Close
Menu

ਪੰਜਾਬ ਪੁਲੀਸ ਨੇ ਇਕ ਵਿਅਕਤੀ ਨੂੰ ਗਿ੍ਰਫਤਾਰ ਕਰਕੇ ਨਿਰੰਕਾਰੀ ਭਵਨ ਗ੍ਰਨੇਡ ਹਮਲੇ ਦਾ ਮਾਮਲਾ ਸੁਲਝਾਇਆ

-- 21 November,2018

ਜਾਂਚ ਵਿੱਚ ਹਮਲੇ ਦੀ ਕੜੀ ਪਾਕਿਸਤਾਨ ਅਧਾਰਿਤ ਕੇ.ਐਲ.ਐਫ. ਮੁਖੀ ਨਾਲ ਜੁੜੀ-ਮੁੱਖ ਮੰਤਰੀ
ਚੰਡੀਗੜ, 21 ਨਵੰਬਰ
ਪੰਜਾਬ ਪੁਲੀਸ ਨੇ ਅੰਮਿ੍ਰਤਸਰ ਦੇ ਪਿੰਡ ਅਦਲੀਵਾਲ ਵਿਖੇ ਨਿਰੰਕਾਰੀ ਸਤਿਸੰਗ ਭਵਨ ’ਤੇ ਹੋਏ ਗ੍ਰਨੇਡ ਹਮਲੇ ਦੇ 72 ਘੰਟਿਆਂ ਤੋਂ ਘੱਟ ਸਮੇਂ ਵਿੱਚ ਦੋ ਵਿਅਕਤੀਆਂ ਵਿੱਚੋਂ ਇਕ ਨੂੰ ਗਿ੍ਰਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਅਤੇ ਇਸ ਹਮਲੇ ਦੀ ਤਾਰ ਪਾਕਿਸਤਾਨ ਦੀ ਆਈ.ਐਸ.ਆਈ. ਨਾਲ ਜੁੜੇ ਹੋਣ ਦਾ ਪ੍ਰਗਟਾਵਾ ਕੀਤਾ ਹੈ। ਇਸ ਹਮਲੇ ਵਿੱਚ ਤਿੰਨ ਵਿਅਕਤੀ ਦੀ ਮੌਤ ਜਦਕਿ 15 ਹੋਰ ਜ਼ਖਮੀ ਹੋ ਗਏ ਸਨ।
ਅੱਜ ਇੱਥੇ ਇਹ ਐਲਾਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਸ਼ੱਕੀ ਬਿਕਰਮਜੀਤ ਸਿੰਘ ਉਰਫ ਬਿਕਰਮ (26 ਸਾਲ) ਪੁੱਤਰ ਸੁਖਵਿੰਦਰ ਸਿੰਘ ਵਾਸੀ ਧਾਰੀਵਾਲ (ਥਾਣਾ ਰਾਜਾਸਾਂਸੀ) ਨੂੰ ਅੱਜ ਸਵੇਰੇ ਪਿੰਡ ਲੋਹਾਰਕਾ ਨੇੜਿਓਂ ਗਿ੍ਰਫਤਾਰ ਕੀਤਾ ਗਿਆ।
ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐਲ.ਐਫ.) ਵੱਲੋਂ ਕਾਰਜਸ਼ੀਲ ਬਿਕਰਮ ਵੱਲੋਂ ਦਿੱਤੀ ਮਹੱਤਵਪੂਰਨ ਸੂਚਨਾ ਮੁਤਾਬਕ ਹਮਲਾਵਰਾਂ ਨੂੰ ਇਹ ਗ੍ਰਨੇਡ ਪਾਕਿਸਤਾਨ ’ਚ ਇਕ ਹੈਪੀ ਨਾਂ ਦੇ ਵਿਅਕਤੀ ਵੱਲੋਂ ਮੁਹੱਈਆ ਕਰਵਾਇਆ ਗਿਆ।
ਹੈਪੀ, ਪਾਕਿਸਤਾਨ ਅਧਾਰਿਤ ਕੈ.ਐਲ.ਐਫ. ਦੇ ਮੁਖੀ ਹਰਮੀਤ ਸਿੰਘ ਹੈਪੀ ਉਰਫ ਪੀਐਚ.ਡੀ. ਹੋਣ ਦਾ ਅੰਦੇਸ਼ਾ ਹੈ ਜੋ ਪਕਿਸਤਾਨੀ ਨਿਜ਼ਾਮ ਅਤੇ ਆਈ.ਐਸ.ਆਈ. ਦੀ ਸਰਗਰਮ ਭਾਈਵਾਲੀ ਨਾਲ ਸਾਲ 2016-17 ਵਿੱਚ ਲੁਧਿਆਣਾ ਤੇ ਜਲੰਧਰ ਵਿੱਚ ਆਰ.ਐਸ.ਐਸ./ਸ਼ਿਵ ਸੈਨਾ/ਡੀ.ਐਸ.ਐਸ. ਲੀਡਰਾਂ ਤੇ ਵਰਕਰਾਂ (ਅਤੇ ਇਕ ਈਸਾਈ ਪਾਦਰੀ) ਦਾ ਮਿੱਥ ਕੇ ਕਤਲ ਕਰਨ ਦੀਆਂ ਸਾਜ਼ਿਸ਼ਾਂ ਦੇ ਮਨਸੂਬੇ ਘੜਨ ਵਾਲਾ ਹੈ।
ਮੁੱਖ ਮੰਤਰੀ ਨੇ ਇਸ ਹਮਲੇ ਨਾਲ ਕਿਸੇ ਤਰਾਂ ਦਾ ਧਾਰਮਿਕ ਪੱਖ ਜੁੜੇ ਹੋਣ ਨੂੰ ਮੁੱਢੋਂ ਰੱਦ ਕਰ ਦਿੱਤਾ। ਉਨਾਂ ਆਖਿਆ ਕਿ ਨਿਰੰਕਾਰੀ ਭਵਨ ’ਤੇ ਐਤਵਾਰ ਨੂੰ ਹੋਏ ਹਮਲੇ ਨੂੰ ਆਈ.ਐਸ.ਆਈ. ਅਤੇ ਪਾਕਿਸਤਾਨੀ ਨਿਜ਼ਾਮ ਵੱਲੋਂ ਇਸ ਅੱਤਵਾਦੀ ਕਾਰਵਾਈ ਰਾਹੀਂ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਇਕ ਹੋਰ ਕੋਸ਼ਿਸ਼ ਕੀਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਈ.ਐਸ.ਆਈ. ਚਾਹੁੰਦੀ ਹੈ ਕਿ ਪਾਕਿਸਤਾਨ ਵਿੱਚ ਅੰਦਰੂਨੀ ਸ਼ਾਂਤੀ ਦੀ ਕਾਇਮੀ ਨੂੰ ਯਕੀਨੀ ਬਣਾਉਣ ਲਈ ਸਰਹੱਦ ’ਤੇ ਗੜਬੜੀ ਜਾਰੀ ਰੱਖੀ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਆਈ.ਐਸ.ਆਈ. ਅਤੇ ਪਾਕਿਸਤਾਨ ਦੇ ਸਥਾਪਤ ਨਿਜ਼ਾਮ ਵੱਲੋਂ ਪੰਜਾਬੀ ਤੇ ਕਸ਼ਮੀਰੀ ਅੱਤਵਾਦੀ ਗਰੁੱਪਾਂ ਨਾਲ ਕੜੀ ਜੋੜਣਾ ਪੰਜਾਬ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨਾਂ ਕਿਹਾ ਕਿ ਅਜਿਹੀਆਂ ਫੋਰਸਾਂ ਨੂੰ ਸਿਰ ਨਾ ਚੁੱਕਣ ਦੇਣ ਲਈ ਸੂਬੇ ਦੀ ਪੁਲੀਸ ਕੇਂਦਰੀ ਏਜੰਸੀਆਂ ਨਾਲ ਨੇੜਿਓਂ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਦਿ੍ਰੜ ਵਚਨਬੱਧਤਾ ਜ਼ਾਹਰ ਕਰਦਿਆਂ ਕਿਹਾ ਕਿ ਉਨਾਂ ਦੀ ਸਰਕਾਰ ਸੂਬੇ ਵਿੱਚ ਬਹੁਤ ਘਾਲਣਾ ਘਾਲ ਕੇ ਕਾਇਮ ਕੀਤੀ ਅਮਨ-ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦੇਵੇਗੀ।
ਮੁੱਖ ਮੰਤਰੀ ਨੇ ਦੱਸਿਆ ਕਿ ਸਾਲ 2018 ਵਿੱਚ ਅੱਤਵਾਦ ਦੀਆਂ ਦੋ ਘਟਨਾਵਾਂ ਵਾਪਰੀਆਂ ਹਨ ਜਿਨਾਂ ਵਿੱਚ ਜਲੰਧਰ ਦੇ ਮਕਸੂਦਾਂ ਪੁਲੀਸ ਥਾਣੇ ਅਤੇ ਅੰਮਿ੍ਰਤਸਰ ਦੇ ਨਿਰੰਕਾਰੀ ਭਵਨ ’ਤੇ ਹਮਲੇ ਹੋਏ ਹਨ ਅਤੇ ਪੁਲੀਸ ਨੇ ਇਨਾਂ ਦੋਵਾਂ ਮਾਮਲਿਆਂ ਨੂੰ ਸਫਲਤਾਪੂਰਵਕ ਹੱਲ ਕਰ ਲਿਆ ਹੈ। ਪੁਲੀਸ ਨੇ ਮਿੱਥ ਕੇ ਕੀਤੇ ਕਤਲਾਂ ਦੀ ਗੁੱਥੀ ਵੀ ਸੁਲਝਾਈ ਹੈ। ਇਸ ਤੋਂ ਇਲਾਵਾ ਪਿਛਲੇ 18 ਮਹੀਨਿਆਂ ਵਿੱਚ ਬੇਅਦਬੀ ਦੇ ਮਾਮਲਿਆਂ ਨੂੰ ਵੀ ਹੱਲ ਕੀਤਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਮੁਢਲੀ ਜਾਂਚ ਅਤੇ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਨਾਲ ਬਿਕਰਮ ਦੀ ਗਿ੍ਰਫਤਾਰੀ ਹੋਈ ਹੈ ਜਿਸ ਨੇ ਆਪਣੇ ਸਾਥੀ ਦੀ ਪਛਾਣ ਅਵਤਾਰ ਸਿੰਘ ਖਾਲਸਾ (32 ਸਾਲ) ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਚੱਕ ਮਿਸ਼ਰੀ ਖਾਨ, ਲੋਪੋਕੇ (ਅਜਨਾਲਾ), ਅੰਮਿ੍ਰਤਸਰ ਵਜੋਂ ਕੀਤੀ ਹੈ।
ਇਸ ਦੀ ਵਿਸਤਿ੍ਰਤ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਡੀ.ਜੀ.ਪੀ ਸੁਰੇਸ਼ ਅਰੋੜਾ ਨੇ ਕਿਹਾ ਕਿ ਆਪਣੀ ਗਿ੍ਰਫਤਾਰੀ ਸਮੇਂ ਬਿਕਰਮ ਇਕ ਮੋਟਰਬਾਈਕ (ਟੀ.ਵੀ.ਐਸ-ਪੀ.ਬੀ-18 ਐਮ 7032) ਚਲਾ ਰਿਹਾ ਸੀ। ਹਮਲੇ ਸਮੇਂ ਬਿਕਰਮ ਵੱਲੋਂ ਵਰਤਿਆ ਗਿਆ ਕਾਲਾ ਬਜਾਜ ਪਲਸਰ ਮੋਟਰਸਾਈਕਲ (ਪੀ.ਬੀ.02-ਬੀ.ਐਫ 9488) ਵੀ ਬਰਾਮਦ ਕਰ ਲਿਆ ਗਿਆ ਹੈ।
ਬਿਕਰਮ ਜੀਤ ਸਿੰਘ ਨੇ ਦੱਸਿਆ ਹੈ ਕਿ ਅਵਤਾਰ ਸਿੰਘ ਨੇ ਉਸ ਨੂੰ 3 ਨਵੰਬਰ ਨੂੰ ਦੇਰ ਰਾਤ ਫੋਨ ਕੀਤਾ ਅਤੇ ਅਗਲੀ ਸਵੇਰ ਇਕ ਕਾਰਜ ਲਈ ਤਿਆਰ ਰਹਿਣ ਲਈ ਆਖਿਆ। ਉਸ ਦਿਨ ਸਵੇਰੇ 4.30 ਵਜੇ ਅਵਤਾਰ, ਬਿਕਰਮ ਦੇ ਘਰ ਪਹੁੰਚ ਗਿਆ ਅਤੇ ਦੋਵੇਂ ਬਿਕਰਮ ਦੇ ਬਜਾਜ ਪਲਸਰ ਮੋਟਰਸਾਈਕਲ ’ਤੇ ਬੈਠ ਕੇ ਮਜੀਠਾ-ਹਰੀਆਂ ਲਿੰਕ ਸੜਕ ’ਤੇ ਇਕ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਇਕ ਬਗੀਚੇ ਵਿੱਚ ਹੈਂਡ ਗ੍ਰਨੇਡ ਪ੍ਰਾਪਤ ਕੀਤਾ। ਉਨਾਂ ਨੇ ਐਚ.ਈ.84 ਹੈਂਡ ਗ੍ਰਨੇਡ ਪ੍ਰਾਪਤ ਕੀਤਾ ਜੋ ਇਕ ਟਾਲੀ ਦੇ ਦਰਖਤ ਹੇਠ ਅੱਧਾ ਫੁੱਟ ਡੂੰਘਾ ਦੱਬਿਆ ਹੋਇਆ ਸੀ।
ਬਿਕਰਮ ਵੱਲੋਂ ਪੁਛੇ ਗਏ ਮੁੱਢਲੇ ਸਵਾਲਾਂ ਦੇ ਅਨੁਸਾਰ 13 ਨਵੰਬਰ ਦੀ ਸਵੇਰ ਨੂੰ ਉਨਾਂ ਨੇ ਨਿਰੰਕਾਰੀ ਸਤਸੰਗ ਭਵਨ ਦੀ ਰੇਕੀ ਕੀਤੀ, ਉਸ ਸਮੇਂ ਉਥੇ ਕੋਈ ਵੀ ਮੌਜੂਦ ਨਹੀਂ ਸੀ। ਰੇਕੀ ਦੌਰਾਨ ਦੋਵਾਂ ਸਾਜਿਸ਼ਕਾਰੀਆਂ ਨੇ ਵਿਸ਼ੇਸ਼ ਤੌਰ ’ਤੇ ਸੀ.ਸੀ.ਟੀ.ਵੀ ਦੇ ਕੈਮਰੇ ਦੀ ਸਥਿਤੀ, ਭਵਨ ਦਾ ਲੇਆੳੂਟ ਪਲਾਨ ਅਤੇ ਸਤਿਸੰਗ ਭਵਨ ਦੀ ਇਮਾਰਤ ਦੀ ਚਾਰ ਦਿਵਾਰੀ ’ਤੇ ਲੱਗੇ ਮੁੱਖ ਗੇਟ ਤੋਂ ਇਸ ਦੀ ਦੂਰੀ ਨੂੰ ਪਰਖਿਆ।
ਬਿਕਰਮ ਜੀਤ ਸਿੰਘ ਨੇ ਅੱਗੇ ਦੱਸਿਆ ਕਿ 16 ਨਵੰਬਰ ਨੂੰ ਕੀਤੇ ਗਏ ਫੈਸਲੇ ਦੇ ਅਨੁਸਾਰ ਬਿਕਰਮ ਪਿੰਡ ਚੱਕ ਮਿਸ਼ਰੀਖਾਨ ਵਿਖੇ ਅਵਤਾਰ ਸਿੰਘ ਦੇ ਘਰ ਕਾਲੇ ਬਜਾਜ ਪਲਸਰ ਮੋਟਰਸਾਈਕਲ ’ਤੇ ਸਵੇਰੇ ਤਕਰੀਬਨ 9 ਵਜੇ ਪਹੁੰਚਿਆ ਜਿੱਥੇ ਉਨਾਂ ਨੇ ਮੋਟਰਸਾਈਕਲ ਦੀ ਨੰਬਰ ਪਲੇਟ ਉਤਾਰ ਦਿੱਤੀ। ਉਹ ਤਕਰੀਬਨ ਸਵੇਰੇ 9.30 ਵਜੇ ਪਿੰਡ ਅਦਲੀਵਾਲ ਵੱਲ ਤੁਰੇ ਅਤੇ ਪਿੰਡ ਮਾਨਾਵਾਲਾ ਦੇ ਨੇੜੇ ਜਾ ਕੇ ਆਪਣੇ ਮੂੰਹ ਢਕ ਲਏ। ਉਨਾਂ ਨੇ ਸਤਿਸੰਗ ਭਵਨ ਵਿਖੇ ਲੋਕਾਂ ਦੇ ਪਹੁੰਚਣ ਦਾ ਇੰਤਜ਼ਾਰ ਕੀਤਾ। ਉਸ ਸਮੇਂ ਉਨਾਂ ਦੋਵਾਂ ਕੋਲ ਪਿਸਤੌਲ ਸਨ।
ਬਿਕਰਮ ਨੇ ਅੱਗੇ ਖੁਲਾਸਾ ਕੀਤਾ ਹੈ ਕਿ ਅਵਤਾਰ ਸੰਗਤ ਦੇ ਨਾਲ ਖੁੱਲੇ ਗੇਟ ਰਾਹੀਂ ਸਤਿਸੰਗ ਭਵਨ ਦੇ ਕੰਪਲੈਕਸ ਅੰਦਰ ਸਫਲਤਾਪੂਰਨ ਵੜ ਗਿਆ ਅਤੇ ਉਹ ਖੁਦ ਸਤਿਸੰਗ ਭਵਨ ਕੰਪਲੈਕਸ ਦੇ ਦੋ ਗੇਟ-ਪੋਸਟਾਂ ’ਤੇ ਤਾਇਨਾਤ ਦੋ ਸੇਵਾਦਾਰਾਂ ਤੇ ਪਿਸਤੌਲ ਦੀ ਨੋਕ ’ਤੇ ਕਾਬੂ ਕਰਨ ਵਿੱਚ ਸਫਲ ਹੋਇਆ।
ਗ੍ਰਨੇਡ ਸੁਟੱਣ ਤੋਂ ਬਾਅਦ ਦੋਵੇਂ ਬਿਕਰਮ ਦੀ ਮੋਟਰਬਾਈਕ ’ਤੇ ਫਰਾਰ ਹੋ ਗਏ ਅਤੇ ਅਵਤਾਰ ਸਿੰਘ ਦੇ ਪਿੰਡ ਦੁਪਹਿਰ ਤਕਰੀਬਨ 12 ਵਜੇ ਪਹੁੰਚੇ ਜਿੱਥੇ ਅਵਤਾਰ ਨੇ ਬਿਕਰਮ ਤੋਂ ਪਿਸਤੌਲ ਵਾਪਸ ਲੈ ਲਿਆ। ਆਪਣੇ ਕੱਪੜੇ ਅਤੇ ਦਿੱਖ ਬਦਲਣ ਤੋਂ ਬਾਅਦ ਬਿਕਰਮ ਆਪਣੇ ਪਿੰਡ ਕਾਲੇ ਬਜਾਜ ਪਲਸਰ ਮੋਟਰਸਾਈਕਲ ’ਤੇ ਵਾਪਿਸ ਆ ਗਿਆ।
ਬਿਕਰਮਜੀਤ ਸਿੰਘ ਅਨੁਸਾਰ ਅਵਤਾਰ ਸਿੰਘ ਪਾਕਿਸਤਾਨ ਵਿੱਚ ਇਕ ਹੈਪੀ ਨਾਂ ਦੇ ਵਿਅਕਤੀ ਨਾਲ ਸੰਪਰਕ ਵਿੱਚ ਸੀ ਜਿਸ ਨੇ ਮਜੀਠਾ ਨੇੜੇ ਇਕ ਬਗੀਚੇ ਨੜਿਓਂ ਦੱਬੇ ਹੋਏ ਹੈਂਡ ਗ੍ਰਨੇਡ ਨੂੰ ਕੁਝ ਹੋਰ ਸਬੰਧਤ ਲੋਕਾਂ ਦੇ ਰਾਹੀਂ ਪ੍ਰਾਪਤ ਕੀਤਾ। ਬਿਕਰਮ ਨੇ ਇਹ ਵੀ ਖੁਲਾਸਾ ਕੀਤਾ ਕਿ ਹੈਂਡ ਗ੍ਰਨੇਡ ਪ੍ਰਾਪਤ ਕਰਨ ਲਈ ਸੁਵਿਧਾ ਦੇ ਵਾਸਤੇ ਅਵਤਾਰ ਸਿੰਘ ਦੇ ਮੋਬਾਈਲ ’ਤੇ ਉਸ ਨੂੰ ਉਸ ਥਾਂ ਦੀ ਤਸਵੀਰ ਅਤੇ ਜਾਣਕਾਰੀ ਭੇਜੀ ਗਈ ਸੀ।
ਹਰਮੀਤ ਸਿੰਘ ਹੈਪੀ ਪੀਐਚ.ਡੀ ਨੇ ਪਹਿਲਾਂ ਵੀ ਖਾਲਿਸਤਾਨ ਗਦਰ ਫੋਰਸ (ਕੇ.ਜੀ.ਐਫ) ਦੇ ਆਪੇ ਬਣੇ ਮੁਖੀ ਸ਼ਬਨਮਦੀਪ ਸਿੰਘ ਵਾਸੀ ਸਮਾਣਾ, ਜ਼ਿਲਾ ਪਟਿਆਲਾ ਨੂੰ ਇਸੇ ਤਰਾਂ ਦਾ ਹੀ ਇੱਕ ਹੈਂਡ ਗ੍ਰਨੇਡ (ਐਚ.ਜੀ.84) ਸਪਲਾਈ ਕੀਤੀ ਸੀ। ਸ਼ਬਨਮਦੀਪ ਸਿੰਘ ਨੂੰ 31 ਅਕਤੂਬਰ, 2018 ਨੂੰ ਪੰਜਾਬ ਪੁਲਿਸ ਵੱਲੋਂ ਗਿ੍ਰਫਤਾਰ ਕੀਤਾ ਗਿਆ ਸੀ।
ਗੌਰਤਲਬ ਹੈ ਕਿ ਪੰਜਾਬ ਪੁਲਿਸ ਨੇ ਇਸ ਤੋਂ ਪਹਿਲਾਂ ਵੀ ਇੱਕ ਵੱਡੀ ਖੇਪ ਵਿੱਚ ਅਜਿਹੇ ਪੰਜ ਹੈਂਡ ਗ੍ਰਨੇਡ ਬਰਾਮਦ ਕੀਤੇ ਸਨ। ਇਸ ਖੇਪ ਵਿੱਚ ਏ.ਕੇ 47 ਰਾਈਫਲ (1), ਐਮ.ਪੀ 9 ਰਾਈਫਲ (1), ਪਿਸਤੌਲ (7) ਸ਼ਾਮਲ ਸਨ। ਜਿਸ ਨੂੰ ਬੀ.ਕੇ.ਆਈ ਅਤੇ ਆਈ.ਐਸ.ਵਾਈ.ਐਫ ਰੋਡੇ ਵੱਲੋਂ ਭਾਰਤ-ਪਾਕ ਸਰਹੱਦ ਦੇ ਪਾਰੋ ਭੇਜਿਆ ਗਿਆ ਸੀ ਇਸ ਨੂੰ 21 ਮਈ, 2017 ਨੂੰ ਸ਼ੇਰ ਸਿੰਘ- ਮਾਨ ਸਿੰਘ ਅੱਤਵਾਦੀ ਗ੍ਰੋਹ ਕੋਲੋਂ ਬਰਾਮਦ ਕੀਤਾ ਸੀ।
ਪਤਾ ਲਗਾ ਹੈ ਕਿ ਐਚ.ਈ. 84 ਹੈਂਡ ਗ੍ਰਨੇਡ ਆਸਟਰੀਆ ਦੀ ਅਰਜੇਸ ਵੱਲੋਂ ਬਣਾਇਆ ਜਾਂਦਾ ਹੈ। ਇਸ ਦਾ ਉਤਪਾਦਨ ਪਾਕਿਸਤਾਨ ਦੀ ਆਰਡੀਨੈਂਸ ਫੈਕਟਰੀ (ਪੀ.ਓ.ਐਫ) ਵਿਖੇ 84-ਪੀ-2 ਏ.ਵਨ ਵਜੋਂ ਕੀਤਾ ਜਾਂਦਾ ਹੈ। ਅਜਿਹੇ ਗ੍ਰਨੇਡ ਆਮ ਤੌਰ ’ਤੇ ਹੀ ਪਾਕਿਸਤਾਨ, ਅਫਗਾਨਿਸਤਾਨ ਅਤੇ ਆਸਟਰੀਆ ਦੀਆਂ ਫੌਜਾਂ ਵੱਲੋਂ ਵਰਤੇ ਜਾਂਦੇ ਹਨ। ਐਚ. ਈ 84 ਇੱਕ ਤਬਾਹਕਾਰੀ ਕਿਸਮ ਦਾ ਗ੍ਰਨੇਡ ਹੈ ਜਿਸ ਦੇ ਧਮਾਕੇ ਤੋਂ ਬਾਅਦ ਬੁਰੀ ਤਰਾਂ ਖਿੰਡਦਾ ਹੈ ਅਤੇ ਇਸ ਨੂੰ ਪ੍ਰਭਾਵਿਤ ਕਰਨ ਦਾ ਦਾਇਰਾ 30 ਮੀਟਰ ਹੈ। ਇਹ ਗ੍ਰਨੇਡ ਲੋਕਾਂ ਦੇ ਇਕੱਠਾਂ ’ਤੇ ਹਮਲੇ ਕਰਨ ਅਤੇ ਉਨਾਂ ਦੀਆਂ ਹੱਤਿਆਵਾਂ ਕਰਨ ਲਈ ਮੁੱਖ ਤੌਰ ’ਤੇ ਵਰਤਿਆ ਜਾਂਦਾ ਹੈ। ਪਿਛਲੇ ਸਮੇਂ ਦੌਰਾਨ ਅਜਿਹੇ ਗ੍ਰਨੇਡਾਂ ਦੀ ਵਰਤੋਂ ਜੰਮੂ-ਕਸ਼ਮੀਰ ਵਿੱਚ ਵੀ ਕੀਤੀ ਗਈ ਹੈ।
ਮਾਰਚ 2017 ਤੋਂ ਪੰਜਾਬ ਪੁਲਿਸ ਨੇ 17 ਅਤਵਾਦੀ ਗ੍ਰੋਹਾਂ ਨੂੰ ਖਤਮ ਕਰਕੇ 81 ਅੱਤਵਾਦੀਆਂ ਨੂੰ ਗਿ੍ਰਫਤਾਰ ਕੀਤਾ ਹੈ। ਅਜਿਹਾ ਕਰਕੇ ਇਸ ਨੇ ਸੂਬੇ ਵਿੱਚ ਵੱਡੀ ਗਿਣਤੀ ਅੱਤਵਾਦੀ ਹਮਲਿਆਂ ਨੂੰ ਰੋਕਿਆ ਹੈ। ਸੂਬਾ ਪੁਲਿਸ ਨੇ ਇਨਾਂ ਅੱਤਵਾਦੀਆਂ ਤੋਂ 77 ਹਥਿਆਰ ਬਰਾਮਦ ਕੀਤੇ ਹਨ ਜਿਨਾਂ ਵਿੱਚ ਅਤਿ ਆਧੁਨਿਰ ਸਵੈ-ਚਾਲਤ ਹਥਿਆਰ, ਆਰ.ਡੀ.ਐਕਸ/ਹੋਰ ਬਾਰੂਦ ਅਤੇ 12 ਹੈਂਡ ਗ੍ਰੇਨੇਡ ਵੀ ਸ਼ਾਮਲ ਹਨ।
ਇੰਟਰਨੈਸ਼ਨਲ ਸਿਖ ਯੂਥ ਫੈਡਰੇਸ਼ਨ (ਆਈ.ਐਸ.ਵਾਈ.ਐਫ) ਖਾਲਿਸਤਾਨ ਜਿੰਦਾਬਾਦ ਫੋਰਸ (ਕੇ.ਜੈਡ.ਐਫ), ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐਲ.ਐਫ) ਵਰਗੀਆਂ ਪਾਕਿਸਤਾਨ ਅਧਾਰਤ ਅੱਤਵਾਦੀ ਜਥੇਬੰਦੀਆਂ ਦੇ ਮੁਖੀਆ ਵੱਲੋਂ ਪਾਕਿਸਤਾਨ ਦੀ ਆਈ.ਐਸ.ਆਈ ਦੇ ਸਹਿਯੋਗ ਨਾਲ ਪੰਜਾਬ ਵਿੱਚ ਭੇਜੀਆਂ ਹਥਿਆਰਾਂ ਦੀਆਂ ਘੱਟੋ-ਘੱਟ ਤਿੰਨ ਖੇਪਾਂ ਪੁਲਿਸ ਨੇ ਮਾਰਚ, 2017 ਤੋਂ ਬਰਾਮਦ ਕੀਤੀਆਂ ਹਨ। ਇਨਾਂ ਵਿੱਚ ਏ.ਕੇ-47 ਰਾਈਫਲਾਂ (5), ਐਮ ਪੀ 9 ਰਾਈਫਲ (1), ਪਿਸਤੌਲ (10), ਹੈਂਡ ਗ੍ਰੇਨੇਡ (11) ਸ਼ਾਮਲ ਹਨ।
ਐਤਵਾਰ ਦੇ ਹਮਲੇ ਦੇ ਸਬੰਧ ਵਿੱਚ ਐਫ.ਆਈ.ਆਰ ਨੰਬਰ 121, ਮਿਤੀ 18.11.2018 ਜੇਰੇ ਦਫਾ 302, 307, 341, 452, 427 ਆਈ.ਪੀ.ਸੀ, 25 ਆਰਮਡ ਐਕਟ 3/4/5/6 ਐਕਸਪਲੋਸਿਵ ਸਬਸਟਾਂਸ ਐਕਟ 13 ਯੂ.ਏ.ਪੀ.ਏ ਪੁਲਿਸ ਥਾਣਾ ਰਾਜਾ ਸਾਂਸੀ ਵਿਖੇ ਦਰਜ਼ ਕੀਤੀ ਗਈ ਹੈ। ਇਸ ਸਬੰਧੀ ਅੱਗੇ ਹੋਰ ਪੜਤਾਲ ਜਾਰੀ ਹੈ।

Facebook Comment
Project by : XtremeStudioz