Close
Menu

ਭਾਜਪਾ ਵੱਲੋਂ ਕੈਪਟਨ ਰਾਜ ਵਿੱਚ ਮਾਫ਼ੀਆ ਫਲਣ-ਫੁਲਣ ਦਾ ਦੋਸ਼

-- 22 February,2018

ਚੰਡੀਗੜ੍ਹ, 22 ਫਰਵਰੀ
ਭਾਜਪਾ ਨੇ ਕੈਪਟਨ ਸਰਕਾਰ ਦੀ ਗਿਆਰਾਂ ਮਹੀਨਿਆਂ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਕਰਦਿਆਂ ਸੂਬੇ ਵਿੱਚ ਮਾਫ਼ੀਆ ਨੂੰ ਪ੍ਰਫੁੱਲਤ ਕਰਨ ਦੇ ਦੋਸ਼ ਲਾਏ ਹਨ। ਪਾਰਟੀ ਆਗੂਆਂ ਵਿਨੀਤ ਜੋਸ਼ੀ ਅਤੇ ਹਰਜੀਤ ਸਿੰਘ ਗਰੇਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ ਕੀਤੇ ਵਾਅਦੇ ਕਾਂਗਰਸ ਸਰਕਾਰ ਪੂਰੇ ਨਹੀਂ ਕਰ ਸਕੀ, ਵਿੱਤੀ ਪੱਖ ਤੋਂ ਏਨਾ ਮਾੜਾ ਹਾਲ ਹੈ ਕਿ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਜਦਕਿ ਲੋਕ ਭਲਾਈ ਦੀ ਸਾਰੀਆਂ ਸਕੀਮਾਂ ਬੰਦ ਪਈਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਵੱਲੋਂ ਹਰ ਤਰ੍ਹਾਂ ਦੇ ਮਾਫ਼ੀਆ ਨੂੰ ਸ਼ਹਿ ਦਿੱਤੀ ਜਾ ਰਹੀ ਹੈ ਤੇ ਸੂਬੇ ਵਿੱਚ ਆਰਥਿਕ ਅਤਿਵਾਦ ਵਰਗਾ ਮਾਹੌਲ ਸਿਰਜਿਆ ਹੋਇਆ ਹੈ। ਆਗੂਆਂ ਨੇ ਕਿਹਾ ਕਿ ਸਿੱਖਿਆ, ਸਿਹਤ, ਪੰਚਾਇਤ, ਬਿਜਲੀ, ਸਥਾਨਕ ਸਰਕਾਰਾਂ, ਜੰਗਲਾਤ, ਮਾਲ, ਟਰਾਂਸਪੋਰਟ, ਜਲ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀ ਸੰਘਰਸ਼ ਦੇ ਰਾਹ ’ਤੇ ਹਨ। ਸ੍ਰੀ ਗਰੇਵਾਲ ਅਤੇ ਸ੍ਰੀ ਜੋਸ਼ੀ ਨੇ ਕਿਹਾ ਕਿ ਹਾਲੇ ਤਾਂ ਸਰਕਾਰ ਦਾ 11ਵਾਂ ਮਹੀਨਾ ਪੂਰਾ ਹੋਇਆ ਹੈ ਅਤੇ ਮੁੱਖ ਮੰਤਰੀ ਅਮਰਿੰਦਰ ਦੇ ਨਾਲ-ਨਾਲ ਵਿੱਤ ਮੰਤਰੀ ਮਨਪ੍ਰੀਤ ਬਾਦਲ, ਪੰਚਾਇਤ ਮੰਤਰੀ ਤ੍ਰਿਪਤ ਬਾਜਵਾ, ਸਿੱਖਿਆ ਮੰਤਰੀ ਅਰੁਣਾ ਚੌਧਰੀ, ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ, ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਸਾਰੀਆਂ ਦੀ ਕੋਠੀ ਦੇ ਬਾਹਰ ਧਰਨੇ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਰੇਤ ਮਾਫ਼ੀਆ ਪੰਜਾਬ ਨੂੰ ਲੁੱਟ ਰਿਹਾ ਹੈ ਤੇ ਕੈਬਨਿਟ ਮੰਤਰੀ ਮੰਤਰੀ ਨਵਜੋਤ ਸਿੱਧੂ ਹੀ ਇਸ ਲੁੱਟ ਦੀ ਪੁਸ਼ਟੀ ਕਰ ਰਹੇ ਹਨ। ਟਰਾਂਸਪੋਰਟ ਮਾਫ਼ੀਆ ਦੀ ਲੁੱਟ ਬਾਰੇ ਪੰਜਾਬ ਰੋਡਵੇਜ਼ ਕਰਮਚਾਰੀ ਯੂਨੀਅਨ ਦੀ ਜੁਆਇੰਟ ਐਕਸ਼ਨ ਕਮੇਟੀ ਨੇ ਭਾਂਡਾ ਭੰਨ ਦਿੱਤਾ ਹੈ।
ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਨਸ਼ਾ ਥੋਕ ’ਚ ਵਿਕ ਰਿਹਾ ਹੈ ਤੇ ਇਹ ਗੱਲ ਕਾਂਗਰਸੀ ਵੀ ਮੰਨਦੇ ਹਨ। ਉਨ੍ਹਾਂ ਕਿਹਾ ਕਿ ਗੁੰਡਾ ਟੈਕਸ ਦੀ ਵਸੂਲੀ ਹੁਣ ਜੱਗ ਜਾਹਰ ਹੋ ਚੁੱਕੀ ਹੈ। ਕਿਸਾਨਾਂ ਦੀ ਆਰਥਿਕ ਹਾਲਤ ਏਨੀ ਨਿੱਘਰ ਚੁੱਕੀ ਹੈ ਕਿ ਕੈਪਟਨ ਸਰਕਾਰ ਦੇ 11 ਮਹੀਨਿਆਂ ਦੇ ਰਾਜ ਵਿੱਚ 394 ਕਿਸਾਨ ਖ਼ੁਦਕੁਸ਼ੀ ਕਰ ਚੁੱਕੇ ਹਨ ਅਤੇ 11ਵੇਂ ਮਹੀਨੇ ਵਿੱਚ 32 ਕਿਸਾਨਾਂ ਨੇ ਖ਼ੁਦਕੁਸ਼ੀ ਕਰਨ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ।

Facebook Comment
Project by : XtremeStudioz