Close
Menu

ਬਿਹਾਰ ’ਚ ‘ਮਹਾਂਗੱਠਜੋੜ’ ਵੱਲੋਂ ਸੀਟਾਂ ਦੀ ਵੰਡ ਦਾ ਐਲਾਨ

-- 23 March,2019

ਪਟਨਾ, 23 ਮਾਰਚ
ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਿਹਾਰ ਦੀ ਵਿਰੋਧੀ ਧਿਰ ਨੇ ‘ਮਹਾਂਗੱਠਬੰਧਨ’ ਲਈ ਸੀਟਾਂ ਦੀ ਵੰਡ ਦਾ ਫਾਰਮੂਲਾ ਐਲਾਨ ਦਿੱਤਾ ਹੈ। ਇਸ ਫਾਰਮੂਲੇ ਤਹਿਤ ਬਿਹਾਰ ਦੀਆਂ 40 ਲੋਕ ਸਭਾ ਸੀਟਾਂ ’ਚੋਂ ਅੱਧੀਆਂ ਸੀਟਾਂ ਲਾਲੂ ਪ੍ਰਸਾਦ ਦੀ ਅਗਵਾਈ ਵਾਲੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਹਿੱਸੇ ਆਉਣਗੀਆਂ ਜਦੋਂਕਿ ਨੌਂ ਸੀਟਾਂ ’ਤੇ ਕਾਂਗਰਸ ਚੋਣ ਲੜੇਗੀ। ਸਾਬਕਾ ਜੇਡੀਯੂ ਆਗੂ ਤੇ ਐਨਡੀਏ ਦੇ ਕਨਵੀਨਰ ਸ਼ਰਦ ਯਾਦਵ ਆਰਜੇਡੀ ਦੇ ਚੋਣ ਨਿਸ਼ਾਨ ’ਤੇ ਸੰਸਦੀ ਚੋਣ ਲੜਨਗੇ ਤੇ ਲੋਕ ਸਭਾ ਚੋਣਾਂ ਮਗਰੋਂ ਉਨ੍ਹਾਂ ਦੀ ਪਾਰਟੀ ਲੋਕਤਾਂਤਿਕ ਜਨਤਾ ਦਲ (ਐਲਜੇਡੀ) ਦਾ ਆਰਜੇਡੀ ਵਿੱਚ ਰਲੇਵਾਂ ਹੋ ਜਾਵੇਗਾ। ਉਪੇਂਦਰ ਕੁਸ਼ਵਾਹਾ ਦੀ ਰਾਸ਼ਟਰੀ ਲੋਕ ਸਮਤਾ ਪਾਰਟੀ (ਆਰਐੱਲਐਸਪੀ) ਤੇ ਮੁਕੇਸ਼ ਸਾਹਨੀ ਦੀ ਵਿਕਾਸਸ਼ੀਲ ਇਨਸਾਨ ਪਾਰਟੀ (ਵੀਆਈਪੀ) ਕ੍ਰਮਵਾਰ ਪੰਜ ਤੇ ਤਿੰਨ ਸੰਸਦੀ ਸੀਟਾਂ ਤੋਂ ਚੋਣ ਮੈਦਾਨ ਵਿੱਚ ਉਤਰੇਗੀ। ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੀ ਹਿੰਦੁਸਤਾਨ ਅਵਾਮ ਮੋਰਚਾ (ਐੱਚਏਐਮ) ਨੂੰ ਤਿੰਨ ਸੀਟਾਂ ਦਿੱਤੀਆਂ ਗਈਆਂ ਹਨ।
ਆਰਜੇਡੀ ਦੇ ਕੌਮੀ ਤਰਜਮਾਨ ਮਨੋਜ ਝਾਅ ਤੇ ਪਾਰਟੀ ਦੇ ਸੂਬਾਈ ਪ੍ਰਧਾਨ ਰਾਮ ਚੰਦਰ ਪੁਰਵੇ ਨੇ ਸੀਟਾਂ ਦੀ ਵੰਡ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਬੀਪੀਸੀਸੀ ਮੁਖੀ ਮਦਨ ਮੋਹਨ ਝਾਅ ਸਮੇਤ ਮਹਾਂਗੱਠਬੰਧਨ ਵਿਚਲੀਆਂ ਭਾਈਵਾਲ ਪਾਰਟੀਆਂ ਦੇ ਆਗੂ ਮੌਜੂਦ ਸਨ। ਹਾਲਾਂਕਿ ਆਰਜੇਡੀ ਆਗੂ ਤੇਜਸਵੀ ਯਾਦਵ, ਉਪੇਂਦਰ ਕੁਸ਼ਵਾਹਾ, ਸ਼ਰਦ ਯਾਦਵ ਤੇ ਜੀਤਨ ਰਾਮ ਮਾਂਝੀ ਦੀ ਗੈਰਹਾਜ਼ਰੀ ਚਰਚਾ ਦਾ ਵਿਸ਼ਾ ਰਹੀ। ਇਸ ਦੌਰਾਨ ਬਿਹਾਰ ਵਿੱਚ ਕਾਂਗਰਸ ਪਾਰਟੀ ਦੇ ਸਦਰਮੁਕਾਮ ਸਦਾਕਤ ਆਸ਼ਰਮ ਵਿੱਚ ਔਰੰਗਾਬਾਦ ਤੋਂ ਸਾਬਦਾ ਸੰਸਦ ਮੈਂਬਰ ਨਿਖਿਲ ਕੁਮਾਰ ਦੇ ਹਮਾਇਤੀਆਂ ਨੇ ਸੰਸਦੀ ਸੀਟ ਐੱਚਏਐਮ ਨੂੰ ਦੇਣ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

Facebook Comment
Project by : XtremeStudioz