Close
Menu

ਬਠਿੰਡਾ ਏਅਰਪੋਰਟ: ਗਲ ਪਿਆ ਢੋਲ ਵਜਾਉਣ ਲਈ ਮਜਬੂਰ ਪੰਜਾਬ ਪੁਲੀਸ

-- 21 July,2017

ਬਠਿੰਡਾ,ਪੰਜਾਬ ਪੁਲੀਸ ਵੱਲੋਂ ਬਠਿੰਡਾ ਦੇ ਹਵਾਈ ਅੱਡੇ ਦੀ ਮੁਫ਼ਤ ਵਿੱਚ ਸੁਰੱਖਿਆ ਕੀਤੀ ਜਾ ਰਹੀ ਹੈ। ਸੁਰੱਖਿਆ ਦਾ ਖ਼ਰਚਾ ਬਠਿੰਡਾ ਪੁਲੀਸ ਦਾ ਧੂੰਆਂ ਕੱਢ ਰਿਹਾ ਹੈ। ਜ਼ਿਲ੍ਹਾ ਪੁਲੀਸ ਵੱਲੋਂ ਹੁਣ ਏਅਰਪੋਰਟ ਅਥਾਰਟੀ ਨਾਲ ਤਾਲਮੇਲ ਸਥਾਪਤ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪੁਲੀਸ ਪਤਾ ਲਗਾ ਰਹੀ ਹੈ ਕਿ ਬਠਿੰਡਾ ਏਅਰਪੋਰਟ ਦੇ ਐਮਓਯੂ ਵਿੱਚ ਸੁਰੱਖਿਆ ਸਬੰਧੀ ਕੋਈ ਮੱਦ ਲਿਖੀ ਗਈ ਹੈ ਜਾਂ ਨਹੀਂ। ਉਪਰੋਂ, ਸੁਰੱਖਿਆ ਮੁਲਾਜ਼ਮਾਂ ਨੂੰ ਏਅਰਪੋਰਟ ਦਾ ਮੱਛਰ ਖਾ ਰਿਹਾ ਹੈ। ਪੰਜਾਬ ਪੁਲੀਸ ਵੱਲੋਂ ਬਠਿੰਡਾ ਏਅਰਪੋਰਟ ਦੀ ਸੁਰੱਖਿਆ ਲਈ ਆਈਆਰਬੀ ਦੇ 34 ਅਫ਼ਸਰ ਅਤੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਵੱਲੋਂ ਹੋਮਗਾਰਡ ਜਵਾਨਾਂ ਦੀ ਛੇ ਮੈਂਬਰੀ ਗਾਰਦ ਵੱਖਰੀ ਲਾਈ ਗਈ ਹੈ, ਜਿਨ੍ਹਾਂ ਨੂੰ ਟੈਂਟ ਲਾ ਕੇ ਟਿਕਾਣਾ ਬਣਾਉਣਾ ਪੈ ਰਿਹਾ ਹੈ। ਆਈਆਰਬੀ ਦੇ ਜਵਾਨਾਂ ਲਈ ਏਅਰਪੋਰਟ ਉਪਰ ਰਹਿਣ ਦਾ ਕੋਈ ਪ੍ਰਬੰਧ ਨਹੀਂ ਹੈ, ਜਿਸ ਕਰ ਕੇ ਇਹ ਜਵਾਨ ਬਠਿੰਡਾ ਦੀ ਪੁਲੀਸ ਲਾਈਨ ਵਿੱਚ ਰਹਿ ਰਹੇ ਹਨ। ਇਨ੍ਹਾਂ ਜਵਾਨਾਂ ਨੂੰ ਏਅਰਪੋਰਟ ਤੱਕ ਲਿਜਾਣ ਵਾਸਤੇ ਬਾਕਾਇਦਾ ਇੱਕ ਬੱਸ ਲਾਈ ਗਈ ਹੈ, ਜਿਸ ਦੇ ਤੇਲ ਦਾ ਖ਼ਰਚਾ ਜ਼ਿਲ੍ਹਾ ਪੁਲੀਸ ਨੂੰ ਝੱਲਣਾ ਪੈ ਰਿਹਾ ਹੈ।
ਆਈਆਰਬੀ ਦੇ ਮੁਲਾਜ਼ਮਾਂ ਨੇ ਜ਼ਿਲ੍ਹਾ ਪੁਲੀਸ ਕੋਲ ਪਹੁੰਚ ਕੀਤੀ ਹੈ ਕਿ ਉਨ੍ਹਾਂ ਦੇ ਰਹਿਣ-ਸਹਿਣ ਦਾ ਪ੍ਰਬੰਧ ਕੀਤਾ ਜਾਵੇ। ਸੂਤਰਾਂ ਮੁਤਾਬਕ ਪੰਜਾਬ ਪੁਲੀਸ ਨੂੰ ਬਠਿੰਡਾ ਏਅਰਪੋਰਟ ਦੀ ਸੁਰੱਖਿਆ ਸਾਲਾਨਾ ਕਰੀਬ ਦੋ ਕਰੋੜ ਰੁਪਏ ਵਿੱਚ ਪੈ ਰਹੀ ਹੈ ਅਤੇ ਤੇਲ ਖ਼ਰਚ ਇਸ ਤੋਂ ਵੱਖਰਾ ਹੈ। ਆਮ ਤੌਰ ’ਤੇ ਸੂਬੇ ਦੀ ਪੁਲੀਸ ਵੱਲੋਂ ਏਅਰਪੋਰਟ ਅਥਾਰਟੀ ਤੋਂ ਸੁਰੱਖਿਆ ਦਾ ਖ਼ਰਚਾ ਕਲੇਮ ਕੀਤਾ ਜਾਂਦਾ ਹੈ ਪਰ ਪੰਜਾਬ ਪੁਲੀਸ ਨੇ ਹਾਲੇ ਤੱਕ ਇਹ ਖ਼ਰਚਾ ਨਹੀਂ ਲਿਆ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ 11 ਦਸੰਬਰ 2016 ਨੂੰ ਬਠਿੰਡਾ ਹਵਾਈ ਅੱਡਾ ਸ਼ੁਰੂ ਕੀਤਾ ਸੀ ਅਤੇ ਉਸ ਸਮੇਂ ਤੋਂ ਹੀ ਪੰਜਾਬ ਪੁਲੀਸ ਨੇ ਏਅਰਪੋਰਟ ਦੀ ਸੁਰੱਖਿਆ ਲਈ ਫੋਰਸ ਤਾਇਨਾਤ ਕੀਤੀ ਹੈ।

Facebook Comment
Project by : XtremeStudioz