Close
Menu

ਬਠਿੰਡਾ: ਅਗਲੀ ਵਾਰ ਦਰਾਣੀ-ਜਠਾਣੀ ’ਚ ਖੜਕ ਸਕਦਾ ਹੈ ਸਿਆਸੀ ਖੰਡਾ

-- 22 February,2018

ਬਠਿੰਡਾ, 22 ਫਰਵਰੀ
ਬਠਿੰਡਾ ਸੰਸਦੀ ਹਲਕੇ ’ਚ ਅਗਲਾ ਚੋਣ ਦੰਗਲ ਦਰਾਣੀ-ਜਠਾਣੀ ਦਰਮਿਆਨ ਹੋ ਸਕਦਾ ਹੈ। ਭਾਵੇਂ ਹਾਲੇ ਇਸ ਸਭ ਕਾਸੇ ਨੂੰ ਕਾਫ਼ੀ ਵਕਤ ਹੈ, ਪਰ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਪਤਨੀ ਵੀਨੂੰ ਬਾਦਲ ਦੀਆਂ ਬਠਿੰਡਾ ਸ਼ਹਿਰ ’ਚ ਲਗਾਤਾਰ ਸਰਗਰਮੀਆਂ ਤੋਂ ਨਵੇਂ ਚਰਚੇ ਛਿੜੇ ਹਨ। ਸ੍ਰੀ ਬਾਦਲ ਦੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਨੇੜਤਾ ਨੇ ਚਰਚਾ ਨੂੰ ਹੋਰ ਖੰਭ ਲਾ ਦਿੱਤੇ ਹਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਸਿਮਰਤ ਕੌਰ ਬਾਦਲ ਦਾ 2019 ਦੀਆਂ ਲੋਕ ਸਭਾ ’ਚੋਣਾਂ ਬਠਿੰਡਾ ਹਲਕੇ ਤੋਂ ਲੜਨਾ ਤੈਅ ਹੈ।
ਕਾਂਗਰਸ ਹਾਈਕਮਾਂਡ ਨਵੇਂ ਉਭਰ ਰਹੇ ਸਿਆਸੀ ਹਾਲਾਤ ਦੇ ਮੱਦੇਨਜ਼ਰ ਵੀਨੂੰ ਬਾਦਲ ਨੂੰ ਅੱਗੇ ਕਰ ਸਕਦੀ ਹੈ। ਵੀਨੂੰ ਨੇ ਅੱਜ ‘ਪੰਜਾਬੀ ਟ੍ਰਿਬਿਊਨ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਅਗਾਮੀ ਚੋਣ ਲੜਨ ਦੀ ਗੱਲ ਸਿੱਧੀ ਤਾਂ ਨਹੀਂ ਕਬੂਲੀ ਪਰ ਇਨਕਾਰ ਵੀ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਚੋਣ ਲੜਨ ਬਾਰੇ ਤਾਂ ਹਾਲੇ ਪਰਿਵਾਰ ’ਚ ਵੀ ਵਿਚਾਰ ਨਹੀਂ ਹੋਈ। ਬਾਕੀ ਵੋਟਾਂ ਵਿਚ ਹਾਲੇ ਸਮਾਂ ਪਿਆ ਹੈ। ਜਦੋਂ ਪੁੱਛਿਆ ਗਿਆ ਕਿ ਕਾਂਗਰਸ ਹਾਈਕਮਾਂਡ ਵੱਲੋਂ ਬਠਿੰਡਾ ਤੋਂ ਚੋਣ ਲੜਨ ਦਾ ਹੁਕਮ ਦੇਣ ਦੀ ਸੂਰਤ ਵਿੱਚ ਉਨ੍ਹਾਂ ਦਾ ਕੀ ਫੈਸਲਾ ਹੋਵੇਗਾ, ਤਾਂ ਵੀਨੂੰ ਬਾਦਲ ਨੇ ਆਖਿਆ: ‘‘ਜਦੋਂ ਸਮਾਂ ਆਵੇਗਾ, ਉਦੋਂ ਸੋਚਾਂਗੇ, ਹਾਲੇ ਤਾਂ ਕੰਮ ’ਤੇ ਹੀ ਧਿਆਨ ਹੈ।’’ ਸਰਗਰਮ ਸਿਆਸਤ ’ਚ ਆਉਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਆਖਿਆ ਕਿ ਚੋਣਾਂ ਵਿਚ ਪੂਰਾ ਪਰਿਵਾਰ ਹੀ ਜ਼ਿੰਮੇਵਾਰੀ ਚੁੱਕਦਾ ਹੈ। ਮਨਪ੍ਰੀਤ ਦੀ ਚੋਣ ਵਿਚ ਪੂਰਾ ਪਰਿਵਾਰ ਹੀ ਤੁਰਿਆ ਸੀ। ਦੱਸਣਯੋਗ ਹੈ ਕਿ ਵੀਨੂੰ ਬਾਦਲ ਨੇ 3 ਫਰਵਰੀ ਤੋਂ ਬਠਿੰਡਾ ਵਿਚ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ, ਜਿਸ ਤੋਂ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ।
ਲੋਕ ਸਭਾ ਚੋਣਾਂ 2009 ਵਿਚ ਬਠਿੰਡਾ ਹਲਕੇ ਤੋਂ ਹਰਸਿਮਰਤ ਦੇ ਮੁਕਾਬਲੇ ਕੈਪਟਨ ਅਮਰਿੰਦਰ ਸਿੰਘ ਦੇ ਲੜਕੇ ਰਣਇੰਦਰ ਸਿੰਘ ਨੇ ਚੋਣ ਲੜੀ ਸੀ ਅਤੇ ਉਹ ਹਾਰ ਗਏ ਸਨ। ਪਿਛਲੀਆਂ 2014 ਦੀਆਂ ਚੋਣਾਂ ਵਿਚ
ਮਨਪ੍ਰੀਤ ਬਾਦਲ ਦੀ ਹਰਸਿਮਰਤ ਤੋਂ ਬਹੁਤ ਘੱਟ ਵੋਟਾਂ ਨਾਲ ਹਾਰ ਹੋਈ ਸੀ। ਸਿਆਸੀ ਮਾਹਿਰ ਕਿਆਸ ਲਾਉਂਦੇ ਹਨ ਕਿ ਰਣਇੰਦਰ ਸਿੰਘ ਦਾ ਹੁਣ ਬਠਿੰਡਾ ਤੋਂ ਮੈਦਾਨ ਵਿਚ ਉਤਰਨਾ ਮੁਸ਼ਕਲ ਹੈ। ਕਾਂਗਰਸ ਹਕੂਮਤ ਬਣਨ ਮਗਰੋਂ ਵੀ ਰਣਇੰਦਰ ਸਿੰਘ ਨੇ ਕਦੇ ਬਠਿੰਡਾ ਹਲਕੇ ਦਾ ਜਨਤਕ ਗੇੜਾ ਨਹੀਂ ਮਾਰਿਆ।
ਮਨਪ੍ਰੀਤ ਬਾਦਲ ਖੁਦ ਇਸ ਵਕਤ ਵਿੱਤ ਮੰਤਰੀ ਹਨ। ਕਾਂਗਰਸੀ ਰਣਨੀਤੀ ਹੋ ਸਕਦੀ ਹੈ ਕਿ ਬਾਦਲ ਪਰਿਵਾਰ ਦੀ ਮੁੜ ਲੋਕ ਸਭਾ ਚੋਣਾਂ ਵਿਚ ਆਪਸੀ ਸਿਆਸੀ ਟੱਕਰ ਕਰਾ ਦਿੱਤੀ ਜਾਵੇ। ਵੀਨੂੰ ਬਾਦਲ ਦਾ ਕਹਿਣਾ ਸੀ ਕਿ ਉਹ ਬਠਿੰਡਾ ਦੇ ਸਾਰੇ ਵਾਰਡਾਂ ਵਿਚ ਮੀਟਿੰਗਾਂ ਦਾ ਦੌਰ ਮੁਕੰਮਲ ਕਰਨਗੇ ਅਤੇ ਇਸ ਦਾ ਚੋਣਾਂ ਨਾਲ ਕੋਈ ਤੁਅੱਲਕ ਨਹੀਂ ਹੈ। ਚੋਣਾਂ ਵਿਚ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਪੂਰਤੀ ਹਿੱਤ ਉਹ ਵਾਰਡਾਂ ਵਿਚ ਜਾ ਰਹੇ ਹਨ। ਦੱਸਣਯੋਗ ਹੈ ਕਿ ਵਿਧਾਨ  ਸਭਾ ਚੋਣਾਂ ਵਿਚ ਪ੍ਰਚਾਰ ਦੌਰਾਨ ਵੀਨੂੰ ਬਾਦਲ ਦੇ ਪੈਰ ’ਤੇ ਸੱਟ ਲੱਗ ਗਈ ਸੀ ਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਰਹਿਣਾ ਪਿਆ ਸੀ।
ਵੀਨੂੰ ਨੇ ਦੱਸਿਆ ਕਿ ਹੁਣ ਵੀ ਉਹ ਸਵੇਰੇ ਰੋਜ਼ਾਨਾ ਪਹਿਲਾਂ ਇੱਕ ਘੰਟਾ ਜਿੰਮ ਜਾਂਦੇ ਹਨ ਅਤੇ ਫਿਜ਼ਿਓਥੈਰਪੀ ਕਰਾਉਂਦੇ ਹਨ। ਮਗਰੋਂ ਮੀਟਿੰਗਾਂ ਸ਼ੁਰੂ ਹੋ ਜਾਂਦੀਆਂ ਹਨ। ਸੂਤਰਾਂ ਮੁਤਾਬਕ ਹਰਸਿਮਰਤ ਕੌਰ ਬਾਦਲ ਨੇ ਵੀ ਆਪਣੇ ਵਿਰੋਧੀ ਉਮੀਦਵਾਰ ਬਾਰੇ ਹੁਣੇ ਕਨਸੋਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਸਾਰੇ ਸਾਲ਼ੇ ਇੱਕੋ ਜਿਹੇ ਨਹੀਂ ਹੁੰਦੇ: ਵੀਨੂੰ ਬਾਦਲ
ਵੀਨੂੰ ਬਾਦਲ ਨੇ ਆਪਣੇ ਭਰਾ ਜੈਜੀਤ ਜੌਹਲ ਉਰਫ ਜੋਜੋ ਉਤੇ ਸੁਖਬੀਰ ਬਾਦਲ ਵਲੋਂ ਉਂਜਗਲ ਉਠਾਏ ਜਾਣ ਦੇ ਜੁਆਬ ਵਿਚ ਤਿੱਖੀ ਸੁਰ ’ਚ ਆਖਿਆ ਕਿ ‘ਸਾਰੇ ਸਾਲ਼ੇ ਇੱਕੋ ਜਿਹੇ ਨਹੀਂ ਹੁੰਦੇ’। ਉਨ੍ਹਾਂ ਆਖਿਆ, ‘‘ਸਾਡੇ ਪਰਿਵਾਰ ਕੋਲ ਅੱਜ ਵੀ ਜੱਦੀ-ਪੁਸ਼ਤੀ ਜਾਇਦਾਦ ਹੈ ਤੇ ਵਿਰੋਧੀ ਸਾਡੇ ਕੰਮ ਤੋਂ ਘਬਰਾ ਕੇ ਇਲਜ਼ਾਮ ਲਾ ਰਹੇ ਹਨ।’’ ਉਨ੍ਹਾਂ ਆਖਿਆ ਕਿ ਮਜੀਠੀਆ ਬਾਰੇ ਕੋਈ ਕਿਉਂ ਨਹੀਂ ਬੋਲਦਾ। ਉਨ੍ਹਾਂ ਇਸ ਨੂੰ ‘ਉਲਟਾ ਚੋਰ ਕੋਤਵਾਲ ਨੂੰ ਡਾਂਟੇ’ ਵਾਲੀ ਗੱਲ ਆਖਿਆ। ਉਨ੍ਹਾਂ ਤਾਂ ਜੈਜੀਤ ਨੂੰ ਇਲਜ਼ਾਮ ਲਾਉਣ ਵਾਲਿਆਂ ’ਤੇ ਹੱਤਕ ਇੱਜ਼ਤ ਦਾ ਦਾਅਵਾ ਕਰਨ ਦੀ ਸਲਾਹ ਵੀ ਦਿੱਤੀ ਸੀ।

Facebook Comment
Project by : XtremeStudioz