀਆਂ ’ਚੋਂ  ਚੰਡੀਗੜ੍ਹ ਪਾਸਪੋਰਟ ਦਫ਼ਤਰ ਵੱਲੋਂ ਕਰੀਬ 395 ਪਾਸਪੋਰਟ ਫ਼ਰਜ਼ੀ ਦਸਤਾਵੇਜ਼ਾਂ ਤੋਂ ਇਲਾਵਾ ਜਾਅਲੀ ਨਾਮ-ਪਤੇ ’ਤੇ ਜਾਰੀ ਹੋਣ ਦੀ ਪੁਸ਼ਟੀ ਹੋਈ ਸੀ। ਕੇਸ ’ਚ ਕਰੀਬ 97 ਮੁਲਜ਼ਮ ਸਨ। ਕੁਝ ਮੁਲਜ਼ਮ ਭਗੌੜੇ ਹੋ ਗਏ ਤੇ ਬਹੁਤ ਸਾਰੇ ਵਤਨ ਨਹੀਂ ਪਰਤੇ। ਜ਼ਿਲ੍ਹਾ ਜਲੰਧਰ ਨਾਲ ਸਬੰਧਤ ਜਸਵਿੰਦਰ ਕੌਰ ਨਾਮੀ ਔਰਤ ਨੂੰ ਬੀਤੀ 10 ਫ਼ਰਵਰੀ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਅਮਰੀਕਾ ਤੋਂ ਪਰਤਦਿਆਂ ਕਾਬੂ ਕੀਤਾ ਗਿਆ। ਉਸ ਦਾ ਪਾਸਪੋਰਟ ਸਥਾਨਕ ਐੱਫਸੀ ਰੋਡ ਦੇ ਪਤੇ ਉੱਤੇ ਬਣਿਆ ਹੈ।
ਮੁਜਰਮਾਂ ਵਿੱਚ ਸ਼ਾਮਲ ਹਨ: ਰਣਜੀਤ ਸਿੰਘ, ਜਸਵਿੰਦਰ ਪਾਲ ਸਿੰਘ ਤੇ ਗੁਰਦਿਆਲ ਸਿੰਘ (ਤਿੰਨੇ ਬਰਖ਼ਾਸਤ ਹੌਲਦਾਰ), ਪਾਸਪੋਰਟ ਦਫ਼ਤਰ ਦਾ ਸੁਪਰਡੈਂਟ ਦੀਦਾਰ ਸਿੰਘ,  ਪੋਸਟਮੈਨ ਰਣਜੀਤ ਸਿਘ,  ਸਥਾਨਕ ਸਿਵਲ ਸਰਜਨ ਦਫ਼ਤਰ ਦੀ ਜਨਮ-ਮੌਤ ਸ਼ਾਖਾ ਦਾ ਕਲਰਕ ਬਲਵਿੰਦਰ ਸਿੰਘ। ਟਰੈਵਲ ਏਜੰਸੀਆਂ ਦੇ ਸੰਚਾਲਕ: ਹਰਬਖ਼ਸ਼ ਸਿੰਘ (ਡੌਲਰ ਟਰੈਵਲ ਏਜੰਸੀ), ਕਮਲ ਬੇਦੀ ਤੇ ਰਮਨਜੀਤ ਸਿੰਘ (ਪ੍ਰੌਂਪਟ ਟਰੈਵਲ ਏਜੰਸੀ),  ਸੁਭਾਸ਼ ਕਟਾਰੀਆ (ਓਰੀਐਂਟਲ ਟਰੈਵਲਜ਼), ਬਲਜੀਤ ਸਿੰਘ (ਜੌਹਲ ਟਰੈਵਲਜ਼), ਗੁਰਦੀਪ ਸਿੰਘ (ਹਰਗੋਬਿੰਦ ਟਰੈਵਲਜ਼), ਮੁਕੇਸ਼ ਕੁਮਾਰ (ਸੰਧਰ ਟਰੈਵਲਜ਼), ਅਸ਼ੋਕ ਕੁਮਾਰ ਨਾਇਰ (ਸਵਾਸਤਿਕ ਟਰੈਵਲਜ਼), ਰੁਪਜੀਤ ਸੱਘੜ (ਸੱਘੜ ਵਰਲਡਜ਼ ਹੌਲੀਡੇਜ਼), ਮਹਿਤਾਬ ਚੋਪੜਾ (ਚੋਪੜਾ ਟਰੈਵਲਜ਼), ਰਾਜੀਵ ਪੁਰੀ (ਮੁਦਰਾ ਐਸੋਸੀਏਟਸ), ਰਾਜੀਵ ਬਾਂਸਲ (ਐਵਰਗ੍ਰੀਨ ਟਰੈਵਲਜ਼), ਪੰਕਜ ਗੌਤਮ (ਸਵਾਸਤਿਕ ਟਰੈਵਲਜ਼ ਮੋਗਾ), ਬਲਰਾਜ ਸਿੰਘ (ਕੰਵਰ ਟਰੈਵਲਜ਼), ਸ਼ਾਮ ਸੁੰਦਰ ਗੋਇਲ (ਸ਼ਾਮ ਟਰੈਵਲਜ਼ ਮੋਗਾ), ਭੁਪਿੰਦਰ ਸਿੰਘ (ਬਰਾੜ ਟਰੈਵਲਜ਼ ਧਰਮਕੋਟ), ਮਨਜੀਤ ਸਿੰਘ ਪਿੰਡ ਗਿੱਲ (ਗੋਲਡਨ ਟਰੈਵਲਜ਼, ਬਾਘਾਪੁਰਾਣਾ), ਸੁਖਦਰਸ਼ਨ ਸਿੰਘ ਘੋਲੀਆ (ਮਾਲਵਾ ਟਰੈਵਲਜ਼,  ਬਾਘਾਪੁਰਾਣਾ) ਤੇ ਏਜੰਟ ਕੁਲਵਿੰਦਰ ਸਿੰਘ।

Facebook Comment
Project by : XtremeStudioz