Close
Menu

ਪੰਜਾਬੀ ’ਵਰਸਿਟੀ ਸੇਵਾਮੁਕਤ ਅਧਿਆਪਕਾਂ ਦੀ ਨਹੀਂ ਹੋਵੇਗੀ ਪੁਨਰ ਨਿਯੁਕਤੀ

-- 26 May,2017

ਪਟਿਆਲਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸੇਵਾਮੁਕਤ ਹੋਣ ਵਾਲੇ ਅਧਿਆਪਕਾਂ ਲਈ ਪੁਨਰ ਨਿਯੁਕਤੀ ਦਾ ਰਾਹ ਬੰਦ ਕਰ ਦਿੱਤਾ ਗਿਆ ਹੈ। ਇਸ ਬਾਰੇ ਪੱਤਰ ਰਜਿਸਟਰਾਰ ਵੱਲੋਂ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਭੇਜਿਆ ਗਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਉਹ ਸੇਵਾਮੁਕਤ ਹੋਣ ਵਾਲੇ ਅਧਿਆਪਕ ਨੂੰ ਪੁਨਰ ਨਿਯੁਕਤ ਕਰਨ ਦੀ ਸਿਫ਼ਾਰਸ਼ ਨਾ ਭੇਜਣ। ਦੂਜੇ ਪਾਸੇ 70 ਦੇ ਕਰੀਬ ਪੁਨਰ ਨਿਯੁਕਤ ਅਧਿਆਪਕ, ਜੋ ਯੂਨੀਵਰਸਿਟੀ ਵਿੱਚ ਕੰਮ ਕਰ ਰਹੇ ਹਨ, ਨੂੰ ਫ਼ਾਰਗ ਕਰਨ ਲਈ ਕਰਮਚਾਰੀਆਂ ਦੀ ਐਡਹਾਕ ਕਮੇਟੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪਹਿਲੀ ਜੂਨ ਨੂੰ ਸਿੰਡੀਕੇਟ ਦੀ ਮੀਟਿੰਗ ਕਰਕੇ ਇਹ ਨਿਯੁਕਤੀਆਂ ਰੱਦ ਨਾ ਕੀਤੀਆਂ ਗਈਆਂ ਤਾਂ ਉਹ ਮੁੜ ਸ਼ੰਘਰਸ਼ ਸ਼ੁਰੂ ਕਰ ਦੇਣਗੇ।
ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਇੰਦਰਜੀਤ ਸਿੰਘ ਨੇ ਇੱਕ ਪੱਤਰ ਵਿਭਾਗਾਂ ਦੇ ਮੁਖੀਆਂ ਨੂੰ ਜਾਰੀ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਹੁਣ ਕਿਸੇ ਵੀ ਸੇਵਾਮੁਕਤ ਹੋਣ ਵਾਲੇ ਅਧਿਆਪਕ ਜਾਂ ਗੈਰ ਅਧਿਆਪਕ ਨੂੰ ਪੁਨਰ ਨਿਯੁਕਤ ਨਹੀਂ ਕੀਤਾ ਜਾਵੇਗਾ। ਇਸ ਲਈ ਵਿਭਾਗ ਤੇ ਬਰਾਂਚ ਦਾ ਮੁਖੀ ਪ੍ਰੋਫੈਸਰ ਜਾਂ ਗੈਰ ਅਧਿਆਪਨ ਅਮਲੇ ਦਾ ਪੁਨਰ ਨਿਯੁਕਤ ਜਾਂ ਸੇਵਾ ਵਿੱਚ ਵਾਧੇ ਦਾ ਕੇਸ ਨਾ ਭੇਜੇ।
ਦੂਜੇ ਪਾਸੇ ਐਡਹਾਕ ਕਮੇਟੀ ਦੇ ਕਨਵੀਨਰ ਅਵਤਾਰ ਸਿੰਘ ਤੇ ਮੈਂਬਰ ਕਸ਼ਮੀਰ ਸਿੰਘ ਨੇ ਕਿਹਾ ਹੈ ਕਿ ਕਮੇਟੀ ਅੱਜ ਵਾਈਸ ਚਾਂਸਲਰ ਨੂੰ ਮਿਲ ਕੇ ਕਹਿ ਚੁੱਕੀ ਹੈ ਕਿ ਇੱਕ ਜੂਨ ਨੂੰ ਹਾਈਕੋਰਟ ਵਿਚ ਪੁਨਰ ਨਿਯੁਕਤ ਅਧਿਆਪਕਾਂ ਦੇ ਮਾਮਲੇ ਦੀ ਪੇਸ਼ੀ ਹੈ। ਇਸ ਕਰ ਕੇ ਇੱਕ ਜੂਨ ਤੱਕ ਪੰਜਾਬੀ ਯੂਨੀਵਰਸਿਟੀ ਵਿਚ ਸਿੰਡੀਕੇਟ ਦੀ ਮੀਟਿੰਗ ਕਰ ਕੇ ਪੁਨਰ ਨਿਯੁਕਤ ਹੋਏ ਅਧਿਆਪਕਾਂ ਨੂੰ ਫ਼ਾਰਗ ਕਰਨ ਦਾ ਫ਼ੈਸਲਾ ਕੀਤਾ ਜਾਵੇ ਨਹੀਂ ਤਾਂ ਉਹ ਇੱਕ ਜੂਨ ਤੋਂ ਬਾਅਦ ਮੁੜ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਅਨੁਰਾਗ ਵਰਮਾ ਨੇ ਅੱਜ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਹਾਂ ਪੱਖੀ ਰੁਖ਼ ਅਪਣਾਇਆ। ਇਸ ਮਾਮਲੇ ’ਚ ਸੋਮਵਾਰ ਜਾਂ ਮੰਗਲਵਾਰ ਤੱਕ ਸਿੰਡੀਕੇਟ ਦੀ ਮੀਟਿੰਗ ਹੋਣ ਦੀ ਸੰਭਾਵਨਾ ਹੈ।

Facebook Comment
Project by : XtremeStudioz