Close
Menu

ਭਾਰਤੀ ਮਹਿਲਾ ਹਾਕੀ ਟੀਮ 12 ਸਾਲ ਮਗਰੋਂ ਸੈਮੀ ਫਾਈਨਲ ’ਚ ਪੁੱਜੀ

-- 11 April,2018

ਗੋਲਡ ਕੋਸਟ: ਭਾਰਤੀ ਮਹਿਲਾ ਹਾਕੀ ਟੀਮ ਨੇ ਬੇਹੱਦ ਜੱਦੋ-ਜਹਿਦ ਵਾਲੇ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਨੂੰ ਅੱਜ 1-0 ਨਾਲ ਹਰਾ ਕੇ ਰਾਸ਼ਟਰਮੰਡਲ ਖੇਡਾਂ ਦੇ ਹਾਕੀ ਮੁਕਾਬਲੇ ਦੇ ਸੈਮੀ ਫਾਈਨਲ ਵਿੱਚ 12 ਸਾਲ ਬਾਅਦ ਥਾਂ ਬਣਾਈ ਹੈ। ਭਾਰਤ ਲਈ ਇਸ ਮੁਕਾਬਲੇ ਦਾ ਇੱਕੋ-ਇੱਕ ਗੋਲ ਕਪਤਾਨ ਰਾਣੀ ਰਾਮਪਾਲ ਨੇ 47ਵੇਂ ਮਿੰਟ ਵਿੱਚ ਕੀਤਾ। ਰਾਣੀ ਨੇ ਮੋਰਚਾ ਸੰਭਾਲਣ ਮਗਰੋਂ ਦੋ ਡਿਫੈਂਡਰਾਂ ਅਤੇ ਗੋਲਕੀਪਰ ਨੂੰ ਚਕਮਾ ਦਿੰਦਿਆਂ ਗੇਂਦ ਨੂੰ ਗੋਲ ਵਿੱਚ ਪਹੁੰਚਾਇਆ। ਭਾਰਤ ਨੇ ਇਸ ਲੀਡ ਨੂੰ ਅਖ਼ੀਰ ਤਕ ਕਾਇਮ ਰੱਖਿਆ। ਭਾਰਤ ਨੇ ਹਾਲਾਂਕਿ ਮੈਚ ਵਿੱਚ ਕਈ ਮੌਕੇ ਗੁਆਏ, ਨਹੀਂ ਤਾਂ ਭਾਰਤ ਦੀ ਜਿੱਤ ਦਾ ਫਰਕ ਜ਼ਿਆਦਾ ਹੋ ਸਕਦਾ ਸੀ। ਭਾਰਤੀ ਟੀਮ ਨੇ ਇਸ ਟੂਰਨਾਮੈਂਟ ਵਿੱਚ ਵੇਲਜ਼ ਤੋਂ ਆਪਣਾ ਪਹਿਲਾ ਮੈਚ 2-3 ਨਾਲ ਹਾਰਨ ਮਗਰੋਂ ਸ਼ਾਨਦਾਰ ਵਾਪਸੀ ਕੀਤੀ ਅਤੇ ਮਲੇਸ਼ੀਆ ਨੂੰ 4-1, ਓਲੰਪਿਕ ਚੈਂਪੀਅਨ ਇੰਗਲੈਂਡ ਨੂੰ 2-1 ਅਤੇ ਦੱਖਣੀ ਅਫਰੀਕਾ ਨੂੰ 1-0 ਗੋਲਾਂ ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਥਾਂ ਪੱਕੀ ਕੀਤੀ। ਭਾਰਤੀ ਟੀਮ ਇਸ ਜਿੱਤ ਮਗਰੋਂ ਪੂਲ ਏ ਵਿੱਚ ਦੂਜੇ ਸਥਾਨ ’ਤੇ ਰਹੀ। ਭਾਰਤ ਦੇ ਚਾਰ ਮੈਚਾਂ ਵਿੱਚ ਤਿੰਨ ਜਿੱਤਾਂ ਨਾਲ ਕੁੱਲ ਨੌਂ ਅੰਕ ਹਨ। ਵਿਸ਼ਵ ਦੀ ਦੂਜੇ ਨੰਬਰ ਦੀ ਟੀਮ ਇੰਗਲੈਂਡ ਨੇ ਵੀ ਚਾਰ ਮੈਚਾਂ ਵਿੱਚ ਤਿੰਨ ਵਿੱਚ ਜਿੱਤ ਹਾਸਲ ਕੀਤੀ ਹੈ ਅਤੇ ਉਸ ਦੇ ਵੀ ਨੌਂ ਅੰਕ ਹਨ, ਪਰ ਬਿਹਤਰ ਗੋਲ ਔਸਤ ਕਾਰਨ ਇੰਗਲੈਂਡ ਪਹਿਲੇ ਅਤੇ ਭਾਰਤ ਦੂਜੇ ਸਥਾਨ ’ਤੇ ਹੈ।

Facebook Comment
Project by : XtremeStudioz