Close
Menu

ਪੌਂਟਿੰਗ ਨੇ ਚੌਥੇ ਨੰਬਰ ਉੱਤੇ ਰਿਸ਼ਭ ਪੰਤ ਨੂੰ ਉਤਾਰਨ ਦੀ ਕੀਤੀ ਪੈਰਵੀ

-- 20 March,2019

ਨਵੀਂ ਦਿੱਲੀ, 20 ਮਾਰਚ
ਵਿਸ਼ਵ ਕ੍ਰਿਕਟ ਦੇ ਮਹਾਨ ਕਪਤਾਨਾਂ ਵਿੱਚ ਸ਼ੁਮਾਰ ਰਿਕੀ ਪੌਟਿੰਗ ਨੇ ਰਿਸ਼ਭ ਪੰਤ ਨੂੰ ਭਾਰਤ ਦੀ ਵਿਸ਼ਭ ਕੱਪ ਟੀਮ ਵਿੱਚ ਚੌਥੇ ਨੰਬਰ ਦੇ ਬੱਲੇਬਾਜ਼ ਵਜੋਂ ਖਿਡਾਉਣ ਦੀ ਹਮਾਇਤ ਕੀਤੀ ਜਦੋਂ ਕਿ ਸੌਰਵ ਗਾਂਗੁਲੀ ਨੇ ਉਸਨੂੰ ਭਾਰਤੀ ਟੀਮ ਦਾ ਅਨਮੋਲ ਹੀਰਾ ਦੱਸਿਆ। ਇੰਗਲੈਂਡ ਵਿੱਚ 30 ਮਈ ਨੂੰ ਹੋ ਰਹੇ ਵਿਸ਼ਵ ਕੱਪ ਦੇ ਲਈ ਭਾਰਤੀ ਬੱਲੇਬਾਜ਼ੀ ਕ੍ਰਮ ਵਿੱਚ ਚੌਥੇ ਨੰਬਰ ਨੂੰ ਲੈ ਕੇ ਕਾਫੀ ਅਟਕਲਾਂ ਲਾਈਆਂ ਜਾ ਰਹੀਆਂ ਹਨ। ਭਾਰਤ ਦੇ ਕੋਲ ਰੋਹਿਤ ਸ਼ਰਮਾ, ਸ਼ਿਖਰ ਧਵਨ ਅਤੇ ਕਪਤਾਨ ਵਿਰਾਟ ਕੋਹਲੀ ਦੇ ਰੂਪ ਵਿੱਚ ਸਿਖਰ ਉੱਤੇ ਦੁਨੀਆ ਦੇ ਤਿੰਨ ਸਭ ਤੋਂ ਖਤਰਨਾਕ ਮੰਨੇ ਜਾਂਦੇ ਬੱਲੇਬਾਜ਼ ਹਨ ਪਰ ਚੌਥੇ ਸਥਾਨ ਨੂੰ ਲੈ ਕੇ ਟੀਮ ਦੀ ਚਿੰਤਾ ਬਰਕਰਾਰ ਹੈ ਅਤੇ ਇਸ ਸਥਾਨ ਉੱਤੇ ਅਜੇ ਕੋਈ ਵੀ ਬੱਲੇਬਾਜ਼ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਥਾਂ ਲੈਣ ਦੇ ਪੂਰੀ ਤਰ੍ਹਾਂ ਯੋਗ ਸਿੱਧ ਨਹੀਂ ਹੋ ਸਕਿਆ।
ਆਸਟਰੇਲੀਆ ਦੇ ਸਾਬਕਾ ਕਪਤਾਨ ਅਤੇ ਆਈਪੀਐੱਲ ਵਿੱਚ ਦਿੱਲੀ ਕੈਪੀਟਲ ਟੀਮ ਦੇ ਮੁੱਖ ਕੋਚ ਪੌਟਿੰਗ ਨੇ ਇਸ ਬਾਰੇ ਪੁੱਛਣ ਉੱਤੇ ਦੱਸਿਆ ਕਿ ਕਿ ਜੇ ਉਹ ਚੋਣਕਾਰ ਹੁੰਦਾ ਤਾਂ ਉਹ ਰਿਸ਼ਭ ਪੰਤ ਦੀ ਚੌਥੇ ਸਥਾਨ ਲਈ ਚੋਣ ਲਾਜ਼ਮੀ ਕਰਦਾ। ਚੌਥੇ ਨੰਬਰ ਦੇ ਲਈ ਉਸ ਤੋਂ ਵਧੀਆ ਖਿਡਾਰੀ ਕੋਈ ਨਹੀਂ ਹੈ। ਉਹ ਟੀਮ ਵਿੱਚ ਐਕਸ ਫੈਕਟਰ ਬਣ ਸਕਦਾ ਹੈ। ਦੂਜੇ ਪਾਸੇ ਭਾਰਤ ਨੂੰ 2003 ਵਿਸ਼ਵ ਕੱਪ ਫਾਈਨਲ ਤੱਕ ਲੈ ਜਾਣ ਵਾਲੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਰਾਏ ਕੁੱਝ ਵੱਖਰੀ ਹੈ। ਉਨ੍ਹਾਂ ਪੌਟਿੰਗ ਦੀ ਰਾਏ ਨਾਲ ਅਸਹਿਮਤੀ ਜਿਤਾਉਂਦਿਆ ਕਿਹਾ ਕਿ ਰਿਸ਼ਭ ਪੰਤ ਟੈਸਟ ਕ੍ਰਿਕਟ ਦੇ ਆਪਣੇ ਪ੍ਰਦਰਸ਼ਨ ਨੂੰ ਸੀਮਤ ਓਵਰਾਂ ਦੇ ਪ੍ਰਦਰਸ਼ਨ ਵਿੱਚ ਦੁਹਰਾਅ ਨਹੀਂ ਸਕਿਆ। ਉਨ੍ਹਾਂ ਕਿਹਾ ਕਿ ਸੀਮਤ ਓਵਰਾਂ ਵਿੱਚ ਭਾਰਤ ਕੋਲ ਮਹਿੰਦਰ ਸਿੰਘ ਧੋਨੀ ਵਰਗਾ ਮਹਾਨ ਖਿਡਾਰੀ ਹੈ। ਇਹ ਹੀ ਵਜ੍ਹਾ ਹੈ ਕਿ ਪੰਤ ਨੂੰ ਨਿਯਮਿਤ ਤੌਰ ਉੱਤੇ ਮੌਕੇ ਨਹੀਂ ਮਿਲਦੇ।
ਟੈਸਟ ਵਿੱਚ ਉਹ ਨਿਯਮਿਤ ਖੇਡ ਰਿਹਾ ਹੈ ਤੇ ਉਸਦੀ ਫਰਮ ਦੇਖੋ। ਅਗਲੇ ਦਸ ਸਾਲ ਲਈ ਉਹ ਭਾਰਤੀ ਟੀਮ ਲਈ ਅਨਮੋਲ ਧਰੋਹਰ ਸਾਬਿਤ ਹੋਵੇਗਾ। ਗਾਂਗੁਲੀ ਨੇ ਕਿਹਾ ਕਿ ਉਹ ਉਸ ਨੂੰ ਨੇੜਿਓਂ ਦੇਖਦਾ ਹੈ ਤੇ ਉਹ ਕਾਫੀ ਅਨੁਸ਼ਾਸਿਤ ਹੈ ਅਤੇ ਨੈੱਟ ਅਭਿਆਸ ਦੌਰਾਨ ਵੀ ਕਾਫੀ ਮਿਹਨਤ ਕਰਦਾ ਹੈ। ਉਸ ਦੇ ਵਿੱਚ ਚੰਗੇ ਖਿਡਾਰੀ ਦੇ ਲੱਛਣ ਹਨ।
ਚੌਥੇ ਨੰਬਰ ਦੇ ਬਾਰੇ ਪੁੱਛੇ ਜਾਣ ’ਤੇ ਉਸ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਵਿਰਾਟ ਨੂੰ ਇਸ ਦੇ ਬਾਰੇ ਵਿੱਚ ਰਾਏ ਦੇਣ ਦੀ ਲੋੜ ਨਹੀਂ ਹੈ। ਉਸ ਨੇ ਆਪਣੇ ਦਿਮਾਗ ਵਿੱਚ ਤੈਅ ਕਰ ਰੱਖਿਆ ਹੋਵੇਗਾ ਕਿ ਉਸਦਾ ਚੌਥੇ ਨੰਬਰ ਦਾ ਬੱਲੇਬਾਜ਼ ਕੌਣ ਹੈ। ਰਿਸ਼ਭ ਹੈ, ਅੰਬਾਤੀ ਰਾਇਡੂ ਹੈ, ਚੇਤੇਸ਼ਵਰ ਪੁਜਾਰਾ ਵੀ ਬਦਲ ਹੋ ਸਕਦਾ ਹੈ।
ਆਈਪੀਐੱਲ ਦੇ ਵਿੱਚ ਪੌਟਿੰਗ ਦਾ ਨਾਤਾ ਮੁੰਬਈ ਇੰਡੀਅਨਜ਼ ਦੇ ਨਾਲ ਰਿਹਾ ਹੈ ਤਾਂ ਗਾਂਗੁਲੀ ਕੋਲਕਾਤਾ ਨਾਈਟ ਰਾਈਡਰਜ਼ ਅਤੇ ਪੁਣੇ ਵਾਰੀਆਰਜ਼ ਦੇ ਨਾਲ ਜੁੜਿਆ ਰਿਹਾ ਹੈ।
ਦੋਨਾਂ ਦੇ ਲਈ ਦਿੱਲੀ ਕੈਪੀਟਲ ਨਵੀਂ ਟੀਮ ਹੈ ਅਤੇ ਪਿਛਲੇ ਸਮੇਂ ਵਿੱਚ ਕੁੱਝ ਖਾਸ ਨਾ ਕਰ ਸਕੀ ਦਿੱਲੀ ਕੈਪੀਟਲ ਤੋਂ ਇਸ ਸੈਸ਼ਨ ਦੇ ਵਿੱਚ ਉਮੀਦਾਂ ਵਧ ਗਈਆਂ ਹਨ। ਪੌਟਿੰਗ ਨੇ ਕਿਹਾ ਕਿ ਸਾਡੀ ਟੀਮ ਦੇ ਵਿੱਚ ਨੌਜਵਾਨਾਂ ਅਤੇ ਤਜ਼ਰਬੇਕਾਰ ਖਿਡਾਰੀਆਂ ਦਾ ਮਿਸ਼ਰਣ ਹੈ। ਇਸ਼ਾਂਤ ਸ਼ਰਮਾ ਨੇ ਆਪਣੀ ਗੇਂਦਬਾਜ਼ੀ ਨੂੰ ਨਵੇਂ ਸਿਰੇ ਤੋਂ ਤਰਾਸ਼ਿਆ ਹੈ। ਸ਼ਿਖਰ ਧਵਨ ਦੀ ਦਿੱਲੀ ਦੀ ਟੀਮ ਵਿੱਚ ਵਾਪਸੀ ਹੋਈ ਹੈ। ਉਨ੍ਹਾਂ ਨੇ ਇਸ ਸੈਸ਼ਨ ਤੋਂ ਕਾਫੀ ਉਮੀਦ ਦਾ ਪ੍ਰਗਟਾਵਾ ਕੀਤਾ ਹੈ।

Facebook Comment
Project by : XtremeStudioz