Close
Menu

ਪੰਜਾਬ ’ਚ ਮੀਂਹ ਨੇ ਕਹਿਰ ਢਾਹਿਆ; ਪੰਜ ਮੌਤਾਂ

-- 24 September,2018

ਬਠਿੰਡਾ, ਪੰਜਾਬ ਤੇ ਹਰਿਆਣਾ ’ਚ ਦੋ ਦਿਨਾਂ ਤੋਂ ਪੈ ਰਹੀ ਬਾਰਸ਼ ਨੇ ਪੰਜ ਜਣਿਆਂ ਦੀ ਜਾਨ ਲੈ ਲਈ ਹੈ ਜਦੋਂ ਕਿ ਦੂਜੇ ਦਿਨ ਦੀ ਤੇਜ਼ ਰਫ਼ਤਾਰ ਬਾਰਸ਼ ਨੇ ਕਈ ਖ਼ਿੱਤਿਆਂ ਵਿਚ ਝੋਨੇ ਦੀ ਫ਼ਸਲ ਵਿਛਾ ਦਿੱਤੀ ਹੈ। ਇਵੇਂ ਨਰਮਾ ਪੱਟੀ ‘ਚ ਨਰਮੇ ਕਪਾਹ ਦੀ ਚੰਗੀ ਭਲੀ ਫ਼ਸਲ ’ਤੇ ਮੀਂਹ ਨੇ ਆਫ਼ਤ ਸੁੱਟ ਦਿੱਤੀ ਹੈ। ਪੰਜਾਬ ਦੇ ਕੁੱਝ ਖੇਤਰਾਂ ‘ਚ 22 ਸਤੰਬਰ ਦੀ ਸਵੇਰ ਤੋਂ ਬਾਰਸ਼ ਸ਼ੁਰੂ ਹੋਈ ਜਿਸ ਨੇ ਅੱਜ ਦੂਸਰੇ ਦਿਨ ਦੀ ਸ਼ਾਮ ਤੱਕ ਤਕਰੀਬਨ ਪੂਰੇ ਪੰਜਾਬ ਨੂੰ ਆਪਣੇ ਕਲਾਵੇ ਵਿਚ ਲੈ ਲਿਆ। ਵੇਰਵਿਆਂ ਅਨੁਸਾਰ ਮੋਗਾ ਦੀ ਮਹਿਲਾ ਮਜ਼ਦੂਰ ਕਿਰਨਦੀਪ ਅਤੇ ਉਸ ਦੀ ਇੱਕ ਵਰ੍ਹੇ ਦੀ ਧੀ ਦੀ ਨੀਲਿਆਂ ਵਾਲੀ (ਨੇੜੇ ਡੱਬਵਾਲੀ) ‘ਚ ਮੀਂਹ ਕਾਰਨ ਕਮਰੇ ਦੀ ਛੱਤ ਡਿੱਗਣ ਮੌਤ ਹੋ ਗਈ ਜਦੋਂ ਕਿ ਨਵਾਂ ਸ਼ਹਿਰ ਦੇ ਪਿੰਡ ਚੂਹੜਪੁਰ ‘ਚ ਪ੍ਰਵਾਸੀ ਮਜ਼ਦੂਰ ਤੇਲੂ ਰਾਮ ਤੇ ਉਸ ਦੇ ਪੁੱਤਰ ਦੀ ਛੱਤ ਡਿੱਗਣ ਨਾਲ ਮੌਤ ਹੋਣ ਦਾ ਸਮਾਚਾਰ ਹੈ। ਅੰਮ੍ਰਿਤਸਰ ਜ਼ਿਲੇ ਦੇ ਅੰਨਗੜ੍ਹ ਖੇਤਰ ਵਿੱਚ ਇਕ ਸ਼ੈੱਡ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ।
ਐਤਕੀਂ ਪੰਜਾਬ ‘ਚ ਨਰਮੇ ਅਤੇ ਝੋਨੇ ਦੀ ਫ਼ਸਲ ਤੋਂ ਕਿਸਾਨ ਬਾਗੋਬਾਗ਼ ਸਨ ਪ੍ਰੰਤੂ ਦੋ ਦਿਨਾਂ ਦੀ ਬਾਰਸ਼ ਨਾਲ ਕਿਸਾਨਾਂ ਦੇ ਚਿਹਰੇ ਮੁੜ ਮੁਰਝਾ ਦਿੱਤੇ ਗਏ ਹਨ। ਮੁਕਤਸਰ, ਬਠਿੰਡਾ, ਮਾਨਸਾ, ਬਰਨਾਲਾ, ਜਗਰਾਓ, ਗਿੱਦੜਬਾਹਾ, ਸਾਦਿਕ, ਤਪਾ, ਮੋਗਾ ਦੇ ਇਲਾਕੇ ਵਿਚ ਵੱਡੀ ਗਿਣਤੀ ਵਿਚ ਝੋਨੇ ਦੇ ਖੇਤ ਬਾਰਸ਼ ਮਗਰੋਂ ਚੱਲੀ ਹਵਾ ਕਾਰਨ ਵਿਛੇ ਹਨ ਅਤੇ ਵੱਡਾ ਫ਼ਸਲੀ ਨੁਕਸਾਨ ਹੋਇਆ ਹੈ। ਬਠਿੰਡਾ ਦੇ ਪਿੰਡ ਬਾਜਕ ਦੇ ਕਿਸਾਨ ਬਲਦੇਵ ਸਿੰਘ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਦੇ ਬਦਰੰਗ ਹੋਣ ਦਾ ਖ਼ਤਰਾ ਹੈ ਅਤੇ ਫ਼ਸਲ ਵਿਚ ਨਮੀ ਵਧੇਗੀ ਜਿਸ ਨਾਲ ਕਿਸਾਨਾਂ ਦੇ ਮੰਡੀਆਂ ਵਿਚ ਰੁਲਣ ਦਾ ਡਰ ਬਣ ਗਿਆ ਹੈ। ਪਿੰਡ ਮਹਿਰਾਜ ਦੇ ਕਿਸਾਨ ਸਤਵੀਰ ਸਿੰਘ ਨੇ ਦੱਸਿਆ ਕਿ ਨੀਵੇਂ ਖੇਤਾਂ ਵਿੱਚ ਨਿੱਸਰੀ ਫ਼ਸਲ ਡਿੱਗੀ ਹੈ ਜਿਸ ਨਾਲ ਹੁਣ ਕਟਾਈ ਦਾ ਕੰਮ ਪੰਜ ਸੱਤ ਦਿਨ ਲੇਟ ਹੋ ਜਾਵੇਗਾ। ਪੰਜਾਬ ਵਿਚ ਇਸ ਵਾਰ 30.42 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਬਿਜਾਂਦ ਹੈ ਅਤੇ ਹਫ਼ਤੇ ਮਗਰੋਂ ਕਟਾਈ ਸ਼ੁਰੂ ਹੋਣ ਦੀ ਸੰਭਾਵਨਾ ਸੀ। ਪੰਜਾਬ ਸਰਕਾਰ ਨੇ ਖੇਤੀ ਮਹਿਕਮੇ ਤੋਂ ਬਾਰਸ਼ ਨਾਲ ਹੋਏ ਨੁਕਸਾਨ ਦੀ ਰਿਪੋਰਟ ਮੰਗ ਲਈ ਹੈ। ਬਰਨਾਲਾ ਜ਼ਿਲੇ ਵਿੱਚ 100 ਐਮ.ਐਮ ਤੋਂ ਉੱਪਰ ਬਾਰਸ਼ ਹੋ ਚੁੱਕੀ ਹੈ ਜਦੋਂ ਕਿ ਬਠਿੰਡਾ ਵਿੱਚ ਹੁਣ ਤੱਕ 35 ਐਮ.ਐਮ ਬਾਰਸ਼ ਹੋਈ ਹੈ। ਬਰਨਾਲਾ ਦੇ ਪਿੰਡ ਢਿੱਲਵਾਂ ਦੇ ਕਿਸਾਨ ਬਲਦੇਵ ਸਿੰਘ ਨੇ ਦੱਸਿਆ ਕਿ ਨਰਮੇ ਦੀ ਫ਼ਸਲ ਨੁਕਸਾਨੀ ਗਈ ਹੈ ਅਤੇ ਤੇਜ਼ ਹਵਾਵਾਂ ਚੱਲੀਆਂ ਤਾਂ ਝੋਨੇ ਦੀ ਫ਼ਸਲ ਦਾ ਵੱਡਾ ਨੁਕਸਾਨ ਹੋਵੇਗਾ। ਮੌਸਮ ਵਿਭਾਗ ਅਨੁਸਾਰ ਭਲਕੇ 24 ਸਤੰਬਰ ਨੂੰ ਮੁੜ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਹੁਣ ਤੱਕ ਹੁਸ਼ਿਆਰਪੁਰ ਵਿੱਚ 180 ਐਮਐਮ, ਜਲੰਧਰ ਵਿੱਚ 135 ਐਮ.ਐਮ. , ਅਨੰਦਪੁਰ ਸਾਹਿਬ ਵਿਚ 123 ਐਮ.ਐਮ, ਪਟਿਆਲਾ ਵਿੱਚ 98.7 ਐਮ.ਐਮ, ਲੁਧਿਆਣਾ ਵਿਚ 77 ਐਮ.ਐਮ ਅਤੇ ਅੰਮ੍ਰਿਤਸਰ ਵਿੱਚ 55 ਐਮ.ਐਮ ਬਾਰਸ਼ ਹੋਈ ਹੈ। ਮੁਕਤਸਰ, ਫ਼ਰੀਦਕੋਟ,ਗਿੱਦੜਬਾਹਾ ਅਤੇ ਫ਼ਿਰੋਜ਼ਪੁਰ ਵਿਚ ਅੱਜ ਬਾਰਸ਼ ਪਈ ਹੈ। ਮੁਕਤਸਰ ਦੇ ਪਿੰਡ ਮਾਨ ਮਰਾੜ ਦੇ ਕਿਸਾਨ ਸੁਰਿੰਦਰ ਸਿੰਘ ਮਾਨ ਨੇ ਦੱਸਿਆ ਕਿ ਉਸ ਦੀ 22 ਏਕੜ ਝੋਨੇ ਦੀ ਫ਼ਸਲ ’ਤੇ ਪਾਣੀ ਫਿਰ ਗਿਆ ਹੈ ਜਿੱਥੇ ਫ਼ਸਲ ਬਦਰੰਗ ਹੋਵੇਗੀ, ਉੱਥੇ ਫ਼ਸਲ ਵੇਚਣ ਦਾ ਸੰਕਟ ਬਣ ਗਿਆ ਹੈ। ਸਰਦੂਲਗੜ੍ਹ ਅਤੇ ਤਲਵੰਡੀ ਸਾਬੋ ਵਿਚ ਵੀ ਭਾਰੀ ਬਾਰਸ਼ ਪਈ ਹੈ। ਕਿਸਾਨ ਜਸਪਾਲ ਸਿੰਘ ਨੇ ਦੱਸਿਆ ਕਿ ਝੋਨੇ ਦੀ ਕਟਾਈ ਦੇ ਰੇਟ ਵੀ ਵਧ ਜਾਣੇ ਹਨ। ਮਲੋਟ ਦੇ ਨੇੜਲੇ ਪਿੰਡ ਝੋਰੜ ਦੇ ਕਿਸਾਨਾਂ ਨੇ ਦੱਸਿਆ ਕਿ ਦੋਗਲੀਆਂ ਕਿਸਮਾਂ ਦੇ ਝੋਨੇ ਦਾ ਵੱਡਾ ਨੁਕਸਾਨ ਹੈ ਅਤੇ ਇਸੇ ਤਰ੍ਹਾਂ ਨਰਮੇ ਦਾ ਪ੍ਰਤੀ ਏਕੜ ਪੰਜ ਤੋਂ ਸੱਤ ਏਕੜ ਝਾੜ ਘਟੇਗਾ। ਚੁੱਗੇ ਕਲਾਂ ਦੇ ਕਿਸਾਨ ਪਾਲਾ ਸਿੰਘ ਨੇ ਦੱਸਿਆ ਕਿ ਮੀਂਹ ਨਾਲ ਨਰਮੇ ਦੀ ਖਿੜੇ ਹੋਏ ਟੀਂਡੇ ਨੁਕਸਾਨੇ ਜਾਣਗੇ ਜਿਨ੍ਹਾਂ ਦੀ ਕੁਆਲਿਟੀ ਪ੍ਰਭਾਵਿਤ ਹੋਵੇਗੀ। ਪ੍ਰਤੀ ਕੁਇੰਟਲ ਤਿੰਨ ਤੋਂ ਚਾਰ ਸੌ ਰੁਪਏ ਦਾ ਨੁਕਸਾਨ ਕਿਸਾਨਾਂ ਨੂੰ ਝੱਲਣਾ ਪਵੇਗਾ। ਕਿਸਾਨ ਇਹੋ ਅਰਦਾਸਾਂ ਕਰ ਰਹੇ ਹਨ ਕਿ ਬਾਰਸ਼ ਰੁਕ ਜਾਵੇ, ਮੁੜ ਬਾਰਸ਼ ਦੇ ਨਾਲ ਤੇਜ਼ ਹਵਾ ਚੱਲੀ ਤਾਂ ਨਰਮੇ ਦੀ ਟੀਂਡਿਆਂ ਨਾਲ ਲੱਦੀ ਫ਼ਸਲ ਡਿੱਗ ਪੈਣੀ ਹੈ। ਫਲ ਤੇ ਫ਼ੁਲ ਕਿਰ ਜਾਣੇ ਹਨ। ਖੇਤੀ ਅਫ਼ਸਰ ਆਖਦੇ ਹਨ ਕਿ ਹਾਲੇ ਤੱਕ ਕੋਈ ਨੁਕਸਾਨ ਨਹੀਂ ਹੈ ਪ੍ਰੰਤੂ ਕਿਸਾਨ ਆਖਦੇ ਹਨ ਕਿ ਆਉਂਦੇ ਚਾਰ ਪੰਜ ਦਿਨਾਂ ਵਿਚ ਨੁਕਸਾਨ ਸਾਹਮਣੇ ਦਿੱਖੇਗਾ। ਮਾਰਕਫੈੱਡ ਦੇ ਓ.ਐਸ.ਡੀ (ਕਾਟਨ) ਮਨਦੀਪ ਸਿੰਘ ਬਰਾੜ ਦਾ ਕਹਿਣਾ ਸੀ ਕਿ ਬਾਰਸ਼ ਨੇ ਨਰਮੇ ਕਪਾਹ ਦੀ ਫ਼ਸਲ ਦਾ ਨੁਕਸਾਨ ਕੀਤਾ ਹੈ ਅਤੇ ਕਰੀਬ 15 ਫਿੱਸਦੀ ਫ਼ਸਲ ਦਾ ਝਾੜ ਘਟਣ ਦੀ ਸੰਭਾਵਨਾ ਹੈ। ਇਸੇ ਦੌਰਾਨ ਖੇਤੀ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਬੀਰ ਸਿੰਘ ਬੈਂਸ ਦਾ ਕਹਿਣਾ ਸੀ ਕਿ ਹਾਲੇ ਤੱਕ ਕਿਧਰੋਂ ਫ਼ਸਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਆਈ ਪ੍ਰੰਤੂ ਬਾਰਸ਼ ਨਾਲ ਨਰਮੇ ਦੀ ਫ਼ਸਲ ‘ਤੇ ਵਧੇਰੇ ਅਸਰ ਪਵੇਗਾ। ਝੋਨੇ ਵਿਚ ਨਮੀ ਵਧਣ ਅਤੇ ਨਰਮੇ ਦੀ ਫ਼ਸਲ ਦਾ ਝਾੜ ਪ੍ਰਭਾਵਿਤ ਹੋਣ ਦਾ ਡਰ ਹੈ। ਉਨ੍ਹਾਂ ਦੱਸਿਆ ਕਿ ਉਹ ਭਲਕੇ ਪੰਜਾਬ ਭਰ ਚੋਂ ਬਾਰਸ਼ ਦੇ ਨੁਕਸਾਨ ਦੀ ਰਿਪੋਰਟ ਲੈ ਰਹੇ ਹਨ।

Facebook Comment
Project by : XtremeStudioz