Close
Menu

ਬਗ਼ਾਵਤ ਵੰਗਾਰਦੀ ਹੈ!

-- 09 September,2013

004-bagawat1-250

ਮੈਂ ਸੀਤਾ ਦਾ ਅਪਹਰਣ ਹੁੰਦਾ ਦੇਖਿਆ,
ਤੇ ਤੱਕਿਆ ਦਰੋਪਦੀ ਨੂੰ, ਸ਼ਰੇਆਮ ਹੁੰਦੀ ਨਿਰਵਸਤਰ!
ਸਿਰਫ਼ ਦੁਆਪਰ-ਤ੍ਰੇਤਾ ਵਿਚ ਹੀ ਨਹੀਂ, ਅੱਜ ਵੀ!!
ਉਥੋਂ ਸਿੱਖੇ ਮੈਂ ਸਬਕ,
ਤੇ ਹੋਈ ਆਪਣੀ ਇੱਜ਼ਤ-ਅਣਖ਼ ਪ੍ਰਤੀ ਸੁਚੇਤ!
ਜਦ ਮੇਰੇ ਸਾਹਮਣੇ ਆ ਕੇ ਭੇਖੀ,
ਬਗਲੇ ਭਗਤ ਦਾ, ਮਖ਼ੌਟਾ ਪਾ ਕੇ ਬੈਠਦੇ ਨੇ,
ਤਾਂ ਮੈਨੂੰ ਲੱਗਦੇ ਨੇ ਹੂ-ਬ-ਹੂ, ਨਾਰਦਮੁਨੀ ਵਰਗੇ!
ਮੇਰੇ ਸਾਹਮਣੇ ਬੈਠ, ਮੀਆਂ-ਮਿੱਠੂ, ਮੰਤਰ ਪੜ੍ਹਦੇ,
ਅੱਜ ਦੇ ਰਾਵਣ ਵੱਲ ਤੱਕ ਕੇ,
ਮੇਰੀ ਜ਼ਮੀਰ ਮੈਨੂੰ, ਅੰਦਰੋਂ ਹੁੱਝ ਮਾਰ, ਵੰਗਾਰ ਪਾਉਂਦੀ ਹੈ!
…ਤੇ ਮੇਰੇ ਅੰਦਰੋਂ, ਉਠਦੀ ਹੈ ਬਗ਼ਾਵਤ,
ਅਤੇ ਕਰਵਾਉਂਦੀ ਹੈ ਮੈਨੂੰ,
ਮੇਰੀ ਕਦਰ-ਕੀਮਤ ਦਾ ਅਹਿਸਾਸ!
…ਕਿ ਇਹ ਲਾਹਣਤ ਵਰਗੇ ਨਕਾਬਪੋਸ਼,
ਆਪ ਦੇ ਜਾਣੇ ਤਾਂ ਪਾਉਂਦੇ ਨੇ,
ਅੰਬਰੀਂ ਉੱਡਦੇ ਉਕਾਬਾਂ ਦੀਆਂ ਬਾਤਾਂ, ਤੇ ਗੱਲੀਂ-ਬਾਤੀਂ,
ਦਿਖਾਉਂਦੇ ਨੇ ਅਰਜਨ ਵਾਲਾ ਬਲ!
ਪਰ ਉਹਨਾਂ ਦੀਆਂ ਭਰਿਸ਼ਟੀਆਂ ਨਜ਼ਰਾਂ ‘ਚੋਂ ਮੈਨੂੰ,
ਆਉਂਦੀ ਹੈ ਕਿਸੇ ਦੈਂਤ ਵਾਲੀ, ਬਦਨੀਤ ਦੀ ਗੰਧ,
ਜੋ ਮਨ ਅੰਦਰੋਂ, ਆਦਮ-ਬੋ, ਆਦਮ-ਬੋ ਨਹੀਂ,
ਨਾਰੀ-ਬੋ, ਨਾਰੀ-ਬੋ, ਦਹਾੜ ਰਿਹਾ ਹੁੰਦੈ!
ਉਸ ਨੂੰ ਇਹ ਨਹੀਂ ਪਤਾ, ਕਿ ਮੈਂ ‘ਵਿਚਾਰੀ ਅਬਲਾ’ ਨਹੀਂ,
ਕੱਠਪੁਤਲੀ ਤੇ ਲਾਈਲੱਗ ਵੀ ਨਹੀਂ ਹਾਂ!
ਸਗੋਂ, ਝਾਂਸੀ ਦੀ ਰਾਣੀ ਅਤੇ ਮਾਤਾ ਭਾਗੋ ਦੀ ‘ਪੈਰੋਕਾਰ’ ਹਾਂ!
ਕੱਢ ਕੇ ਮਨ ਦਾ ਭਰਮ, ਬੈਠ ਜਾਹ ਕਪਟੀਆ ਚੁੱਪ ਧਾਰ,
ਤੂੰ ਮੇਰੇ ਚੁੱਪ ਅਤੇ ਭੋਲੇ ਚਿਹਰੇ ਵੱਲ ਦੇਖ ਕੇ,
ਕਿਤੇ ਕੋਈ ਕੋਝਾ-ਬਾਣ ਨਾ ਦਾਗ ਬੈਠੀਂ,
ਭਰਮ ਨਾ ਪਾਲ ਬੈਠੀਂ ਕੋਈ, ਆਪਣੇ ਸ਼ੇਖ਼ਚਿਲੀ ਮਨ ਅੰਦਰ,
‘ਭਿੰਦਰ’ ਚੁੱਪ ਜਿਹੀ ਜ਼ਰੂਰ ਹੈ, ਪਰ ਬੇਅਣਖੀ ਤੇ ਬੇਪਤੀ ਨਹੀਂ!!
ਬੰਦੇ ਨੂੰ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ,
ਡੰਡਾ ਤਾਂ ਲੋਕ, ਕਿਸੇ ਹੋਰ ਲਈ ਵਰਤਦੇ ਨੇ,
ਡੰਡਾ ਤਾਂ ਲੋਕ, ਕਿਸੇ ਹੋਰ ਲਈ ਵਰਤਦੇ ਨੇ!

Facebook Comment
Project by : XtremeStudioz