Close
Menu

ਬਰਤਾਨੀਆ ’ਚ ਤਿਰੰਗੇ ਦੀ ਬੇਅਦਬੀ ’ਤੇ ਭਾਰਤ ਨੇ ਮੰਗੀ ਕਾਰਵਾਈ

-- 21 April,2018

ਲੰਡਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਮੌਕੇ ਬਰਤਾਨੀਆ ਦੇ ਪਾਰਲੀਮੈਂਟ ਚੌਕ ਵਿੱਚ ਭਾਰਤ ਦੇ ਕੌਮੀ ਝੰਡੇ ਦੀ ਬੇਅਦਬੀ ਕਰਨ ਵਾਲਿਆਂ ਵਿਰੁੱਧ ਭਾਰਤ ਨੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਮਾਮਲਾ ਬਰਤਾਨੀਆ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਉੱਚ ਪੱਧਰ ਉੱਤੇ ਰੋਸ ਜਤਾਇਆ ਗਿਆ ਹੈ। ਭਾਰਤੀ ਵਿਦੇਸ਼ ਵਿਭਾਗ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਰਲੀਮੈਂਟ ਚੌਕ ਵਿੱਚ ਕੌਮੀ ਝੰਡੇ ਨਾਲ ਵਾਪਰੀ ਘਟਨਾ ਤੋਂ ਸਾਡੇ ਵਿੱਚ ਬੇਹੱਦ ਰੋਹ ਹੈ। ਮਾਮਲਾ ਬਰਤਾਨੀਆ ਸਰਕਾਰ ਅੱਗੇ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ ਹੈ। ਦੂਜੇ ਪਾਸੇ ਬਰਤਾਨੀਆ ਨੇ ਇਸ ਦੇ ਲਈ ਪਹਿਲਾਂ ਹੀ ਮੁਆਫੀ ਮੰਗ ਲਈ ਹੈ।ਵਿਦੇਸ਼ ਅਤੇ ਰਾਸ਼ਟਰਮੰਡਲ ਦਫਤਰ ਦੇ ਬੁਲਾਰੇ ਨੇ ਕਿਹਾ ਕਿ ਲੋਕਾਂ ਨੂੰ ਸ਼ਾਂਤਮਈ ਮੁਜ਼ਾਹਰਾ ਕਰਨ ਦਾ ਹੱਕ ਹੈ ਪਰ ਸਾਨੂੰ ਇੱਕ ਘੱਟ ਗਿਣਤੀ ਧੜੇ ਵੱਲੋਂ ਪਾਰਲੀਮੈਂਟ  ਚੌਕ ਵਿੱਚ ਕੀਤੀ ਕਾਰਵਾਈ ਨੇ ਨਿਰਾਸ਼ ਕੀਤਾ ਹੈ।ਇਸ ਸਬੰਧੀ ਤੁਰੰਤ ਭਾਰਤ ਦੇ ਹਾਈ ਕਮਿਸ਼ਨਰ ਯਸ਼ਵਰਧਨ ਕੁਮਾਰ ਸਿਨਹਾ ਦੇ ਨਾਲ ਸੰਪਰਕ ਕੀਤਾ ਗਿਆ ਸੀ। ਬਾਅਦ ਵਿੱਚ ਨਵੇਂ ਸਿਰੇ ਤੋਂ ਕੌਮੀ ਝੰਡਾ ਲਹਿਰਾ ਦਿੱਤਾ ਗਿਆ ਸੀ। ਸਕਾਟਲੈਂਡ ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ।
ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਖਾਸ ਤੌਰ ਉੱਤੇ ਉਨ੍ਹਾਂ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਆਸ ਕਰਦੇ ਹਾਂ ਜਿਨ੍ਹਾਂ ਨੇ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ ਅਤੇ ਭੜਕਾਹਟ ਪੈਦਾ ਕੀਤੀ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਆਏ ਸਨ ਤਾਂ ਕੁੱਝ ਖਾਲਿਸਤਾਨ ਪੱਖੀਆਂ ਅਤੇ ਕਸ਼ਮੀਰੀ ਵੱਖਵਾਦੀਆਂ ਨੇ ‘ਮੋਦੀ ਵਿਰੁੱਧ ਘੱਟ ਗਿਣਤੀਆਂ ਗਰੁੱਪ’ ਦੇ ਬੈਨਰ ਥੱਲੇ ਰੋਸ ਪ੍ਰਗਟ ਕਰਦਿਆਂ ਭਾਰਤ ਦਾ ਕੌਮੀ ਝੰਡਾ ਲਾਹ ਕੇ ਪਾੜ ਦਿੱਤਾ ਸੀ। ਇਹ ਘਟਨਾ ਕੈਮਰੇ ਵਿੱਚ ਕੈਦ ਹੋ ਗਈ ਸੀ ਅਤੇ ਇਨ੍ਹਾਂ ਦੀ ਅਗਵਾਈ ਪਾਕਿਸਤਾਨੀ ਮੂਲ ਦਾ ਪੀਰ ਲਾਰਡ ਅਹਿਮਦ ਕਰ ਰਿਹਾ ਸੀ।

Facebook Comment
Project by : XtremeStudioz