Close
Menu

ਪੁਲਵਾਮਾ ਵਿਖੇ ਸੂਬੇ ਦੇ ਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਨੂੰ ਕੈਬਨਿਟ ਮੰਤਰੀਆਂ, ਉੱਚ ਅਧਿਕਾਰੀਆਂ ਅਤੇ ਸੂਬੇ ਭਰ ਦੇ ਲੋਕਾਂ ਵੱਲੋਂ ਹੰਝੂਆਂ ਭਰੀ ਵਿਦਾਇਗੀ

-- 16 February,2019

ਚੰਡੀਗੜ੍ਹ, 16 ਫਰਵਰੀ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਸੂਬੇ ਦੇ ਪੁਲਵਾਮਾ ਵਿਖੇ ਸ਼ਹੀਦ ਹੋਏ ਸੀ.ਆਰ.ਪੀ.ਐਫ. ਦੇ ਚਾਰ ਜਵਾਨਾਂ ਦਾ ਪੂਰੇ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਸ਼ਹੀਦਾਂ ਨੂੰ ਸੂਬੇ ਭਰ ਨੇ ਹੰਝੂਆਂ ਭਰੀ ਵਿਦਾਇਗੀ ਦਿੱਤੀ |
ਸੂਬੇ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੇ ਆਪਣੇ-ਆਪਣੇ ਖੇਤਰਾਂ ਵਿੱਚ ਲੋਕਾਂ ਨਾਲ ਮਿਲ ਕੇ ਸ਼ਹੀਦ ਜਵਾਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ |
ਸਿਪਾਹੀ ਮਨਿੰਦਰ ਸਿੰਘ ਦਾ ਦੀਨਾਨਗਰ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਜਿੱਥੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਤੋਂ ਇਲਾਵਾ ਡੀ.ਆਈ.ਜੀ. ਸਰਹੱਦੀ ਰੇਂਜ, ਡੀ.ਆਈ.ਜੀ. ਸੀ.ਆਰ.ਪੀ.ਐਫ., ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਹਾਜ਼ਰ ਸਨ |
ਸਿਪਾਹੀ ਸੁਖਵਿੰਦਰ ਸਿੰਘ ਦਾ ਤਰਨ ਤਾਰਨ ਦੇ ਗੰਡੀਵਿੰਡ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਮੌਕੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਵਿਧਾਇਕ ਹਰਮਿੰਦਰ ਸਿੰਘ ਗਿੱਲ, ਸੁਖਪਾਲ ਸਿੰਘ ਭੁੱਲਰ, ਡਾ. ਧਰਮਵੀਰ ਅਗਨੀਹੋਤਰੀ, ਕੁਲਬੀਰ ਸਿੰਘ ਜ਼ੀਰਾ ਅਤੇ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਹਾਜ਼ਰ ਹੋਏ |
ਕੁਲਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਆਨੰਦਪੁਰ ਸਾਹਿਬ ਦੇ ਪਿੰਡ ਰੌਲੀ ਵਿਖੇ ਕੀਤਾ ਗਿਆ | ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੇ.ਪੀ. ਸਿੰਘ ਰਾਣਾ, ਰੂਪਨਗਰ ਦੇ ਡਿਪਟੀ ਕਮਿਸ਼ਨਰ ਸੁਮੀਤ ਕੁਮਾਰ, ਡੀ.ਆਈ.ਜੀ. ਸੀ.ਆਰ.ਪੀ.ਐਫ. ਏ.ਐਸ. ਨੇਗੀ ਅਤੇ ਰੂਪਨਗਰ ਦੇ ਐਸ.ਐਸ.ਪੀ. ਸਵਪਨ ਸ਼ਰਮਾ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ |
ਸ਼ਹੀਦ ਜੈਮਲ ਸਿੰਘ ਦਾ ਅੰਤਿਸ ਸੰਸਕਾਰ ਮੋਗਾ ਵਿਖੇ ਕੀਤਾ ਗਿਆ ਜਿਸ ਮੌਕੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ, ਕੁਲਬੀਰ ਸਿੰਘ ਜ਼ੀਰਾ, ਹਰਜੋਤ ਕਮਲ, ਸਾਬਕਾ ਵਿਧਾਇਕ ਕੁਲਦੀਪ ਸਿੰਘ ਧੋਸ, ਸਥਾਨਕ ਕਾਂਗਰਸੀ ਆਗੂ ਮਹੇਸ਼ਇੰਦਰ ਸਿੰਘ ਹਾਜ਼ਰ ਹੋਏ |
ਕੈਪਟਨ ਅਮਰਿੰਦਰ ਸਿੰਘ ਨੇ ਇਸ ਸੰਕਟ ਕੀ ਘੜੀ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਯਕੀਨੀ ਬਣਾਉਣ ਵਾਸਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ | ਗੌਰਤਲਬ ਹੈ ਕਿ ਮੁੱਖ ਮੰਤਰੀ ਨੇ ਕੱਲ ਸੂਬੇ ਦੇ ਸ਼ਹੀਦ ਹੋਏ ਚਾਰ ਜਵਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਅਤੇ 12-12 ਲੱਖ ਰੁਪਏ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ |

Facebook Comment
Project by : XtremeStudioz