Close
Menu

ਫ਼ੌਜ ਵੱਲੋਂ ਕਸ਼ਮੀਰ ’ਚੋਂ ਲਸ਼ਕਰ ਲੀਡਰਸ਼ਿਪ ਦੇ ਸਫ਼ਾਏ ਦਾ ਦਾਅਵਾ

-- 20 November,2017

ਸ੍ਰੀਨਗਰ, 20 ਨਵੰਬਰ
ਫੌਜ ਨੇ ਅੱਜ ਦਾਅਵਾ ਕੀਤਾ ਕਿ ਜੰਮੂ ਤੇ ਕਸ਼ਮੀਰ ਦੇ ਬੰਦੀਪੁਰਾ ਜ਼ਿਲ੍ਹੇ ’ਚ ਬੀਤੇ ਦਿਨ ਛੇ ਅਤਿਵਾਦੀਆਂ ਦੇ ਮਾਰੇ ਜਾਣ ਨਾਲ ਘਾਟੀ ਵਿੱਚੋਂ ਪਾਕਿਸਤਾਨ ਦੀ ਰਹਿਨੁਮਾਈ ਵਾਲੀ ਲਸ਼ਕਰ-ਏ-ਤਾਇਬਾ (ਐਲਈਟੀ) ਦੀ ਉੱਚ ਲੀਡਰਸ਼ਿਪ ਦਾ ਸਫ਼ਾਇਆ ਹੋ ਗਿਆ ਹੈ।
ਸ੍ਰੀਨਗਰ ਹੈੱਡਕੁਆਰਟਰ 15 ਕੋਰਪਸ ਦੇ ਮੁਖੀ ਲੈਫਟੀਨੈਂਟ ਜਨਰਲ ਜੇਐਸ ਸੰਧੂ ਨੇ ਦੱਸਿਆ, ‘ਬੀਤੇ ਦਿਨ ਛੇ ਅਤਿਵਾਦੀ ਕਮਾਂਡਰਾਂ ਦੇ ਮਾਰੇ ਜਾਣ ਨਾਲ ਘਾਟੀ ’ਚੋਂ ਇਸ ਜਥੇਬੰਦੀ ਦੀ ਮੋਹਰੀ ਲੀਡਰਸ਼ਿਪ ਦਾ ਸਫ਼ਾਇਆ ਹੋ ਗਿਆ ਹੈ।’ ਸ਼ਨਿਚਰਵਾਰ ਦੀ ਮੁਹਿੰਮ ਬਾਰੇ ਵੇਰਵੇ ਦਿੰਦਿਆਂ ਉਨ੍ਹਾਂ ਕਿਹਾ, ‘ਹਜੀਨ ਦਾ ਖੇਤਰ ਸਾਡੇ ਲਈ ਚਿੰਤਾ ਦਾ ਵਿਸ਼ਾ ਸੀ। ਅਤਿਵਾਦੀਆਂ ਨੇ ਉੱਥੇ ਕੁਝ ਲੋਕਾਂ ਨੂੰ ਮਾਰ ਦਿੱਤਾ ਸੀ। ਅਸੀਂ ਇਸ ਖੇਤਰ ’ਚ ਵਿਸ਼ੇਸ਼ ਬਲ ਭੇਜੇ। ਅਸੀਂ ਚੰਦੇਗੀਰ ਪਿੰਡ ਨੂੰ ਆਪਣੇ ਰਡਾਰ ’ਤੇ ਰੱਖਿਆ। ਇਹ ਅਤਿਵਾਦੀ ਇੱਥੋਂ ਦੇ ਇੱਕ ਘਰ ’ਚ ਦੋ-ਤਿੰਨ ਦਿਨ ਤੋਂ ਰਹਿ ਰਹੇ ਸਨ।’ ਜਨਰਲ ਸੰਧੂ ਨੇ ਮਾਰੇ ਗਏ ਇੱਕ ਅਤਿਵਾਦੀ ਦੀ ਪਛਾਣ ਜ਼ਕੀ-ਉਰ-ਰਹਿਮਾਨ ਲਖ਼ਵੀ ਦੇ ਭਤੀਜੇ ਤੇ ਜ਼ਕੀਉਰ ਰਹਿਮਾਨ ਮੱਕੀ ਦੇ ਪੁੱਤ ਓਸਾਮਾ ਜੁੰਗਵੀ ਉਰਫ਼ ਉਵੈਦ ਵਜੋਂ ਹੋਈ ਦੱਸੀ ਹੈ। ਓਵੈਦ ਸਮੇਤ ਮਾਰੇ ਗਏ ਛੇ ਪਾਕਿਸਤਾਨੀ ਦਹਿਸ਼ਤਗਰਦਾਂ ’ਚ ਲਸ਼ਕਰ ਦੇ ਦੋ ਹੋਰ ਮੋਹਰੀ ਕਮਾਂਡਰ ਜ਼ਰਗਾਰ ਤੇ ਮਹਿਮੂਦ ਵੀ ਸ਼ਾਮਲ ਹਨ। ਆਈਏਐੱਫ ਦਾ ਕਮਾਂਡੋ ਵੀ ਇਸ ਮੁਕਾਬਲੇ ’ਚ ਸ਼ਹੀਦ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਭਵਿੱਖ ’ਚ ਵੀ ਆਪਣੀ ਮੁਹਿੰਮ ਜਾਰੀ ਰੱਖਣਗੇ ਤੇ ਘਾਟੀ ’ਚ ਜਲਦੀ ਹੀ ਸ਼ਾਂਤੀ ਬਹਾਲ ਕਰਨਗੇ। ਉਨ੍ਹਾਂ ਦੱਸਿਆ ਕਿ ਉਹ ਦੋ ਲੀਹਾਂ ’ਤੇ ਕੰਮ ਕਰ ਰਹੇ ਹਨ।
ਇਸੇ ਦੌਰਾਨ ਜੰਮੂ ਤੇ ਕਸ਼ਮੀਰ ਦੇ ਡੀਜੀਪੀ ਐਸਪੀ ਵੈਦ ਨੇ ਇਸਲਾਮਿਕ ਸਟੇਟ ਦੇ ਉਸ ਦਾਅਵੇ ਨੂੰ ਖਾਰਜ ਕਰ ਦਿੱਤਾ ਜਿਸ ’ਚ ਕਿਹਾ ਗਿਆ ਸੀ ਕਿ ਸ਼ੁੱਕਰਵਾਰ ਨੂੰ ਸ੍ਰੀਨਗਰ ਦੇ ਜ਼ਕੂਰਾ ’ਚ ਹੋਇਆ ਹਮਲਾ, ਜਿਸ ’ਚ ਇੱਕ ਪੁਲੀਸ ਅਫਸਰ ਤੇ ਇੱਕ ਅਤਿਵਾਦੀ ਹਲਾਕ ਹੋ ਗਿਆ ਸੀ, ਕਸ਼ਮੀਰ ’ਚ ਪਹਿਲਾ ਆਈਐੱਸ ਹਮਲਾ ਸੀ। ਡੀਜੀਪੀ ਵੈਦ ਨੇ ਕਿਹਾ, ‘ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਤੇ ਮੈਨੂੰ ਨਹੀਂ ਲੱਗਦਾ ਕਿ ਆਈਐਸਆਈਐਸ ਦੀ ਇੱਥੇ ਕੋਈ ਹੋਂਦ ਹੈ।’ ਪੁਲੀਸ ਨੇ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿੱਚੋਂ ਜੈਸ਼-ਏ-ਮੁਹੰਮਦ ਦੇ ਤਿੰਨ ਅਤਿਵਾਦੀ ਗ੍ਰਿਫ਼ਤਾਰ ਕੀਤੇ ਹਨ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਅਤਿਵਾਦੀਆਂ ਕੋਲੋਂ ਇਕ ਐਸਐਲਆਰ ਰਾਈਫਲ, ਪਿਸਤੌਲ ਅਤੇ ਕੁੱਝ ਹੱਥ ਗੋਲੇ ਬਰਾਮਦ ਹੋਏ ਹਨ। ਇਸ ਦੌਰਾਨ ਅਤਿਵਾਦੀਆਂ ਨੇ ਅੱਜ ਸੁਰੱਖਿਆ ਬਲਾਂ ਦੀ ਟੀਮ, ਜੋ ਪਾਰਿਮਪੋਰਾ ਇਲਾਕੇ ਵਿੱਚੋਂ ਡਿਊਟੀ ਬਾਅਦ ਆ ਰਹੇ ਸਨ, ’ਤੇ ਹੱਥ ਗੋਲੇ ਨਾਲ ਹਮਲਾ ਕੀਤਾ। ਇਸ ਹਮਲੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਕੋਈ ਫੱਟੜ ਹੋਇਆ ਹੈ। ਇਸ ਹਮਲੇ ਦੀ ਪੁਲੀਸ ਨੇ ਪੁਸ਼ਟੀ ਨਹੀਂ ਕੀਤੀ ਹੈ।

Facebook Comment
Project by : XtremeStudioz