Close
Menu

ਬਾਲ ਕਹਾਣੀ– ਵਿਸ਼ਵਾਸ

-- 25 September,2015

ਪਿਆਰੇ ਬੱਚਿਓ, ਬੜੇ ਪੁਰਾਣੇ ਸਮੇਂ ਦੀ ਗੱਲ ਹੈ, ਇਕ ਬਹੁਤ ਸੰਘਣੇ ਤੇ ਵਿਸ਼ਾਲ ਜੰਗਲ ਵਿਚ ਇਕ ਬਹੁਤ ਹੀ ਵੱਡਾ ਪਿੱਪਲ ਦਾ ਦਰੱਖਤ ਸੀ | ਉਸ ਪਿੱਪਲ ‘ਤੇ ਪਤਾ ਨਹੀਂ ਕਿੰਨੇ ਕੁ ਪੰਛੀਆਂ ਨੇ ਆਪੋ-ਆਪਣੇ ਆਲ੍ਹਣੇ ਪਾਏ ਹੋਏ ਸਨ | ਉਸ ਪਿੱਪਲ ‘ਤੇ ਰੌਣਕਾਂ ਹੀ ਰੌਣਕਾਂ ਸਨ | ਉਸ ਪਿੱਪਲ ‘ਤੇ ਬਹੁਤ ਹੀ ਪਿਆਰਾ ਚਿੜੀਆਂ ਦਾ ਜੋੜਾ ਰਹਿੰਦਾ ਸੀ | ਉਨ੍ਹਾਂ ਨੇ ਉਸ ਪਿੱਪਲ ‘ਤੇ ਬੜੇ ਪਿਆਰ ਨਾਲ ਆਪਣਾ ਆਲ੍ਹਣਾ ਬਣਾਇਆ ਹੋਇਆ ਸੀ | ਉਹ ਆਲ੍ਹਣਾ ਐਨੇ ਸੰਘਣੇ ਪੱਤਿਆਂ ‘ਚ ਸੀ, ਭਾਵੇਂ ਜਿੰਨੀ ਮਰਜ਼ੀ ਮੀਂਹ-ਹਨੇਰੀ ਆ ਜਾਵੇ, ਉਸ ਆਲ੍ਹਣੇ ਨੂੰ ਕੋਈ ਨੁਕਸਾਨ ਨਹੀਂ ਸੀ ਹੁੰਦਾ | ਉਹ ਦੋਵੇਂ ਆਪਣੇ ਆਲ੍ਹਣੇ ‘ਚ ਬਹੁਤ ਖੁਸ਼ੀ-ਖੁਸ਼ੀ ਰਹਿੰਦੇ ਸਨ, ਪਰ ਉਸ ਦਰੱਖਤ ‘ਤੇ ਇਕ ਕਾਂ ਦਾ ਆਲ੍ਹਣਾ ਵੀ ਸੀ, ਜੋ ਹਰ ਵਕਤ ਚਿੜੀ-ਚਿੜੇ ਨੂੰ ਖੁਸ਼ ਹੁੰਦਿਆਂ ਦੇਖ ਕੇ ਸੋਚਦਾ ਰਹਿੰਦਾ ਤੇ ਅੰਦਰੋ-ਅੰਦਰੀ ਸੜਦਾ ਰਹਿੰਦਾ | ਉਹ ਕਾਂ ਹਰ ਵਕਤ ਉਨ੍ਹਾਂ ਨੂੰ ਦੁਖੀ ਕਰਨ ਲਈ ਆਪਣੀ ਚਾਲ ਚਲਦਾ ਰਹਿੰਦਾ ਪਰ ਚਿੜਾ-ਚਿੜੀ ਉਸ ਦੀਆਂ ਇਨ੍ਹਾਂ ਚਾਲਾਂ ਤੋਂ ਪਰ੍ਹੇ ਸਨ | ਇਕ ਦਿਨ ਕਾਂ ਨੇ ਬੜੇ ਪਿਆਰ ਨਾਲ ਕਿਹਾ ਕਿ ਛੋਟੇ ਭਰਾ, ਅੱਜ ਆਪਾਂ ਕਿਤੇ ਘੰੁਮਣ ਚਲੀਏ, ਨਾਲੇ ਸੈਰ ਦੀ ਸੈਰ ਹੋ ਜਾਵੇਗੀ, ਨਾਲੇ ਆਪੋ-ਆਪਣਾ ਭੋਜਨ ਲੈ ਆਵਾਂਗੇ | ਪਰ ਉਨ੍ਹਾਂ ਦੋਵਾਂ ਨੂੰ ਬਿਲਕੁਲ ਨਹੀਂ ਸੀ ਪਤਾ ਕਿ ਕਾਂ ਸਾਡੇ ਨਾਲ ਚਾਲ ਖੇਡ ਰਿਹਾ ਹੈ | ਫਿਰ ਵੀ ਉਹ ਦੋਵੇਂ ਉਸ ਦਾ ਵਿਸ਼ਵਾਸ ਕਰਕੇ ਉਸ ਦੇ ਨਾਲ ਉਡ ਪਏ | ਕਾਂ ਉਡਦਾ-ਉਡਦਾ ਉਨ੍ਹਾਂ ਦੋਵਾਂ ਨੂੰ ਬਹੁਤ ਦੂਰ ਲੈ ਗਿਆ |
ਤਦ ਚਿੜੀ ਨੇ ਕਾਂ ਨੂੰ ਕਿਹਾ ਕਿ ਭਰਾ, ਹੁਣ ਆਪਾਂ ਬਹੁਤ ਦੂਰ ਨਿਕਲ ਆਏ ਹਾਂ ਤੇ ਆਪਾਂ ਘਰ ਵਾਪਸ ਮੁੜ ਚੱਲੀਏ, ਕਿਉਂਕਿ ਚਿੜੀ ਨੂੰ ਪਿੱਛੇ ਆਪਣੇ ਆਲ੍ਹਣੇ ‘ਚ ਪਏ ਆਂਡਿਆਂ ਦਾ ਫਿਕਰ ਸੀ, ਪਰ ਕਾਂ ਨੇ ਕਿਹਾ ਕਿ ਹੁਣ ਤਾਂ ਆਪਾਂ ਬਹੁਤ ਦੂਰ ਨਿਕਲ ਆਏ ਹਾਂ, ਹੁਣ ਤਾਂ ਘਰ ਵਾਪਸ ਜਾਣਾ ਬਹੁਤ ਮੁਸ਼ਕਿਲ ਹੈ ਤੇ ਨਾਲੇ ਰਾਤ ਹੋਣ ਵਾਲੀ ਹੈ, ਰਾਤ ਪੈਣ ਦੇ ਨਾਲ ਉਨ੍ਹਾਂ ਨੂੰ ਦਿਸਣਾ ਬੰਦ ਹੋ ਜਾਵੇਗਾ | ਚਿੜੀ ਨੇ ਕਿਹਾ ਕਿ ਆਪਾਂ ਇਥੇ ਹੀ ਬੈਠ ਜਾਈਏ, ਅੱਗੇ ਮੀਂਹ-ਹਨੇਰੀ ਚੱਲਿਆ ਆ ਰਿਹਾ ਹੈ | ਕਾਂ ਨੇ ਮੌਸਮ ਦੇ ਵਿਗੜਦੇ ਹਾਲਾਤ ਦੇਖ ਕੇ ਇਕ ਚਾਲ ਖੇਡੀ ਕਿ ਕਿਉਂ ਨਾ ਇਨ੍ਹਾਂ ਨੂੰ ਮੀਂਹ-ਹਨੇਰੀ ‘ਚ ਮਾਰ ਦਿੱਤਾ ਜਾਵੇ, ਕਿਉਂਕਿ ਇਨ੍ਹਾਂ ਦੇ ਮਰਨ ਤੋਂ ਬਾਅਦ ਇਨ੍ਹਾਂ ਦੇ ਆਂਡੇ ਤੇ ਆਲ੍ਹਣੇ ਮੇਰਾ ਹੋ ਜਾਵੇਗਾ | ਕਾਂ ਨੇ ਬੜੀ ਚਲਾਕੀ ਨਾਲ ਚਿੜੇ ਨੂੰ ਤੇ ਚਿੜੀ ਨੂੰ ਇਕ ਵਿਰਲੇ ਜਿਹੇ ਦਰੱਖਤ ‘ਤੇ ਬਿਠਾ ਦਿੱਤਾ ਤੇ ਆਪ ਇਕ ਸੰਘਣੇ ਦਰੱਖਤ ਦੀ ਖੁੱਡ ‘ਚ ਜਾ ਬੈਠਾ | ਦੇਖਦੇ-ਦੇਖਦੇ ਮੀਂਹ-ਹਨੇਰੀ ਏਨਾ ਤੇਜ਼ ਹੋ ਗਿਆ ਕਿ ਚਿੜੀ ਨੇ ਕਿਹਾ ਕਿ ਅੱਜ ਨਹੀਂ ਆਪਾਂ ਬਚਦੇ | ਅਜੇ ਉਹ ਆਪਸ ‘ਚ ਗੱਲ ਕਰ ਹੀ ਰਹੇ ਸਨ ਕਿ ਅਚਾਨਕ ਉਨ੍ਹਾਂ ਨੂੰ ਖੜਕਾ ਸੁਣਾਈ ਦਿੱਤਾ | ਉਨ੍ਹਾਂ ਦੇਖਿਆ ਕਿ ਜਿਸ ਦਰੱਖਤ ਦੀ ਖੁੱਡ ‘ਚ ਕਾਂ ਬੈਠਾ ਸੀ, ਉਸ ਵਿਚ ਸੱਪ ਰਹਿੰਦਾ ਸੀ | ਕਾਂ ਨੇ ਬਹੁਤ ਜ਼ੋਰ ਲਾਇਆ ਪਰ ਉਹ ਸੱਪ ਦੀ ਚੁੰਗਲ ‘ਚੋਂ ਨਾ ਬਚ ਸਕਿਆ ਤੇ ਦਮ ਤੋੜ ਗਿਆ | ਇਹ ਸਭ ਕੁਝ ਦੇਖ ਕੇ ਚਿੜਾ-ਚਿੜੀ ਮਨੋ-ਮਨੀ ਇਹ ਸੋਚ ਰਹੇ ਸਨ ਕਿ ਅੱਗੇ ਤੋਂ ਬਿਨਾਂ ਸੋਚੇ-ਸਮਝੇ ਕਿਸੇ ਨਾਲ ਨਹੀਂ ਤੁਰਾਂਗੇ | ਜਦ ਮੀਂਹ-ਹਨੇਰੀ ਹਟੀ ਤਾਂ ਉਨ੍ਹਾਂ ਦੇਖਿਆ ਕਿ ਸਭ ਕੁਝ ਤਹਿਸ-ਨਹਿਸ ਹੋ ਚੁੱਕਾ ਸੀ | ਕਿਧਰੇ ਕਾਂ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ ਦਿਖ ਰਿਹਾ | ਚਿੜਾ-ਚਿੜੀ ਡਿਗਦੇ-ਢਹਿੰਦੇ ਆਪਣੇ ਆਲ੍ਹਣੇ ਤੱਕ ਆ ਗਏ | ਆਪਣਾ ਆਲ੍ਹਣਾ ਤੇ ਆਂਡੇ ਠੀਕ-ਠਾਕ ਦੇਖ ਕੇ ਉਹ ਬਹੁਤ ਖੁਸ਼ ਹੋਏ ਤੇ ਫਿਰ ਖੁਸ਼ੀ-ਖੁਸ਼ੀ ਰਹਿਣ ਲੱਗੇ | ਸੋ, ਪਿਆਰੇ ਬੱਚਿਓ, ਸਾਨੂੰ ਕਦੇ ਵੀ ਕਿਸੇ ‘ਤੇ ਬਿਨਾਂ ਸੋਚੇ-ਸਮਝੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ |

Facebook Comment
Project by : XtremeStudioz