Close
Menu

ਬਠਿੰਡਾ ਹਲਕਾ: ਵੜਿੰਗ ਦੀ ਹੋਵੇਗੀ ਦੂਹਰੀ ਪ੍ਰੀਖਿਆ

-- 22 April,2019

ਬਠਿੰਡਾ, 22 ਅਪਰੈਲ
ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਨੇ ਰਾਜਾ ਵੜਿੰਗ ਨੂੰ ਉਮੀਦਵਾਰ ਐਲਾਨ ਦਿੱਤਾ ਹੈ ਅਤੇ ਹੁਣ ਗੇਂਦ ਸ਼੍ਰੋਮਣੀ ਅਕਾਲੀ ਦਲ ਦੇ ਪਾਲੇ ਵਿੱਚ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਚੋਣ ਮੁਹਿੰਮ ਤਾਂ ਅਗੇਤੀ ਭਖਾ ਰੱਖੀ ਹੈ ਪਰ ਅਕਾਲੀ ਦਲ ਵੱਲੋਂ ਉਮੀਦਵਾਰ ਦਾ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ। ਅਕਾਲੀ ਦਲ ਪਿਛਲੇ ਦਿਨਾਂ ਤੋਂ ਕਾਂਗਰਸੀ ਉਮੀਦਵਾਰ ਹੀ ਉਡੀਕ ਰਿਹਾ ਸੀ। ਸੂਤਰਾਂ ਅਨੁਸਾਰ ਬਠਿੰਡਾ ਤੋਂ ਕੇਂਦਰੀ ਮੰੰਤਰੀ ਹਰਸਿਮਰਤ ਕੌਰ ਬਾਦਲ ਹੀ ਅਕਾਲੀ ਉਮੀਦਵਾਰ ਹੋਣਗੇ। ਕਾਂਗਰਸ
ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਸਿਪਾਹੀ ਵਜੋਂ ਰਾਜਾ ਵੜਿੰਗ ਨੂੰ ਬਠਿੰਡਾ ਦੇ ਮੈਦਾਨ ’ਚ ਉਤਾਰਿਆ ਹੈ। ਸੂਤਰ ਦੱਸਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਬਠਿੰਡਾ ਹਲਕੇ ਤੋਂ ਵਿਜੈਇੰਦਰ ਸਿੰਗਲਾ ਜਾਂ ਮੋਹਿਤ ਮਹਿੰਦਰਾ ਨੂੰ ਟਿਕਟ ਦਿਵਾਉਣਾ ਚਾਹੁੰਦੇ ਸਨ ਪਰ ਹਾਈਕਮਾਨ ਨੇ ਰਾਜਾ ਵੜਿੰਗ ਦੀ ਚੋਣ ਕੀਤੀ ਹੈ। ਸਿਆਸੀ ਹਾਲਾਤ ਕੁਝ ਵੀ ਹੋਣ, ਅੰਦਰੋਂ-ਅੰਦਰੀਂ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਾ ਵੜਿੰਗ ਵਿੱਚ ਖਟਾਸ ਚੱਲ ਰਹੀ ਹੈ। ਕਾਂਗਰਸ ਨੇ ਜਦੋਂ ਕਿੱਲਿਆਂਵਾਲੀ ’ਚ ਰੈਲੀ ਕੀਤੀ ਸੀ ਤਾਂ ਉਦੋਂ ਰਾਜਾ ਵੜਿੰਗ ਕਾਫ਼ੀ ਤਿੱਖਾ ਬੋਲੇ ਸਨ। ਰਾਜਾ ਵੜਿੰਗ ਦੂਜੀ ਵਾਰ ਵਿਧਾਇਕ ਬਣੇ ਹਨ ਅਤੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਬਠਿੰਡਾ ਹਲਕੇ ਲਈ ਉਹ ਬਿਲਕੁਲ ਨਵੇਂ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਵਿੱਚ ਉਸ ਦਾ ਸਿਆਸੀ ਕੱਦ ਵੀ ਮੇਚ ਦਾ ਨਹੀਂ ਹੈ। ਵਿਕਾਸ ਪ੍ਰਾਜੈਕਟਾਂ ਦੇ ਨਜ਼ਰੀਏ ਤੋਂ ਹਰਸਿਮਰਤ ਕੋਲ ਦੱਸਣ ਲਈ ਕਾਫ਼ੀ ਕੁਝ ਹੈ। ਬਾਦਲ ਪਰਿਵਾਰ ਨੇ ਵਿਧਾਨ ਸਭਾ ਹਲਕਿਆਂ ਅਨੁਸਾਰ ਸਾਬਕਾ ਮੰਤਰੀਆਂ ਨੂੰ ਤਾਇਨਾਤ ਕਰ ਦਿੱਤਾ ਹੈ।
ਅੱਜ ਰਾਜਾ ਵੜਿੰਗ ਨੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨਾਲ ਪਿੰਡ ਬਾਦਲ ਮੀਟਿੰਗ ਕਰਕੇ ਰਣਨੀਤੀ ਤਿਆਰ ਕੀਤੀ ਹੈ। ਰਾਜਾ ਵੜਿੰਗ 23 ਅਪਰੈਲ ਤੋਂ ਆਪਣੀ ਚੋਣ ਮੁਹਿੰਮ ਬਠਿੰਡਾ ਤੋਂ ਸ਼ੁਰੂ ਕਰ ਰਹੇ ਹਨ। ਉਹ 23 ਅਪਰੈਲ ਨੂੰ ਬਠਿੰਡਾ ਦੇ ਗਰੀਨ ਪੈਲੇਸ ਵਿੱਚ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕਰਨਗੇ। ਉਸੇ ਦਿਨ ਹੀ ਉਹ ਤਖਤ ਦਮਦਮਾ ਸਾਹਿਬ ਅਤੇ ਉਸ ਮਗਰੋਂ ਮਾਈਸਰਖਾਨਾ ਮੱਥਾ ਟੇਕਣ ਜਾਣਗੇ। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਬਠਿੰਡਾ ਵਿਚ ਸ਼ਹਿਰੀ ਵਰਕਰਾਂ ਨਾਲ ਮੀਟਿੰਗ ਕਰਕੇ ਅੱਜ ਤੋਂ ਹੀ ਡਟਣ ਦਾ ਸੁਨੇਹਾ ਦੇ ਦਿੱਤਾ ਹੈ। ਬਠਿੰਡਾ ਹਲਕੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਹੁਣ ਕਾਫੀ ਭਖਣ ਦੀ ਸੰਭਾਵਨਾ ਹੈ ਕਿਉਂਕਿ ਰਾਜਾ ਵੜਿੰਗ ਪਿਛਲੇ ਸਮੇਂ ਤੋਂ ਇਹ ਮੁੱਦਾ ਚੁੱਕਦੇ ਆ ਰਹੇ ਹਨ।
ਕਾਂਗਰਸ ਦੇ ਸਕੱਤਰ ਕੇਕੇ ਅਗਰਵਾਲ ਦਾ ਕਹਿਣਾ ਸੀ ਕਿ ਬਠਿੰਡਾ ਹਲਕੇ ਤੋਂ ਹਾਈਕਮਾਨ ਨੇ ਮਜ਼ਬੂਤ ਉਮੀਦਵਾਰ ਬਠਿੰਡਾ ਹਲਕੇ ਲਈ ਦਿੱਤਾ ਹੈ। ਪਤਾ ਲੱਗਾ ਹੈ ਕਿ ਵੜਿੰਗ ਦੀ ਟੀਮ ਅੱਜ ਬਠਿੰਡਾ ਹਲਕੇ ਵਿਚ ਪੁੱਜ ਗਈ ਹੈ ਜਿਸ ਵਾਸਤੇ ਰਿਹਾਇਸ਼ ਦੇ ਪ੍ਰਬੰਧ ਕੀਤੇ ਜਾ ਰਹੇ ਹਨ।

Facebook Comment
Project by : XtremeStudioz