Close
Menu

ਪੰਚਾਇਤ ਚੋਣਾਂ ਨਵੰਬਰ ਤੱਕ ਟਲਣ ਦੇ ਆਸਾਰ

-- 19 September,2018

ਚੰਡੀਗੜ੍ਹ, ਪੰਜਾਬ ਵਿੱਚ ਗਰਾਮ ਪੰਚਾਇਤਾਂ ਦੀਆਂ ਚੋਣਾਂ ਨਵੰਬਰ ਮਹੀਨੇ ਤੱਕ ਲਟਕਣ ਦੇ ਆਸਾਰ ਬਣ ਗਏ ਹਨ। ਸੂਤਰਾਂ ਮੁਤਾਬਕ ਗਰਾਮ ਪੰਚਾਇਤਾਂ ਲਈ ਰਾਖਵੇਂਕਰਨ ਦੀ ਪ੍ਰਕਿਰਿਆ ਸਿਰੇ ਨਾ ਚੜ੍ਹਨ ਕਾਰਨ ਗਰਾਮ ਪੰਚਾਇਤ ਚੋਣਾਂ ਦਾ ਅਮਲ ਸ਼ੁਰੂ ਨਹੀਂ ਹੋ ਰਿਹਾ। ਕਾਂਗਰਸ ਦੇ ਕਈ ਵਿਧਾਇਕਾਂ ਨੇ ਰਾਖਵੇਂਕਰਨ ਸਬੰਧੀ ਸੁਣਵਾਈ ਨਾ ਹੋਣ ਦੇ ਦੋਸ਼ ਲਾਉਂਦਿਆਂ ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਕੋਲ ਸਖ਼ਤ ਰੋਸ ਪ੍ਰਗਟਾਇਆ ਹੈ। ਪੰਜਾਬ ਵਿੱਚ 13 ਹਜ਼ਾਰ ਦੇ ਕਰੀਬ ਗਰਾਮ ਪੰਚਾਇਤਾਂ ਦੀ ਚੋਣ ਹੋਣੀ ਹੈ। ਸਰਕਾਰ ਵੱਲੋਂ 16 ਜੁਲਾਈ ਨੂੰ ਸਮੂਹ ਪੰਚਾਇਤਾਂ ਭੰਗ ਕਰ ਕੇ ਪ੍ਰਸ਼ਾਸਕ ਲਗਾ ਦਿੱਤੇ ਗਏ ਸਨ। ਸੰਵਿਧਾਨਕ ਤੌਰ ’ਤੇ ਗਰਾਮ ਪੰਚਾਇਤਾਂ ਭੰਗ ਹੋਣ ਤੋਂ 6 ਮਹੀਨਿਆਂ ਦੇ ਅੰਦਰ-ਅੰਦਰ ਚੋਣਾਂ ਦਾ ਅਮਲ ਨੇਪਰੇ ਚਾੜ੍ਹਨਾ ਜ਼ਰੂਰੀ ਹੈ। ਪੰਚਾਇਤ ਵਿਭਾਗ ਵੱਲੋਂ ਵੀ ਸਰਕਾਰ ਨੂੰ ਸੂਚਿਤ ਕੀਤਾ ਗਿਆ ਹੈ ਕਿ ਦਸੰਬਰ ਦੇ ਅਖ਼ੀਰ ਤੱਕ ਚੋਣਾਂ ਦਾ ਅਮਲ ਹਰ ਹਾਲ ਸਿਰੇ ਚਾੜ੍ਹਿਆ ਜਾਵੇ। ਸਰਕਾਰ ਵੱਲੋਂ ਇਸ ਤੋਂ ਪਹਿਲਾਂ ਜ਼ਿਲ੍ਹਾ ਪਰਿਸ਼ਦ, ਪੰਚਾਇਤ ਸਮਿਤੀਆਂ ਅਤੇ ਗਰਾਮ ਪੰਚਾਇਤਾਂ ਦੀਆਂ ਚੋਣਾਂ ਦਾ ਅਮਲ 14 ਅਕਤੂਬਰ ਤੱਕ ਸਿਰੇ ਚਾੜ੍ਹਨ ਲਈ ਸੂਬਾਈ ਚੋਣ ਕਮਿਸ਼ਨ ਨੂੰ ਲਿਖਿਆ ਗਿਆ ਸੀ। ਸਰਕਾਰ ਵੱਲੋਂ ਗਰਾਮ ਪੰਚਾਇਤਾਂ ਦੀਆਂ ਚੋਣਾਂ ਸਬੰਧੀ ਦਿਖਾਈ ਜਾ ਰਹੀ ਬੇਰੁਖ਼ੀ ਨੂੰ ਦੇਖਦਿਆਂ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਰਾਖਵੇਂਕਰਨ ਦਾ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਾਰਨ ਪੰਚਾਇਤ ਚੋਣਾਂ 14 ਅਕਤੂਬਰ ਤੱਕ ਨਹੀਂ ਕਰਾਈਆਂ ਜਾ ਸਕਦੀਆਂ।
ਜਾਣਕਾਰੀ ਮਿਲੀ ਹੈ ਕਿ ਰਾਖਵੇਂਕਰਨ ਨੂੰ ਲੈ ਕੇ ਹਾਕਮ ਪਾਰਟੀ ਦੇ ਵਿਧਾਇਕਾਂ ਅਤੇ ਆਗੂਆਂ ’ਚ ਵੱਡਾ ਰੱਫ਼ੜ ਛਿੜਿਆ ਹੋਇਆ ਹੈ। ਦਿਹਾਤੀ ਖੇਤਰ ਵਿਚਲੇ ਪ੍ਰਭਾਵਸ਼ਾਲੀ ਆਗੂਆਂ ਵੱਲੋਂ ਆਪੋ ਆਪਣੇ ਪਿੰਡ ਰਾਖਵੇਂਕਰਨ ਦੀ ਮਾਰ ਤੋਂ ਬਚਾਉਣ ਲਈ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਵਿਭਾਗ ਦੇ ਅਧਿਕਾਰੀਆਂ ’ਤੇ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ। ਕਾਂਗਰਸ ਦੇ ਤਕਰੀਬਨ 10 ਵਿਧਾਇਕ ਇਸ ਸਮੇਂ ਪੰਚਾਇਤ ਵਿਭਾਗ ਨਾਲ ਰਾਖਵੇਂਕਰਨ ਦੇ ਮੁੱਦੇ ’ਤੇ ਹੀ ਟੱਕਰ ਲਾਈ ਬੈਠੇ ਹਨ। ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਜਾਤੀਆਂ ਨੂੰ ਤਾਂ ਪਹਿਲਾਂ ਹੀ ਰਾਖਵੇਂਕਰਨ ਦੀ ਸ਼੍ਰੇਣੀ ਵਿੱਚ ਰੱਖਿਆ ਹੋਇਆ ਸੀ। ਇਸ ਵਾਰੀ ਸਰਕਾਰ ਨੇ ਮਹਿਲਾਵਾਂ ਨੂੰ ਵੀ 50 ਫੀਸਦੀ ਰਾਖਵਾਂਕਰਨ ਦੇਣ ਲਈ ਪੰਚਾਇਤ ਕਾਨੂੰਨ ਵਿੱਚ ਸੋਧ ਕੀਤੀ ਹੈ। ਦੂਜੇ ਪਾਸੇ ਪਾਰਟੀ ਦੇ ਪ੍ਰਭਾਵਸ਼ਾਲੀ ਨੇਤਾ ਆਪਣੇ ਪਿੰਡਾਂ ਨੂੰ ਜਨਰਲ ਵਰਗ ਲਈ ਰੱਖਣਾ ਚਾਹੁੰਦੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸਰਕਾਰ ਗਰਾਮ ਪੰਚਾਇਤਾਂ ਦੀਆਂ ਚੋਣਾਂ ਨਵੰਬਰ ਮਹੀਨੇ ਦੇ ਤੀਜੇ ਹਫ਼ਤੇ ਕਰਾਉਣਾ ਚਾਹੁੰਦੀ ਹੈ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਚੋਣਾਂ ਸਬੰਧੀ ਖੇਡੀ ਜਾ ਰਹੀ ਲੁਕਣਮੀਟੀ ਦਿਹਾਤੀ ਖੇਤਰ ਦੇ ਲੋਕਾਂ ਨੂੰ ਨਿਰਾਸ਼ ਕਰੇਗੀ ਕਿਉਂਕਿ ਸਰਪੰਚੀ ਤੇ ਪੰਚੀ ਦੇ ਚਾਹਵਾਨਾਂ ਨੇ ਸਰਗਰਮੀਆਂ ਆਰੰਭੀਆਂ ਹੋਈਆਂ ਹਨ ਤੇ ਪਿੰਡਾਂ ਵਿੱਚ ਮਹਿਫਿਲਾਂ ਦਾ ਦੌਰ ਵੀ ਸ਼ੁਰੂ ਹੋ ਚੁੱਕਾ ਹੈ।

Facebook Comment
Project by : XtremeStudioz