Close
Menu

ਬ੍ਰਿਟਿਸ਼ ਕੋਲੰਬੀਆ ਵਿੱਚ ਦੋ ਪੰਜਾਬੀ ਬਣੇ ਮੰਤਰੀ

-- 20 July,2017

ਵੈਨਕੂਵਰ,   20 ਜੁਲਾਈ
ਬ੍ਰਿਟਿਸ਼ ਕੋਲੰਬੀਆ ‘ਚ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਬਾਰੇ ਅਨਿਸ਼ਚਿਤਤਾ ਅੱਜ ਖਤਮ ਹੋ ਗਈ। ਐਨ ਡੀ ਪੀ ਦੀ ਸਰਕਾਰ ਵੱਲੋਂ ਜੌਹਨ ਹੌਰਗਨ ਦੀ ਅਗਵਾਈ (ਮੁੱਖ ਮੰਤਰੀ) ਹੇਠ 22 ਮੈਂਬਰੀ ਮੰਤਰੀ ਮੰਡਲ ਨੇ ਸਹੁੰ ਚੁੱਕ ਲਈ ਹੈ। ਪੰਜਾਬੀ ਭਾਈਚਾਰੇ ’ਚੋਂ ਹੈਰੀ ਬੈਂਸ ਤੇ ਜਿੰਨੀ ਸਿਮਜ਼ ਨੂੰ ਮੰਤਰੀ ਬਣਾਇਆ ਗਿਆ ਹੈ। ਮੰਤਰੀ ਮੰਡਲ ਦਾ ਗਠਨ ਕਰਦਿਆਂ ਸਮਾਜ ਦੇ ਸਾਰੇ ਵਰਗਾਂ ਅਤੇ ਪਾਰਟੀ ਦੇ ਮਜ਼ਬੂਤ ਅਧਾਰ ਨੂੰ ਧਿਆਨ ‘ਚ ਰਖ ਕੇ ਸੰਤੁਲਨ ਬਿਠਾਇਆ ਗਿਆ ਹੈ। ਪਾਰਟੀ ਦੀ ਸਾਬਕਾ ਪ੍ਰਧਾਨ ਕੈਰੋਲ ਜੇਮਜ਼ ਨੂੰ ਉਪ ਮੁੱਖ ਮੰਤਰੀ ਵਜੋਂ ਮਾਨਤਾ ਦੇ ਨਾਲ ਵਿੱਤ ਮੰਤਰਾਲਾ ਸੌਂਪਿਆ ਗਿਆ ਹੈ। ਮੈਂਟਲ ਹੈਲਥ ਤੇ ਐਡਿਕਸ਼ਨ ਨਾਂਅ ਹੇਠ ਨਵੇਂ ਮੰਤਰਾਲੇ ਦਾ ਗਠਨ ਕਰਕੇ ਇਸਦੀ ਜ਼ਿੰਮੇਵਾਰੀ ਜੂਡੀ ਡਾਰਸੀ ਨੂੰ ਸੌਂਪੀ ਗਈ ਹੈ। ਲੰਮੇ ਸਮੇਂ ਤੋਂ ਸਰੀ ਵਾਲਿਆਂ ਦੀ ਪ੍ਰਤੀਨਿਧਤਾ ਕਰਦੇ ਆ ਰਹੇ ਹੈਰੀ ਬੈਂਸ ਨੂੰ ਕਿਰਤ  ਮੰਤਰੀ ਅਤੇ ਪਾਰਟੀ ਦੀ ਸਾਬਕ ਸੰਸਦ ਮੈਂਬਰ ਹੁਣ ਸਰੀ ਪੈਨੋਰਮਾ ਤੋਂ ਵਿਧਾਇਕ  ਜਿੰਨੀ ਸਿਮਜ਼ (ਜੁਗਿੰਦਰ ਕੌਰ ਹੋਠੀ) ਨੂੰ ਨਾਗਰਿਕ ਸੇਵਾਵਾਂ ਮੰਤਰੀ ਬਣਾਇਆ ਗਿਆ ਹੈ। ਪਾਰਟੀ ਦੇ ਸਾਬਕ ਪ੍ਰਧਾਨ ਐਂਡਰੀਅਨ ਡਿਕਸ ਨੂੰ ਸਿਹਤ ਮੰਤਰੀ ਅਤੇ ਸਰੀ ਤੋਂ ਹੀ ਵਿਧਾਇਕ ਬਰੂਸ ਰੌਲਸਟਨ ਨੂੰ ਰੁਜ਼ਗਾਰ ਅਤੇ ਟਰੇਡ ਟੈਕਨੌਲੋਜੀ ਵਿਭਾਗ ਸੌਂਪੇ ਗਏ ਹਨ। ਲੋਅਰ ਮੇਨਲੈਂਡ ਅਤੇ ਵੈਨਕੂਵਰ ਆਈਲੈਡ ਖੇਤਰ ਜਿਥੋਂ ਪਾਰਟੀ ਨੂੰ ਕਾਫੀ ਸੀਟਾਂ ’ਤੇ ਜਿੱਤ ਹਾਸਲ ਹੋਈ,   15 ਮੰਤਰੀ ਇਸੇ ਇਲਾਕੇ ਨਾਲ ਸਬੰਧਤ ਹਨ। ਉੱਤਰੀ ਖੇਤਰ ਦੇ ਚਾਰ ਸੀਟਾਂ ਵਾਲੇ ਪ੍ਰਿੰਸ ਜੌਰਜ ਖੇਤਰ ‘ਚੋਂ ਪਾਰਟੀ ਦਾ ਕੋਈ ਵਿਧਾਇਕ ਨਾ ਹੋਣ ਕਾਰਨ, ਮੰਤਰੀ ਮੰਡਲ ‘ਚ ਪ੍ਰਤੀਨਿਧਤਾ ਤੋ ਵਾਂਝਾ ਰਹਿ ਗਿਆ। ਰਾਜ ਭਵਨ ‘ਚ  ਲੈਫਟੀਨੈਂਟ ਗਵਨਰ ਵੱਲੋਂ ਸਹੁੰ ਚੁਕਾਏ ਜਾਣ ਤੋਂ ਬਾਅਦ ਸਾਰੇ ਮੰਤਰੀ ਇਕ ਬੱਸ ‘ਚ ਬੈਠ ਕੇ ਸਕੱਤਰੇਤ ਪੁੱਜੇ ਤੇ ਆਪਣੇ ਆਪਣੇ ਮੰਤਰਾਲਿਆਂ ਦੀ ਜ਼ਿੰਮੇਵਾਰੀ ਸੰਭਾਲੀ।
ਬੀ ਸੀ ‘ਚ ਸਹੁੰ ਚੁੱਕਣ ਵਾਲੀ ਐਨ ਡੀ ਪੀ ਵਜ਼ਾਰਤ ‘ਚ 6 ਪਾਰਲੀਮਾਨੀ ਸਕੱਤਰ ਵੀ ਬਣਾਏ ਗਏ ਹਨ, ਜਿਨ੍ਹਾਂ ਵਿਚੋਂ ਪਹਿਲੀ ਵਾਰ ਵਿਧਾਇਕ ਬਣਨ ਵਾਲੇ ਰਵੀ ਕਾਹਲੋਂ ਵੀ ਹਨ। ਫੀਲਡ ਹਾਕੀ ‘ਚ ਕੈਨੇਡਾ ਵੱਲੋਂ ਓਲੰਪਿਕ ਖੇਡਣ ਵਾਲੇ ਸ੍ਰੀ ਕਾਹਲੋਂ ਨੂੰ ਖੇਡਾਂ ਤੇ ਬਹੁ ਸਭਿਆਚਾਰ ਵਿਭਾਗ ਦਿੱਤਾ ਗਿਆ ਹੈ।

Facebook Comment
Project by : XtremeStudioz