Close
Menu

ਬੈਂਕ ਘੁਟਾਲੇ ਦੇ ਕੇਸ ’ਚ ਭਗੌੜੇ ਵਿਨੈ ਮਿੱਤਲ ਨੂੰ ਭਾਰਤ ਲਿਆਂਦਾ

-- 17 October,2018

ਨਵੀਂ ਦਿੱਲੀ, 17 ਅਕਤੂਬਰ
ਸੀਬੀਆਈ ਅਫ਼ਸਰਾਂ ਨੇ ਦੱਸਿਆ ਕਿ ਸੱਤ ਬੈਂਕਾਂ ਨਾਲ 40 ਕਰੋੜ ਰੁਪਏ ਦੇ ਫਰਾਡ ਦੇ ਕੇਸਾਂ ਵਿੱਚ ਲੋੜੀਂਦੇ ਸਨਅਤਕਾਰ ਵਿਨੈ ਮਿੱਤਲ ਨੂੰ ਇੰਡੋਨੇਸ਼ੀਆ ਤੋਂ ਭਾਰਤ ਲਿਆਂਦਾ ਗਿਆ ਹੈ। ਜਾਂਚ ਏਜੰਸੀ ਨੇ ਮਿੱਤਲ ਖ਼ਿਲਾਫ ਦਿੱਲੀ ਤੇ ਗਾਜ਼ੀਆਬਾਦ ਦੀਆਂ ਅਦਾਲਤਾਂ ਵਿਚ ਸੱਤ ਚਾਰਜਸ਼ੀਟਾਂ ਦਾਖ਼ਲ ਕੀਤੀਆਂ ਸਨ। ਰੈੱਡ ਕਾਰਨਰ ਨੋਟਿਸ ਦੇ ਆਧਾਰ ’ਤੇ ਉਸ ਨੂੰ ਜਨਵਰੀ 2017 ਵਿਚ ਇੰਡੋਨੇਸ਼ੀਆਈ ਅਧਿਕਾਰੀਆਂ ਨੇ ਗ੍ਰਿਫ਼ਤਾਰ ਕੀਤਾ ਸੀ ਤੇ ਹਾਲ ਹੀ ਵਿਚ ਉਥੋਂ ਦੇ ਰਾਸ਼ਟਰਪਤੀ ਨੇ ਉਸ ਨੂੰ ਭਾਰਤ ਦੇ ਸਪੁਰਦ ਕਰਨ ਲਈ ਹਰੀ ਝੰਡੀ ਦੇ ਦਿੱਤੀ ਸੀ। ਮਿੱਤਲ ਦੇ ਇੱਥੇ ਪੁੱਜਣ ’ਤੇ ਉਸ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਵਿਨੈ ਮਿੱਤਲ ਦਾ ਨਾਂ ਸਰਕਾਰ ਵੱਲੋਂ ਬਣਵਾਈ ਭਗੌੜੇ ਵੱਡੇ ਆਰਥਿਕ ਅਪਰਾਧੀਆਂ ਦੀ ਉਸ ਸੂਚੀ ਵਿਚ ਆਇਆ ਸੀ ਜਿਸ ਵਿੱਚ ਵਿਜੈ ਮਾਲਿਆ, ਨਿਤਿਨ ਸੰਦੇਸਰਾ, ਨੀਰਵ ਮੋਦੀ, ਮੇਹੁਲ ਚੋਕਸੀ ਤੇ ਜਤਿਨ ਮਹਿਤਾ ਆਦਿ ਸ਼ਾਮਲ ਹਨ। ਸੀਬੀਆਈ ਨੇ ਕਾਰਪੋਰੇਸ਼ਨ ਬੈਂਕ ਅਤੇ ਪੰਜਾਬ ਨੈਸ਼ਨਲ ਬੈਂਕ ਦੀ ਬੇਨਤੀ ’ਤੇ ਮਿੱਤਲ ਖ਼ਿਲਾਫ਼ 2014 ਅਤੇ 2016 ਵਿਚ ਦੋ ਕੇਸ ਦਰਜ ਕੀਤੇ ਸਨ। ਪੀਐਨਬੀ ਨੂੰ ਨੀਰਵ ਮੋਦੀ ਤੇ ਮੇਹੁਲ ਚੋਕਸੀ 13 ਹਜ਼ਾਰ ਕਰੋੜ ਰੁਪਏ ਦਾ ਰਗੜਾ ਲਾ ਕੇ ਫ਼ਰਾਰ ਹੋ ਗਏ ਸਨ। ਇਸ ਤੋਂ ਪਹਿਲਾਂ 46 ਲੱਖ ਰੁਪਏ ਦੇ ਬੈਂਕ ਫਰਾਡ ਦੇ ਕੇਸ ਵਿਚ ਮੁਹੰਮਦ ਯਾਹੀਆ ਨੂੰ ਬਹਿਰੀਨ ਤੋਂ ਭਾਰਤ ਲਿਆਂਦਾ ਗਿਆ ਸੀ।

Facebook Comment
Project by : XtremeStudioz