Close
Menu

ਫ਼ੌਜੀ ਯੂਨਿਟ ਨੇ ਜੀਤੂ ਨੂੰ ਸਿੱਟ ਹਵਾਲੇ ਕੀਤਾ

-- 09 December,2018

ਐਸਐਸਪੀ ਸਣੇ ਤਿੰਨ ਅਫ਼ਸਰਾਂ ਦੇ ਤਬਾਦਲੇ
ਸ੍ਰੀਨਗਰ, 9 ਦਸੰਬਰ
ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿੱਚ 3 ਦਸੰਬਰ ਨੂੰ ਹੋਈ ਹਿੰਸਾ ਦੌਰਾਨ ਚੱਲੀ ਗੋਲੀ ਦੀ ਘਟਨਾ ਵਿੱਚ ਕਥਿਤ ਸ਼ਮੂਲੀਅਤ ਨੂੰ ਲੈ ਕੇ 22 ਰਾਸ਼ਟਰੀ ਰਾਈਫਲਜ਼ ਨਾਲ ਸਬੰਧਤ ਫੌਜੀ ਜਤਿੰਦਰ ਮਲਿਕ ਉਰਫ਼ ਜੀਤੂ ਫੌਜੀ ਨੂੰ ਅੱਜ ਸੋਪੋਰ ਕਸਬੇ ਵਿੱਚ ਉਸੇ ਦੀ ਯੂਨਿਟ ਨੇ ਹਿਰਾਸਤ ਵਿੱਚ ਲੈ ਲਿਆ।
ਸੂਤਰਾਂ ਮੁਤਾਬਕ ਮਲਿਕ ਨੂੰ ਅਗਲੇਰੀ ਪੁੱਛਗਿੱਛ ਲਈ ਉੱਤਰ ਪ੍ਰਦੇਸ਼ ਤੋਂ ਆਈ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਸਪੁਰਦ ਕਰ ਦਿੱਤਾ ਗਿਆ ਹੈ। ਬੁਲੰਦਸ਼ਹਿਰ ਹਿੰਸਾ ਵਿੱਚ ਪੁਲੀਸ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਤੇ ਸਥਾਨਕ ਨੌਜਵਾਨ ਸੁਮਿਤ ਦੀ ਮੌਤ ਹੋ ਗਈ ਸੀ। ਲਖਨਊ ਤੋਂ ਸ਼ਾਹਿਰਾ ਨਈਮ ਦੀ ਰਿਪੋਰਟ ਮੁਤਾਬਕ ਉੱਤਰ ਪ੍ਰਦੇਸ਼ ਸਰਕਾਰ ਨੇ ਅੱਜ ਬੁਲੰਦਸ਼ਹਿਰ ਦੇ ਐਸਐਸਪੀ ਕ੍ਰਿਸ਼ਨਾ ਬਹਾਦੁਰ ਸਿੰਘ ਨੂੰ ਡੀਜੀਪੀ ਦਫ਼ਤਰ ਵਿੱਚ ਤਬਦੀਲ ਕਰ ਦਿੱਤਾ। ਪ੍ਰਮੁੱਖ ਸਕੱਤਰ (ਗ੍ਰਹਿ) ਅਰਵਿੰਦ ਕੁਮਾਰ ਨੇ ਕਿਹਾ ਕਿ ਸੀਤਾਪੁਰ ਦੇ ਐਸਪੀ ਪ੍ਰਭਾਕਰ ਚੌਧਰੀ ਐਸਐਸਪੀ ਦੀ ਥਾਂ ਲੈਣਗੇ। ਇਸ ਦੇ ਨਾਲ ਬੁਲੰਦਸ਼ਹਿਰ ਦੇ ਸਰਕਲ ਅਧਿਕਾਰੀ (ਸਿਆਨਾ) ਸੱਤਿਆ ਪ੍ਰਕਾਸ਼ ਸ਼ਰਮਾ ਤੇ ਚਿੰਗਰਾਵਤੀ ਪੁਲੀਸ ਥਾਣੇ ਦੇ ਇੰਚਾਰਜ ਸੁਰੇਸ਼ ਕੁਮਾਰ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ। ਸਮਝਿਆ ਜਾਂਦਾ ਹੈ ਕਿ ਇਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਤਬਦੀਲ ਕਰਨ ਦਾ ਫੈਸਲਾ ਵਧੀਕ ਡਾਇਰੈਕਟਰ ਜਨਰਲ (ਇੰਟੈਲੀਜੈਂਸ) ਐਸ.ਬੀ.ਸ਼ਿਰੋਡਕਰ ਵੱਲੋਂ ਹਿੰਸਾ ਸਬੰਧੀ ਇਕ ਦਿਨ ਪਹਿਲਾਂ ਸੌਂਪੀ ਰਿਪੋਰਟ ਦੀਆਂ ਲੱਭਤਾਂ ਦੇ ਅਧਾਰ ’ਤੇ ਲਿਆ ਗਿਆ ਹੈ।
ਸ੍ਰੀ ਸ਼ਿਰੋਡਕਰ ਵੱਲੋਂ ਰਿਪੋਰਟ ਵਿੱਚ ਕੀਤੀਆਂ ਸਿਫਾਰਿਸ਼ਾਂ ਨੂੰ ਭਾਵੇਂ ਅਜੇ ਤਕ ਜਨਤਕ ਨਹੀਂ ਕੀਤਾ ਗਿਆ, ਪਰ ਸੂਤਰਾਂ ਮੁਤਾਬਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਐਸਐਸਪੀ ਕੇ.ਬੀ.ਸਿੰਘ ਨੇ ਹਿੰਸਾ ’ਤੇ ਉਤਾਰੂ ਹਜੂਮ ਦੇ ਇਕੱਤਰ ਹੋਣ ਸਬੰਧੀ ਵਾਇਰਲੈੱਸ ’ਤੇ ਅਗਾਊਂ ਸੂਚਨਾ ਮਿਲਣ ਦੇ ਬਾਵਜੂਦ ਮੌਕੇ ਵਾਲੀ ਥਾਂ ’ਤੇ ਪੁੱਜਣ ਵਿੱਚ ਤਿੰਨ ਘੰਟੇ ਲਾ ਦਿੱਤੇ। ਇਹੀ ਨਹੀਂ ਐਸਐਸਪੀ ਨੇ ਹਿੰਸਕ ਹਜੂਮ ਦੇ ਟਾਕਰੇ ਲਈ ਵਧੀਕ ਫੋਰਸ ਵੀ ਨਹੀਂ ਭੇਜੀ। ਰਿਪੋਰਟਾਂ ਮੁਤਾਬਕ ਐਸਐਸਪੀ ਨੇ ਗ੍ਰਹਿ ਵਿਭਾਗ ਨੂੰ ਜ਼ਿਲ੍ਹੇ ਵਿੱਚ ਧਾਰਮਿਕ ਸਮਾਗਮ ਲਈ ਇਕੱਤਰ ਹੋ ਰਹੇ ਮੁਸਲਿਮ ਭਾਈਚਾਰੇ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ। ਕਾਬਿਲੇਗੌਰ ਹੈ ਕਿ ਬੁਲੰਦਸ਼ਹਿਰ ਹਿੰਸਾ ਮਾਮਲੇ ਵਿੱਚ ਪੁਲੀਸ ਹੁਣ ਤਕ ਨੌਂ ਜਣਿਆਂ ਨੂੰ ਹਿਰਾਸਤ ਵਿੱਚ ਲੈ ਚੁੱਕੀ ਹੈ ਜਦੋਂਕਿ ਮੁੱਖ ਮੁਲਜ਼ਮ ਤੇ ਬਜਰੰਗ ਦਲ ਦਾ ਜ਼ਿਲ੍ਹਾ ਕਨਵੀਨਰ ਯੋਗੇਸ਼ ਰਾਜ ਫ਼ਰਾਰ ਹੈ। ਇਸ ਦੌਰਾਨ ਮੰਨਿਆ ਜਾਂਦਾ ਹੈ ਕਿ ਫੌਜੀ ਜਵਾਨ ਜੀਤੂ ਨੇ ਆਪਣੀ ਯੂਨਿਟ ਨੂੰ ਦੱਸਿਆ ਕਿ ਉਹ ਐਫਆਈਆਰ ਦਰਜ ਕਰਵਾਉਣ ਲਈ ਤੀਹ ਹੋਰਨਾਂ ਵਿਅਕਤੀਆਂ ਨਾਲ ਪੁਲੀਸ ਸਟੇਸ਼ਨ ਗਿਆ ਸੀ। ਇਸ ਮੌਕੇ ਜਦੋਂ ਉਥੇ ਹੱਥੋਪਾਈ ਸ਼ੁਰੂ ਹੋਈ ਤਾਂ ਉਹ ਦੌੜ ਗਿਆ। ਇੰਸਪੈਕਟਰ ਸੁਬੋਧ ਕੁਮਾਰ ਸਿੰਘ ਨੂੰ ਗੋਲੀ ਮਾਰੇ ਜਾਣ ਮੌਕੇ ਉਹ ਉਥੇ ਮੌਜੂਦ ਨਹੀਂ ਸੀ।

Facebook Comment
Project by : XtremeStudioz