Close
Menu

ਪੰਜਾਬ ਵਿੱਚ ਕਾਂਗਰਸ ਨਾਲ ਗੱਠਜੋੜ ਨਹੀਂ ਕਰੇਗੀ ‘ਆਪ’: ਕੇਜਰੀਵਾਲ

-- 20 August,2018

ਬਰਨਾਲਾ, 20 ਅਗਸਤ
‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਬਰਨਾਲਾ ਹਲਕੇ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੇ ਘਰ ਦੋ ਘੰਟੇ ਰੁਕੇ। ਉਨ੍ਹਾਂ ਘਰ ਦੇ ਬਾਹਰ ਖੜ੍ਹੇ ਵਾਲੰਟੀਅਰਾਂ ਨੂੰ ਮਿਲਣਾ ਮੁਨਾਸਿਬ ਨਹੀਂ ਸਮਝਿਆ ਤੇ ਬਾਹਰ ਖੜ੍ਹੇ ਪੱਤਰਕਾਰਾਂ ਤੋਂ ਵੀ ਦੂਰੀ ਬਣਾਈ ਰੱਖੀ।
ਪਿੰਡ ਪੰਡੋਰੀ ਵਿੱਚ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸ੍ਰੀ ਕੇਜਰੀਵਾਲ ਅੱਜ ਸੰਸਦ ਮੈਂਬਰ ਭਗਵੰਤ ਮਾਨ ਤੋਂ ਇਲਾਵਾ ਪਾਰਟੀ ਦੇ ਹੋਰ ਵਿਧਾਇਕਾਂ ਨਾਲ ਵਿਧਾਇਕ ਮੀਤ ਹੇਅਰ ਦੇ ਘਰ ਪੁੱਜੇ ਤੇ ਕਰੀਬ ਦੋ ਘੰਟੇ ਰੁਕੇ। ਉਨ੍ਹਾਂ ਉਥੇ ਪੰਜਾਬ ਦੇ ਵਿਧਾਇਕਾਂ ਨਾਲ ਬੰਦ-ਕਮਰਾ ਮੀਟਿੰਗ ਕੀਤੀ। ਇੱਕ ਘੰਟੇ ਤੋਂ ਜ਼ਿਆਦਾ ਚੱਲੀ ਮੀਟਿੰਗ ਦੇ ਵੇਰਵਿਆਂ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਸ੍ਰੀ ਕੇਜਰੀਵਾਲ ਦੀ ਵਾਪਸੀ ਸਮੇਂ ਪੱਤਰਕਾਰਾਂ ਨੇ ਕਾਫ਼ੀ ਜ਼ੋਰ ਦੇ ਕੇ ਪੁੱਛਿਆ ਕੀ ਆਮ ਆਦਮੀ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨਾਲ ਕੋਈ ਸਮਝੌਤਾ ਕਰੇਗੀ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਪੰਜਾਬ ਵਿੱਚ ਕਾਂਗਰਸ ਨਾਲ ਕੋਈ ਸਮਝੌਤਾ ਨਹੀਂ ਕਰੇਗੀ। ਸੁਖਪਾਲ ਖਹਿਰਾ ਨਾਲ ਚੱਲ ਰਹੇ ਵਿਵਾਦ ਬਾਰੇ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਘਰ ਦਾ ਮਸਲਾ ਹੈ, ਮਿਲ-ਬੈਠ ਕੇ ਸੁਲਝਾ ਲਿਆ ਜਾਵੇਗਾ।
ਦੂਜੇ ਪਾਸੇ, ਸੁਖਪਾਲ ਸਿੰਘ ਖਹਿਰਾ ਨੇ ਆਪਣੇ ਸਾਥੀ ਵਿਧਾਇਕਾਂ ਨਾਲ ਸ਼ਰਧਾਂਜਲੀ ਸਮਾਗਮ ਵਿੱਚ ਜਾਣ ਤੋਂ ਪਹਿਲਾਂ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੀ ਰਾਜਨੀਤੀ ਦੂਸ਼ਿਤ ਹੋ ਚੁੱਕੀ ਹੈ। ਵੱਡੇ ਵੱਡੇ ਧਨਾਢ ਜਿਨ੍ਹਾਂ ਦਾ ਪਹਿਲਾਂ ਰਾਜਨੀਤੀ ਨਾਲ ਕੋਈ ਵਾਸਤਾ ਨਹੀਂ ਸੀ, ਉਹ ਰਾਜਨੀਤੀ ਵਿੱਚ ਆ ਗਏ ਹਨ ਅਤੇ ਪੈਸੇ ਦੇ ਦਮ ’ਤੇ ਚੋਣ ਜਿੱਤਣ ਦੀ ਕੋਸ਼ਿਸ਼ ਕਰਦੇ ਹਨ।
ਮਹਿਲ ਕਲਾਂ (ਨਵਕਿਰਨ ਸਿੰਘ): ‘ਆਪ’ ਦੇ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਪੰਡੋਰੀ ਦੇ ਪਿਤਾ ਕਾਕਾ ਸਿੰਘ ਦੇ ਭੋਗ ਸਮਾਗਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਦਰਜਨਾਂ ‘ਆਪ’ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ। ‘ਆਪ’ ਦੀ ਕੇਂਦਰੀ ਲੀਡਰਸ਼ਿਪ ਦੀ ਆਮਦ ਅਤੇ ਪਿਛਲੇ ਦਿਨੀਂ ਇਸੇ ਪਿੰਡ ਵਿੱਚ ਭਗਵੰਤ ਮਾਨ ਦੇ ਘਿਰਾਓ ਦੇ ਮੱਦੇਨਜ਼ਰ ਪੁਲੀਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਇਸ ਸ਼ਰਧਾਂਜਲੀ ਸਮਾਗਮ ਮੌਕੇ ‘ਆਪ’ ਦੀ ਅੰਦਰੂਨੀ ਫੁੱਟ ਸਾਫ਼ ਵਿਖਾਈ ਦਿੱਤੀ। ਜਿੱਥੇ ਜ਼ਿਆਦਾਤਰ ਵਿਧਾਇਕ ਸ੍ਰੀ ਕੇਜਰੀਵਾਲ ਨਾਲ ਜੁੜ ਕੇ ਬੈਠੇ ਰਹੇ, ਉੱਥੇ ਖਹਿਰਾ ਧੜਾ ਉਨ੍ਹਾਂ ਦੇ ਪਿੱਛੇ ਕੁਝ ਦੂਰੀ ’ਤੇ ਵੱਖਰਾ ਬੈਠਾ ਰਿਹਾ। ਇਸ ਮੌਕੇ ਭਗਵੰਤ ਮਾਨ ਨੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਈ ਤੇ ਮਹਿਜ਼ ਚਾਰ ਬੁਲਾਰਿਆਂ ਨੇ ਸੰਬੋਧਨ ਕੀਤਾ।
ਅਰਵਿੰਦ ਕੇਜਰੀਵਾਲ ਨੇ ਸ਼ਰਧਾਂਜਲੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਪੰਡੋਰੀ ਪਰਿਵਾਰ ਵੱਲੋਂ ਨਿਰੋਲ ਕਿਰਤ ਕਰਕੇ ਆਪਣਾ ਪਰਿਵਾਰ ਪਾਲਣ ਅਤੇ ਲੋਕ ਸੇਵਾ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕੋਈ ਵੀ ਰਾਜਨੀਤਿਕ ਬਿਆਨ ਦੇਣ ਤੋਂ ਗੁਰੇਜ਼ ਕੀਤਾ। ਇਸ ਮੌਕੇ ਤਿੰਨ ਵਿਧਾਇਕਾਂ ਨਾਜਰ ਸਿੰਘ ਮਾਨਸ਼ਾਹੀਆ, ਪਿਰਮਲ ਸਿੰਘ ਖ਼ਾਲਸਾ ਤੇ ਜਗਦੇਵ ਸਿੰਘ ਕਮਾਲੂ ਨਾਲ ਵੀਆਈਪੀ ਦੀ ਬਜਾਏ ਆਮ ਗੇਟ ਰਾਹੀਂ ਪੁੱਜੇ ਸੁਖਪਾਲ ਸਿੰਘ ਖਹਿਰਾ ਨੇ ਸ਼ਰਧਾਂਜਲੀ ਭੇਂਟ ਕਰਦਿਆ ਸਟੇਜ ਸਾਹਮਣੇ ਬੈਠੇ ਪਾਰਟੀ ਦੇ ਕੌਮੀ ਆਗੂਆਂ ਦਾ ਜ਼ਿਕਰ ਤੱਕ ਨਹੀਂ ਕੀਤਾ। ਉਨ੍ਹਾਂ ਆਪਣੇ ਭਾਸ਼ਨ ਦੌਰਾਨ ਸਿਆਸੀ ਟਕੋਰਾਂ ਲਾਈਆਂ। ਉਨ੍ਹਾਂ ਕਿਹਾ ਕਿ ਰਾਜਨੀਤੀ ਵਪਾਰ ਬਣ ਗਈ ਹੈ ਤੇ ਗੰਧਲੀ ਹੋਈ ਚੋਣ ਪ੍ਰਣਾਲੀ ਨੇ ਦੇਸ਼ ਨੂੰ ਅਰਸ਼ ਤੋਂ ਫਰਸ਼ ’ਤੇ ਲੈ ਆਂਦਾ ਹੈ। ਉਨ੍ਹਾਂ ਪੰਜਾਬ ਦੇ ਭਖ਼ਦੇ ਮੁੱਦਿਆਂ ਦੀ ਗੱਲ ਕਰਦਿਆਂ ਲੋਕਾਂ ਨੂੰ ਸੱਚ ਦੇ ਮਾਰਗ ’ਤੇ ਚੱਲਣ ਦਾ ਸੱਦਾ ਦਿੱਤਾ।
ਇਸ ਮੌਕੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸਾਰੇ ਵਿਧਾਇਕਾਂ ਅਤੇ ਪਰਿਵਾਰ ਵੱਲੋਂ ਸ਼ਰਧਾਂਜਲੀ ਸਮਾਗਮ ਵਿੱਚ ਪੁੱਜੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦਿੱਲੀ ਦੇ ਉੱਪ ਮੁੱਖ ਮੰਤਰੀ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਵਿਰੋਧੀ ਧਿਰ ਦੀ ਉੱਪ ਆਗੂ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਅਮਨ ਅਰੋੜਾ, ਮਨਜੀਤ ਬਿਲਾਸਪੁਰ, ਗੁਰਮੀਤ ਸਿੰਘ ਮੀਤ ਹੇਅਰ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ ਤੇ ਡਾ. ਬਲਬੀਰ ਸਿੰਘ ਹਾਜ਼ਰ ਸਨ।

Facebook Comment
Project by : XtremeStudioz