Close
Menu

ਬਾਦਲਾਂ ਨੇ ਹਵਾਈ ਝੂਟਿਆਂ ’ਤੇ ਉਡਾਏ 128 ਕਰੋੜ

-- 16 July,2018

ਚੰਡੀਗੜ੍ਹ, ਪੰਜਾਬ ਵਿੱਚ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਸਮੇਂ ਭਾੜੇ ਦੇ ਹੈਲੀਕਾਪਟਰਾਂ ਅਤੇ ਚਾਰਟਰਡ ਜਹਾਜ਼ਾਂ ਉਪਰ 121 ਕਰੋੜ ਰੁਪਏ ਖ਼ਰਚ ਕੀਤੇ ਗਏ। ਹੁਕਮਰਾਨਾਂ ਵੱਲੋਂ ਹਵਾਈ ਝੂਟਿਆਂ ’ਤੇ ਕੀਤਾ ਗਿਆ ਇਹ ਖ਼ਰਚ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਮੰਨਿਆ ਜਾ ਰਿਹਾ ਹੈ। ਇਸੇ ਤਰ੍ਹਾਂ ਬਾਦਲ ਸਰਕਾਰ ਦੇ ਸਮੇਂ ਆਪਣੀ ਮਾਲਕੀ ਵਾਲੇ ਸਰਕਾਰੀ ਹੈਲੀਕਾਪਟਰ ’ਤੇ ਖ਼ਰਚ ਕੀਤਾ ਗਿਆ ਵੱਖਰਾ ਖਾਤਾ ਸੱਤ ਕਰੋੜ ਰੁਪਏ ਖਰਚੇ ਹੋਣ ਦੇ ਤੱਥ ਪੇਸ਼ ਕਰਦਾ ਹੈ। ਪੰਜਾਬ ਵਿੱਚ ਬਾਦਲਾਂ ਦੇ ਰਾਜ ਦੌਰਾਨ ਸਰਕਾਰੀ ਜਾਂ ਭਾੜੇ ਦੇ ਜਹਾਜ਼ਾਂ ਅਤੇ ਹੈਲੀਕਾਪਟਰਾਂ ਜਾਂ ਸਰਕਾਰੀ ਹੈਲੀਕਾਪਟਰ ’ਤੇ ਜ਼ਿਆਦਾਤਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਹੀ ਸਫ਼ਰ ਕਰਨ ਦੇ ਤੱਥ ਮਿਲਦੇ ਹਨ। ਹੋਰ ਅਕਾਲੀ ਜਾਂ ਭਾਜਪਾ ਮੰਤਰੀਆਂ ਨੂੰ ਤਾਂ ‘ਹਵਾਈ ਝੂਟਾ’ ਕਦੇ-ਕਦਾਈਂ ਹੀ ਨਸੀਬ ਹੁੰਦਾ ਸੀ।
ਸੂਚਨਾ ਅਧਿਕਾਰ ਕਾਨੂੰਨ ਤਹਿਤ ਦਲਜੀਤ ਸਿੰਘ ਗਿਲਜੀਆਂ ਵੱਲੋਂ ਹਾਸਲ ਕੀਤੀ ਜਾਣਕਾਰੀ ਮੁਤਾਬਕ ਇਹ ਤੱਥ ਵੀ ਸਾਹਮਣੇ ਆਏ ਹਨ ਕਿ ਬਾਦਲਾਂ (ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ) ਨਾਲ ਸਰਕਾਰੀ ਖ਼ਜ਼ਾਨੇ ਦਾ ਧੂੰਆਂ ਕੱਢਦਾ ਹੋਇਆ 51 ਸਰਕਾਰੀ ਕਾਰਾਂ ਦਾ ਕਾਫ਼ਲਾ ਚੱਲਦਾ ਸੀ। ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਉਪ ਮੁੱਖ ਮੰਤਰੀ ਨੂੰ ਸਰਕਾਰ ਵੱਲੋਂ ਦਿੱਤੀਆਂ ਗਈਆਂ 51 ਕਾਰਾਂ ਨੇ ਹੀ 14 ਕਰੋੜ ਰੁਪਏ ਦਾ ਤੇਲ ਮਹਿਜ਼ 19 ਮਹੀਨਿਆਂ ’ਚ ਫੂਕ ਦਿੱਤਾ ਸੀ। ਸੂਬੇ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇੱਥੇ ਹਵਾਈ ਜਹਾਜ਼ਾਂ ਦੇ ਖ਼ਰਚਿਆਂ ਸਬੰਧੀ ਬਾਦਲ ਸਰਕਾਰ ਦੇ 10 ਸਾਲਾਂ ਦਾ ਵਹੀ-ਖਾਤਾ ਮੀਡੀਆ ਸਾਹਮਣੇ ਰੱਖਿਆ।
ਸ੍ਰੀ ਸਿੱਧੂ ਨੇ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਹਵਾਈ ਸਫ਼ਰ, ਭਾੜੇ ਦੇ ਜਹਾਜ਼ਾਂ ਦੇ ਮਾਮਲੇ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਮੁਕੰਮਲ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਹਕੂਮਤ ਦੌਰਾਨ ਮਾਰਚ 2017 ਤੋਂ ਲੈ ਕੇ ਹੁਣ ਤੱਕ ਹਵਾਈ ਖ਼ਰਚ ਉਪਰ ਮਹਿਜ਼ 37.85 ਲੱਖ ਰੁਪਏ ਖ਼ਰਚ ਹੋਏ ਹਨ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਬਾਦਲਾਂ ਨੇ ਸਰਕਾਰੀ ਖ਼ਜ਼ਾਨੇ ਸਿਰ ਕਰਜ਼ੇ ਦਾ ਭਾਰ ਏਨਾ ਜ਼ਿਆਦਾ ਕਰ ਦਿੱਤਾ ਹੈ ਕਿ ਕਾਂਗਰਸ ਦੇ ਮੰਤਰੀਆਂ ਨੂੰ ਨਵੀਆਂ ਕਾਰਾਂ ਵੀ ਨਸੀਬ ਨਹੀਂ ਹੋਈਆਂ ਅਤੇ ਉਹ ਆਪਣੀਆਂ ਕਾਰਾਂ ਵਿੱਚ ਹੀ ਸਰਕਾਰੀ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਤੱਥ ਸਭ ਦੇ ਸਾਹਮਣੇ ਹੈ ਕਿ ਖ਼ਜ਼ਾਨੇ ਵਿੱਚ ਪੈਸੇ ਦੀ ਤੋਟ ਹੋਣ ਕਾਰਨ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇਂ ਸਿਰ ਨਹੀਂ ਦਿੱਤੀਆਂ ਜਾਂਦੀਆਂ ਤੇ ਸੇਵਾਮੁਕਤੀ ਲਾਭ ਵੀ ਸਮੇਂ ਸਿਰ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਪੰਜਾਬ ਦਾ ਸਭ ਤੋਂ ਅਮੀਰ ਸਿਆਸੀ ਪਰਿਵਾਰ ਮੰਨਿਆ ਜਾਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੱਤਾ ਵਿੱਚ ਰਹਿੰਦਿਆਂ ਬਾਦਲ ਪਰਿਵਾਰ ਦੇ ਮੈਂਬਰਾਂ ਨੇ ਸਰਕਾਰੀ ਖ਼ਜ਼ਾਨੇ ਨੂੰ ਦੋਹੀਂ ਹੱਥੀਂ ਲੁੱਟਿਆ। ਉਨ੍ਹਾਂ ਇਹ ਵੀ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਦੋਂ ਕਦੇ ਵੀ ਨਿੱਜੀ ਦੌਰੇ ’ਤੇ ਕਿਸੇ ਦੇ ਵਿਆਹ, ਸ਼ਗਨ ਪਾਰਟੀਆਂ ਜਾਂ ਅਫ਼ਸੋਸ ਕਰਨ ਲਈ ਹੈਲੀਕਾਪਟਰ ’ਤੇ ਜਾਂਦੇ ਸਨ ਤਾਂ ਉਸ ਦਿਨ ਦਾ 500 ਰੁਪਏ ਤੋਂ ਲੈ ਕੇ ਇੱਕ ਹਜ਼ਾਰ ਰੁਪਏ ਤੱਕ ਦਾ ਸਫ਼ਰੀ ਭੱਤਾ ਵੀ ਵਸੂਲ ਕੀਤਾ ਜਾਂਦਾ ਸੀ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਨਿਯਮਾਂ ਮੁਤਾਬਕ ਭਾਵੇਂ ਕੋਈ ਮੁੱਖ ਮੰਤਰੀ 500 ਰੁਪਏ ਤੱਕ ਦਾ ਸਫ਼ਰੀ ਭੱਤਾ ਲੈ ਸਕਦਾ ਹੈ ਪਰ ਇੱਕ ਅਮੀਰ ਪਰਿਵਾਰ ਦਾ ਬਜ਼ੁਰਗ ਮੈਂਬਰ ਜਦੋਂ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਵਿੱਚੋਂ ਤੁੱਛ ਰਕਮ ਹਾਸਲ ਕਰਦਾ ਹੈ ਤਾਂ ਇਸ ਨੂੰ ਸੰਕੀਰਨ ਤੇ ਘਟੀਆ ਸੋਚ ਦਾ ਪ੍ਰਗਟਾਵਾ ਹੀ ਕਿਹਾ ਜਾ ਸਕਦਾ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਸੱਤਾਹੀਣ ਹੋਇਆਂ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਤੇ ਦੋਵੇਂ ਬਾਦਲ ਇਹ ਸਪੱਸ਼ਟ ਕਰਨ ਕਿ ਉਨ੍ਹਾਂ ਨੇ ਆਪਣੇ ਪੱਲਿਓਂ ਖਰਚ ਕਰਕੇ ਕਿੰਨੇ ਵਾਰੀ ਚਾਰਟਰਡ ਹਵਾਈ ਜਹਾਜ਼ ਜਾਂ ਹੈਲੀਕਾਪਟਰ ’ਤੇ ਸਫ਼ਰ ਕੀਤਾ ਹੈ।

ਹਵਾਈ ਟਿਕਟਾਂ ਦੀ ਵਸੂਲੀ ’ਤੇ ਸਵਾਲ
ਦਲਜੀਤ ਸਿੰਘ ਗਿਲਜੀਆਂ ਨੇ ਦੱਸਿਆ ਹੈ ਕਿ ਮਰਹੂਮ ਬੀਬੀ ਸੁਰਿੰਦਰ ਕੌਰ ਬਾਦਲ ਵੱਲੋਂ ਕੈਂਸਰ ਦੀ ਬਿਮਾਰੀ ਦਾ ਇਲਾਜ ਕਰਾਉਣ ਸਮੇਂ 24 ਮਾਰਚ 2010, 28 ਜੁਲਾਈ 2010, 5 ਨਵੰਬਰ 2010 ਅਤੇ 10 ਜਨਵਰੀ 2011 ਨੂੰ ਅਮਰੀਕਾ ਦਾ ਆਉਣ-ਜਾਣ ਕੀਤਾ ਗਿਆ। ਬਾਦਲ ਪਰਿਵਾਰ ਵੱਲੋਂ ਬੀਬੀ ਬਾਦਲ ਦੇ ਇਸ ਦੌਰੇ ਦੇ 7,97,354 ਰੁਪਏ ਦੀਆਂ ਹਵਾਈ ਟਿਕਟਾਂ ਦੀ ਵਸੂਲੀ ਦੂਜੀ ਵਾਰੀ ਸਰਕਾਰ ਬਣਨ ਤੋਂ ਬਾਅਦ 2012 ਵਿੱਚ ਕੀਤੀ ਗਈ। ਇਸ ਫਾਈਲ ਨੋਟ ਵਿੱਚ ਸਪਸ਼ੱਟ ਤੌਰ ’ਤੇ ਲਿਖਿਆ ਗਿਆ ਹੈ ਕਿ ਟਿਕਟਾਂ ਅਤੇ ਬੋਰਡਿੰਗ ਪਾਸ ਉਪਲਭਧ ਨਹੀਂ ਹੈ ਅਤੇ ਮੁੱਖ ਮੰਤਰੀ ਦਫ਼ਤਰ ਵੱਲੋਂ ਸਿਰਫ਼ ਰਸੀਦ ਭੇਜੀ ਗਈ ਹੈ ਜਦੋਂਕਿ ਕਾਨੂੰਨੀ ਤੌਰ ’ਤੇ ਟਿਕਟ ਜਾਂ ਬੋਰਡਿੰਗ ਪਾਸ ਪੇਸ਼ ਕਰਨਾ ਜ਼ਰੂਰੀ ਹੈ। ਬਾਅਦ ਵਿੱਚ ਇਲੈਕਟ੍ਰਾਨਿਕ ਟਿਕਟ ਭੇਜੀ ਗਈ।

Facebook Comment
Project by : XtremeStudioz