Close
Menu

ਪੁਰਤਗਾਲ ਤੇ ਸਪੇਨ ਵਿੱਚ ਅੱਗ ਕਾਰਨ 30 ਮੌਤਾਂ

-- 17 October,2017

ਲਿਸਬਨ, 17 ਅਕਤੂਬਰ
ਉੱਤਰੀ ਤੇ ਕੇਂਦਰੀ ਪੁਰਤਗਾਲ ਦੇ ਜੰਗਲਾਂ ਵਿੱਚ ਭਡ਼ਕੀ ਅੱਗ ਕਾਰਨ ਪਿਛਲੇ 24 ਘੰਟਿਆਂ ਦੌਰਾਨ ਘੱਟੋ ਘੱਟ 27 ਵਿਅਕਤੀ ਮਾਰੇ ਗਏ ਹਨ। ਇਸ ਦੌਰਾਨ ਸਪੇਨ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਲਾਈ ਅੱਗ ਦੇ ਤੂਫਾਨ ਓਫੇਲੀਆ ਕਾਰਨ ਭਡ਼ਕਣ ਨਾਲ ਤਿੰਨ ਜਣੇ ਮਾਰੇ ਗਏ ਹਨ। ਪੁਰਤਗਾਲ ਵਿੱਚ ਪ੍ਰਧਾਨ ਮੰਤਰੀ ਅੈਂਤੋਨੀਓ ਕੋਸਟਾ ਨੇ ਅੈਂਮਰਜੈਂਸੀ ਅੈਲਾਨ ਦਿੱਤੀ ਹੈ। ਅੱਜ 20 ਥਾਵਾਂ ’ਤੇ ਅੱਗ ਨੂੰ ਕਾਬੂ ਕਰਨ ਲਈ ਅੱਗ ਬੁਝਾਊ ਦਸਤਿਆਂ ਦੇ ਚਾਰ ਹਜ਼ਾਰ ਮੁਲਾਜ਼ਮ ਜੁਟੇ ਹੋਏ ਸਨ।
ਪੁਰਤਗਾਲ ਦੀ ਕੌਮੀ ਨਾਗਰਿਕ ਸੁਰੱਖਿਆ ਏਜੰਸੀ ਨੇ 27 ਮੌਤਾਂ ਦੀ ਪੁਸ਼ਟੀ ਕੀਤੀ ਹੈ। ਦੱਸਣਯੋਗ ਹੈ ਕਿ 17 ਜੂਨ ਨੂੰ ਮੁਲਕ ਦੇ ਇਤਿਹਾਸ ਦੀ ਸਭ ਤੋਂ ਮਾਰੂ ਅੱਗ ਵਿੱਚ 64 ਜਣੇ ਮਾਰੇ ਗਏ ਸਨ ਅਤੇ ਢਾਈ ਸੌ ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ। ਪੇਨਾਕੋਵਾ ਸ਼ਹਿਰ ਦੇ ਵਸਨੀਕ ਨੇ ਆਰਟੀਪੀ ਟੈਲੀਵਿਜ਼ਨ ਨੂੰ ਦੱਸਿਆ, ‘ਅਸੀਂ ਨਰਕ ਭਰੀ ਜ਼ਿੰਦਗੀ ਜਿਉਂ ਰਹੇ ਹਾਂ। ਇਹ ਬਹੁਤ ਭਿਆਨਕ ਕਿਉਂਕਿ ਚਾਰੇ ਪਾਸੇ ਅੱਗ ਹੈ।’
ਪੁਰਤਗਾਲ ਦੀ ਸਰਹੱਦ ਉਤੇ ਸਪੇਨ ਦੇ ਉੱਤਰ-ਪੱਛਮੀ ਸੂਬੇ ਗੈਲਿਸੀਆ ਵਿੱਚ 17 ਥਾਈਂ ਲਾਈ ਅੱਗ ਕਾਰਨ ਤਿੰਨ ਮੌਤਾਂ ਹੋਈਆਂ ਹਨ। ਗੈਲਿਸੀਆ ਸਰਕਾਰ ਦੇ ਮੁਖੀ ਅਲਬਰਟੋ ਨੂਨੇਜ਼ ਫੇਇਜੂ ਨੇ ਕਿਹਾ, ‘ਕੁੱਝ ਲੋਕਾਂ ਨੇ ਜਾਣਬੁੱਝ ਕੇ ਅੱਗ ਲਾਈ ਹੈ, ਜਿਨ੍ਹਾਂ ਨੂੰ ਪਤਾ ਸੀ ਕਿ ਉਹ ਕੀ ਕਰ ਰਹੇ ਹਨ। ਅੱਜ ਵੀ ਸਥਿਤੀ ਬੇਹੱਦ ਚਿੰਤਾਜਨਕ ਬਣੀ ਰਹੀ। ਅੱਗ ਬੁਝਾਊ ਅਮਲੇ ਵੱਲੋਂ ਫ਼ੌਜੀਆਂ ਅਤੇ ਸਥਾਨਕ ਲੋਕਾਂ ਨਾਲ ਮਿਲ ਕੇ ਅੱਗ ’ਤੇ ਕਾਬੂ ਪਾਇਆ ਜਾ ਰਿਹਾ ਹੈ। ਸਪੇਨ ਦੇ ਗ੍ਰਹਿ ਮੰਤਰੀ ਜੁਆਨ ਇਗਨਾਸੀਓ ਜ਼ੋਇਡੋ ਨੇ ਟਵੀਟ ਕੀਤਾ, ‘ਗੈਲਿਸੀਆ ਵਿੱਚ ਅੱਗ ਦੀਆਂ ਘਟਨਾਵਾਂ ਸਬੰਧੀ ਕਈ ਵਿਅਕਤੀਆਂ ਦੀ ਸ਼ਨਾਖ਼ਤ ਕੀਤੀ    ਗਈ ਹੈ।’

Facebook Comment
Project by : XtremeStudioz