Close
Menu

ਭਾਜਪਾ ਤੋਂ ‘ਡਰਦੀ’ ਹੈ ਮਮਤਾ ਬੈਨਰਜੀ: ਸ਼ਾਹ

-- 09 December,2018

ਨਵੀਂ ਦਿੱਲੀ, 9 ਦਸੰਬਰ
ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਪੱਛਮੀ ਬੰਗਾਲ ਵਿੱਚ ਭਾਜਪਾ ਦੀ ਵਧਦੀ ਭੱਲ ਨੂੰ ਵੇਖ ਕੇ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ‘ਡਰ’ ਗਈ ਹੈ। ਸ਼ਾਹ ਨੇ ਕਿਹਾ ਕਿ ਮਮਤਾ ਨੇ ਉਨ੍ਹਾਂ ਦੀ ਪਾਰਟੀ ਨੂੰ ਸੂਬੇ ਵਿੱਚ ਤਿੰਨ ‘ਯਾਤਰਾਵਾਂ’ ਲਈ ਇਜਾਜ਼ਤ ਨਾ ਦੇ ਕੇ ਰਾਜ ਵਿੱਚ ਜਮਹੂਰੀਅਤ ਨੂੰ ਪੈਰਾਂ ਹੇਠ ਮਧੋਲ ਦਿੱਤਾ ਹੈ। ਬੁਲੰਦਸ਼ਹਿਰ ਹਿੰਸਾ ਬਾਰੇ ਬੋਲਦਿਆਂ ਸ਼ਾਹ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ‘ਸਿੱਟ’ ਗਠਿਤ ਕੀਤੀ ਜਾ ਚੁੱਕੀ ਹੈ। ਕਾਬਿਲੇਗੌਰ ਹੈ ਕਿ ਮਮਤਾ ਬੈਨਰਜੀ ਵੱਲੋਂ ਇਜਾਜ਼ਤ ਨਾ ਦਿੱਤੇ ਜਾਣ ਕਰਕੇ ਭਾਜਪਾ ਨੂੰ ਪੱਛਮੀ ਬੰਗਾਲ ਵਿੱਚ ਆਪਣੀਆਂ ਤਿੰਨ ‘ਰੱਥ ਯਾਤਰਾਵਾਂ’ ਨੂੰ ਮੁਲਤਵੀ ਕਰਨਾ ਪਿਆ ਸੀ। ਭਾਜਪਾ ਇਸ ਫੈਸਲੇ ਖ਼ਿਲਾਫ਼ ਕੋਲਕਾਤਾ ਹਾਈ ਕੋਰਟ ਵੀ ਗਈ, ਪਰ ਹਾਲ ਦੀ ਘੜੀ ਉਸ ਨੂੰ ਉਥੋਂ ਵੀ ਕੋਈ ਰਾਹਤ ਨਹੀਂ ਮਿਲੀ।
ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, ‘ਅਸੀਂ ਯਕੀਨੀ ਤੌਰ ’ਤੇ ਸਾਰੀਆਂ ‘ਯਾਤਰਾਵਾਂ’ ਕਰਾਂਗੇ, ਕੋਈ ਵੀ ਸਾਨੂੰ ਰੋਕ ਨਹੀਂ ਸਕਦਾ। ਭਾਜਪਾ ਪੱਛਮੀ ਬੰਗਾਲ ਵਿੱਚ ਬਦਲਾਅ ਲਿਆਉਣ ਲਈ ਵਚਨਬੱਧ ਹੈ। ‘ਯਾਤਰਾਵਾਂ’ ਰੱਦ ਨਹੀਂ ਬਲਕਿ ਮੁਲਤਵੀ ਕੀਤੀਆਂ ਗਈਆਂ ਹਨ।’ ਪਾਰਟੀ ਪ੍ਰਧਾਨ ਨੇ ਕਿਹਾ ਕਿ ਉਹ ‘ਰੱਥ ਯਾਤਰਾਵਾਂ’ ਦੀ ਇਜਾਜ਼ਤ ਲਈ ਨਿਆਂਇਕ ਅਮਲ ਦਾ ਰਾਹ ਅਖ਼ਤਿਆਰ ਕਰਨਗੇ। ਸ੍ਰੀ ਸ਼ਾਹ ਨੇ ਦਾਅਵਾ ਕੀਤਾ ਕਿ ਅਗਲੇ ਸਾਲ ਆਮ ਚੋਣਾਂ ਦੌਰਾਨ ਭਾਜਪਾ ਪੱਛਮੀ ਬੰਗਾਲ ’ਚ ਵੱਡੇ ਬਹੁਮੱਤ ਨਾਲ ਸੰਸਦੀ ਸੀਟਾਂ ’ਤੇ ਜਿੱਤ ਦਰਜ ਕਰੇਗੀ। ਸ਼ਾਹ ਨੇ ਮਮਤਾ ਸਰਕਾਰ ਦੇ ਉਸ ਦਾਅਵੇ ਨੂੰ ਵੀ ਖਾਰਜ ਕਰ ਦਿੱਤਾ ਕਿ ‘ਰੱਥ ਯਾਤਰਾਵਾਂ’ ਨਾਲ ਸੂਬੇ ’ਚ ਹਿੰਸਾ ਭੜਕ ਸਕਦੀ ਹੈ। ਕਲਕੱਤਾ ਹਾਈ ਕੋਰਟ ਨੇ ਅਜੇ ਇਕ ਦਿਨ ਪਹਿਲਾਂ ਸੂਬਾ ਸਰਕਾਰ ਵੱਲੋਂ ‘ਰੱਥ ਯਾਤਰਾ’ ਦੌਰਾਨ ਹਿੰਸਾ ਹੋਣ ਦੇ ਪ੍ਰਗਟਾਏ ਖ਼ਦਸ਼ੇ ਮਗਰੋਂ ਭਾਜਪਾ ਨੂੰ ਕੂਚਬਿਹਾਰ ਵਿੱਚ ‘ਰੱਥ ਯਾਤਰਾ’ ਲਈ ਹਰੀ ਝੰਡੀ ਦੇਣ ਤੋਂ ਨਾਂਹ ਕਰ ਦਿੱਤੀ ਸੀ।

Facebook Comment
Project by : XtremeStudioz