Close
Menu

ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਭ੍ਰਿਸ਼ਟਾਚਾਰ ’ਚ ਲਿੱਬੜੀ: ਰਾਹੁਲ

-- 21 February,2018

ਮੇਂਦੀਪੱਥਰ, (ਮੇਘਾਲਿਆ), 21 ਫਰਵਰੀ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇੱਥੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਰਗੜੇ ਲਾਉਂਦਿਆਂ ਕਿਹਾ ਕਿ ਬੈਂਕ ਕਰਜ਼ ਦੇ ਡਿਫਾਲਟਰਾਂ ਵਿਜੈ ਮਾਲਿਆ ਤੇ ਨੀਰਵ ਮੋਦੀ ਦੇ ਬਚ ਕੇ ਵਿਦੇਸ਼ ਨਿਕਲ ਜਾਣ ਤੋਂ ਪਤਾ ਲੱਗਦਾ ਹੈ ਕਿ ਮੋਦੀ ਸਰਕਾਰ ਸਰਗਰਮੀ ਨਾਲ ਭਿ੍ਸ਼ਟਾਚਾਰ ਵਿੱਚ ਲੱਗੀ ਹੋਈ ਹੈ। ਰਾਹੁਲ ਗਾਂਧੀ ਮੇਘਾਲਿਆ ਦੇ ਦੋ ਦਿਨਾਂ ਦੇ ਚੋਣ ਦੌਰੇ ਉੱਤੇ ਹੈ ਤੇ ਸੂਬੇ ਵਿੱਚ 27 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਵੱਲੋਂ ਮੇਘਾਲਿਆ ਦੇ ਚਰਚਾਂ ਅਤੇ ਹੋਰ ਧਾਰਮਿਕ ਸਥਾਨਾਂ ਦੇ ਸੁੰਦਰੀਕਰਨ ਦੀ ਤਜ਼ਵੀਜ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਸੂਬੇ ਵਿੱਚ ਇਸਾਈਆਂ ਦੇ ਨਾਲ ਬੀਤੇ ਸਮੇਂ ਵਿੱਚ ਭਾਰੀ ਜ਼ਿਆਦਤੀਆਂ ਕੀਤੀਆਂ ਗਈਆਂ ਹਨ। ਇਹ ਜ਼ਿਕਰਯੋਗ ਹੈ ਕਿ ਕੇਂਦਰੀ ਸੈਰਸਪਾਟਾ ਮੰਤਰਾਲੇ ਨੇ ਪਿਛਲੇ ਮਹੀਨੇ ਸਵਦੇਸ਼ ਦਰਸ਼ਨ ਯੋਜਨਾ ਤਹਿਤ ਚਰਚਾ ਅਤੇ ਹੋਰ ਧਾਰਮਿਕ ਸਥਾਨਾਂ ਦੇ ਸੁੰਦਰੀਕਰਨ ਦੇ ਲਈ 70 ਕਰੋੜ ਦੀ ਮਾਲੀ ਸਹਾਇਤਾ ਦੇ ਪ੍ਰਾਜੈਕਟ ਦਾ ਐਲਾਨ ਕੀਤਾ ਸੀ। ਇਸ ਪੇਸ਼ਕਸ਼ ਨੂੰ ਸੂਬੇ ਦੇ ਦੋ ਮੋਹਰੀ ਚਰਚਾਂ ਨੇ ਰੱਦ ਕਰ ਦਿੱਤਾ ਸੀ। ਭਾਜਪਾ ਉੱਤੇ ਹੱਲਾ ਬੋਲਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਦੇਸ਼ ਦੇ ਲੋਕ ਤੇ ਉਹ ਕੇਂਦਰ ਸਰਕਾਰ ਦੇ ਅਤਿ ਧੰਨਵਾਦੀ ਹੋਣਗੇ, ਜੇ ਦੇਸ਼ ਦੇ ਗਰੀਬਾਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਲੁੱਟਣ ਵਾਲੇ ਵਿਜੈ ਮਾਲਿਆ ਅਤੇ ਨੀਰਵ ਮੋਦੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਦੌਰੇ ਦੌਰਾਨ ਫੜ ਕੇ ਭਾਰਤ ਲੈ ਕੇ ਆਉਣ। ਉਨ੍ਹਾਂ ਮੇਘਾਲਿਆ ਵਾਸੀਆਂ ਨੂੰ ਸੱਦਾ ਦਿੱਤਾ ਕਿ ਚੋਣਾਂ ਵਿੱਚ ਭਾਜਪਾ ਨੂੰ ਸਬਕ ਸਿਖਾਉਣ। ਭਲਕੇ ਕਾਂਗਰਸ ਪ੍ਰਧਾਨ ਤੌਰਾ ਤੇ ਸ਼ਿਲਾਂਗ ਵਿੱਚ ਰੋਡ ਸ਼ੋਅ ਕਰਨਗੇ ਤੇ  ਆਪਣੇ ਚੋਣ ਦੌਰੇ ਦੇ ਅਖ਼ੀਰ ਵਿੱਚ ਜੈਨਤੀਆ ਵਿੱਚ ਰੈਲੀ ਕਰਨਗੇ। ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਨੇ ਕਾਂਗਰਸ ਦੇ ਕੁੱਝ ਮੈਂਬਰਾਂ ਨੂੰ ਖ਼ਰੀਦ ਲਿਆ ਹੈ ਤੇ ਹੁਣ ਉਨ੍ਹਾਂ ਨੂੰ ਇਹ ਹੰਕਾਰ ਹੋ ਗਿਆ ਹੈ ਕਿ ਉਹ ਰੱਬ ਦੇ ਘਰਾਂ ਚਰਚਾਂ, ਮਸੀਤਾਂ, ਗੁਰਦੁਆਰਿਆਂ ਤੇ ਮੰਦਰਾਂ ਨੂੰ ਵੀ ਖ਼ਰੀਦ ਸਕਦੇ ਹਨ। ਸੂਬੇ ਦੇ ਮੁੱਖ ਮੰਤਰੀ ਮੁਕੁਲ ਸੰਗਮਾ ਦੇ ਕਾਰਜਾਂ ਦੀ ਤਾਰੀਫ਼ ਕਰਦਿਆਂ ਉਨ੍ਹਾਂ ਕਿਹਾ ਸੰਗਮਾ ਇੱਕ ਬੇਹੱਦ ਮਿਹਨਤੀ ਮੁੱਖ ਮੰਤਰੀ ਹਨ ਤੇ ਉਨ੍ਹਾਂ ਨੇ ਮੇਘਾਲਿਆ ਵਿੱਚ ਖੁਸ਼ਹਾਲੀ ਲਿਆਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਰਾਹੁਲ ਗਾਂਧੀ ਨੇ ਸੂਬੇ ਵਿੱਚ ਵਿਕਾਸ ਉੱਤੇ ਤਸੱਲੀ ਦਾ ਪ੍ਰਗਟਾਵਾ ਕੀਤਾ।  

Facebook Comment
Project by : XtremeStudioz