Close
Menu

ਫਸਲ ਉਤਪਾਦਨ ਰਿਕਾਰਡ ਪੱਧਰ ਉਤੇ ਪੁੱਜਣ ਦੀ ਸੰਭਾਵਨਾ

-- 24 May,2017

ਨਵੀਂ ਦਿੱਲੀ, ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨੇ ਅੱਜ ਕਿਹਾ ਕਿ ਲਗਾਤਾਰ ਦੂਜੇ ਸਾਲ ਮੌਨਸੂਨ ਆਮ ਵਾਂਗ ਰਹਿਣ ਦੀ ਆਸ ਕਾਰਨ ਜੁਲਾਈ ਤੋਂ ਸ਼ੁਰੂ ਹੋ ਰਹੇ ਨਵੇਂ ਫਸਲ ਵਰ੍ਹੇ 2017-18 ਵਿੱਚ ਅਨਾਜ ਉਤਪਾਦਨ ਨਵਾਂ ਰਿਕਾਰਡ ਬਣਾ ਸਕਦਾ ਹੈ।
ਦੋ ਸਾਲਾਂ ਦੇ ਸੋਕੇ ਮਗਰੋਂ ਚੰਗੇ ਮੀਂਹ ਪੈਣ ਕਾਰਨ ਮੌਜੂਦਾ ਫਸਲ ਵਰ੍ਹੇ (2016-17) ਵਿੱਚ ਅਨਾਜ ਉਤਪਾਦਨ ਹੁਣ ਤੱਕ ਦੇ ਸਭ ਤੋਂ ਵੱਧ ਪੱਧਰ 2733.8 ਲੱਖ ਟਨ ਉਤੇ ਪੁੱਜਣ ਦੀ ਉਮੀਦ ਹੈ, ਜਦੋਂ ਕਿ ਇਸ ਤੋਂ ਪਿਛਲੇ ਵਰ੍ਹੇ ਵਿੱਚ ਇਹ ਪੈਦਾਵਾਰ 2515.7 ਲੱਖ ਟਨ ਰਹੀ ਸੀ। ਇਸ ਤੋਂ ਪਹਿਲਾਂ ਉਤਪਾਦਨ ਦਾ ਰਿਕਾਰਡ 2013-14 ਵਿੱਚ 2650.4 ਲੱਖ ਟਨ ਰਿਹਾ ਸੀ। ਅਨਾਜ ਉਤਪਾਦਨ ਵਿੱਚ ਚੌਲ, ਕਣਕ, ਮੋਟੇ ਅਨਾਜ ਅਤੇ ਦਾਲਾਂ ਆਉਂਦੀਆਂ ਹਨ।
ਪਿਛਲੇ ਤਿੰਨ ਸਾਲਾਂ ਵਿੱਚ ਖੇਤੀਬਾੜੀ ਖੇਤਰ ਵਿੱਚ ਸਰਕਾਰ ਦੀਆਂ ਉਪਲਬਧੀਆਂ ਗਿਣਾਉਂਦਿਆਂ ਸ੍ਰੀ ਰਾਧਾ ਮੋਹਨ ਸਿੰਘ ਨੇ ਕਿਹਾ, ‘‘ਮੌਸਮ ਵਿਭਾਗ ਨੇ ਇਸ ਵਰ੍ਹੇ ਵੀ ਮੌਨਸੂਨ ਆਮ ਵਾਂਗ ਰਹਿਣ ਦੀ ਪੇਸ਼ੀਨਗੋਈ ਕੀਤੀ। ਜੇ ਮੌਨਸੂਨ ਚੰਗੀ ਰਹੀ ਤਾਂ ਮੈਨੂੰ ਭਰੋਸਾ ਹੈ ਕਿ ਅਨਾਜ ਉਤਪਾਦਨ ਚੰਗਾ ਰਹੇਗਾ ਅਤੇ ਇਸ ਨਾਲ 2016-17 ਨਾਲੋਂ ਵਿਕਾਸ ਦਰ 4.4 ਫੀਸਦੀ ਵਧੇਗੀ।’’ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮੌਸਮ ਵਿਭਾਗ ਦੀ ਭਵਿੱਖਬਾਣੀ ਸਟੀਕ ਰਹੀ ਸੀ ਅਤੇ ਆਸ ਹੈ ਕਿ ਇਸ ਵਰ੍ਹੇ ਵੀ ਇੰਝ ਹੀ ਹੋਵੇਗਾ।
ਭਾਰਤ ਵਿੱਚ ਵਿੱਤੀ ਤਰੱਕੀ ਤੇ ਖੇਤੀਬਾੜੀ ਪੈਦਾਵਾਰ ਲਈ ਅਹਿਮ ਦੱਖਣੀ ਪੱਛਮੀ ਮੌਨਸੂਨ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਵਿੱਚ ਤਿੰਨ ਦਿਨ ਪਹਿਲਾਂ 14 ਮਈ ਨੂੰ ਪੁੱਜ ਗਈ। ਉਮੀਦ ਹੈ ਕਿ ਇਹ ਸਮੇਂ ਤੋਂ ਪਹਿਲਾਂ ਕੇਰਲਾ ਪੁੱਜੇਗੀ। ਖੇਤੀਬਾੜੀ ਮੰਤਰਾਲੇ ਨੇ 2017-18 ਫਸਲ ਵਰ੍ਹੇ ਲਈ 2730 ਲੱਖ ਟਨ ਪੈਦਾਵਾਰ ਦਾ ਟੀਚਾ ਨਿਰਧਾਰਤ ਕੀਤਾ ਹੈ ਅਤੇ ਮੌਨਸੂਨ ਆਮ ਵਾਂਗ ਰਹਿਣ ਕਾਰਨ ਖੇਤੀਬਾੜੀ ਖੇਤਰ ਵਿੱਚ ਚਾਰ ਫੀਸਦੀ ਤਰੱਕੀ ਹਾਸਲ ਕਰਨ ਦੀ ਸੰਭਾਵਨਾ ਜਤਾਈ ਗਈ ਹੈ।

Facebook Comment
Project by : XtremeStudioz