Close
Menu

ਭਾਰਤ ਤੇ ਵਿੰਡੀਜ਼ ’ਚ ਕ੍ਰਿਕਟ ਲੜੀ ਅੱਜ ਤੋਂ

-- 22 October,2018

ਗੁਹਾਟੀ, ਬੱਲੇਬਾਜ਼ੀ ਤੋਂ ਲੈ ਕੇ ਗੇਂਦਬਾਜ਼ੀ ਤੱਕ ਭਾਰਤੀ ਟੀਮ ਮਜ਼ਬੂਤ ਵਿਖਾਈ ਦੇ ਰਹੀ ਹੈ, ਪਰ ਇਸ ਦੇ ਬਾਵਜੂਦ ਵੈਸਟ ਇੰਡੀਜ਼ ਖ਼ਿਲਾਫ਼ ਐਤਵਾਰ ਤੋਂ ਸ਼ੁਰੂ ਹੋਣ ਵਾਲੀ ਪੰਜ ਇੱਕ ਰੋਜ਼ਾ ਮੈਚਾਂ ਦੀ ਲੜੀ ਰਾਹੀਂ ਉਹ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਮੱਧ ਕ੍ਰਮ ਦੀ ਪਹੇਲੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੇਗੀ।
ਇੰਗਲੈਂਡ ਵਿੱਚ ਅੱਠ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਵਿਸ਼ਵ ਕੱਪ ਸ਼ੁਰੂ ਹੋ ਜਾਵੇਗਾ ਅਤੇ ਭਾਰਤ ਕੋਲ ਆਪਣੇ ਮੱਧ ਕ੍ਰਮ ਨੂੰ ਲੈਅ ਵਿੱਚ ਲਿਆਉਣ ਲਈ ਸਿਰਫ਼ 18 ਮੈਚ ਬਚੇ ਹਨ। ਇਨ੍ਹਾਂ ਵਿੱਚ ਵੀ ਨੰਬਰ ਚਾਰ ਸਥਾਨ ਖ਼ਾਸ ਹੈ, ਜਿਸ ਵਿੱਚ ਹੁਣ ਤੱਕ ਕਈ ਬੱਲੇਬਾਜ਼ ਅਜ਼ਮਾਏ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਕੋਈ ਵੀ ਉਮੀਦਾਂ ’ਤੇ ਖਰਾ ਨਹੀਂ ਉਤਰਿਆ। ਇਸ ਲੜੀ ਨਾਲ ਕਪਤਾਨ ਵਿਰਾਟ ਕੋਹਲੀ ਵੀ ਸੀਮਤ ਓਵਰਾਂ ਦੀ ਕ੍ਰਿਕਟ ਵਿੱਚ ਵਾਪਸੀ ਕਰੇਗਾ। ਏਸ਼ੀਆ ਕੱਪ ਵਿੱਚ ਉਸ ਨੂੰ ਆਰਾਮ ਦਿੱਤਾ ਗਿਆ ਸੀ।
ਸੰਭਾਵਨਾ ਹੈ ਕਿ ਕੋਹਲੀ ਮੱਧਕ੍ਰਮ ਵਿੱਚ ਨਵਾਂ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰੇਗਾ ਅਤੇ ਅਜਿਹੇ ਵਿੱਚ ਰਿਸ਼ਭ ਪੰਤ ਨੂੰ ਇੱਕ ਰੋਜ਼ਾ ਵਿੱਚ ਪਹਿਲੀ ਵਾਰ ਖੇਡਣ ਦਾ ਮੌਕਾ ਮਿਲ ਸਕਦਾ ਹੈ। ਉਸ ਨੇ ਟੈਸਟ ਮੈਚਾਂ ਦੌਰਾਨ ਆਪਣੀ ਬੱਲੇਬਾਜ਼ੀ ਨਾਲ ਕਾਫੀ ਪ੍ਰਭਾਵਿਤ ਕੀਤਾ ਸੀ। ਓਵਲ ਵਿੱਚ ਇੰਗਲੈਂਡ ਖ਼ਿਲਾਫ਼ ਸੈਂਕੜਾ ਮਾਰਨ ਮਗਰੋਂ ਵੈਸਟ ਇੰਡੀਜ਼ ਖ਼ਿਲਾਫ਼ 92 ਦੌੜਾਂ ਦੀਆਂ ਦੋ ਪਾਰੀਆਂ ਖੇਡੀਆਂ ਸਨ। ਪੰਤ ਨੂੰ ਦਿਨੇਸ਼ ਕਾਰਤਿਕ ਦੀ ਥਾਂ ਟੀਮ ਵਿੱਚ ਲਿਆ ਗਿਆ ਹੈ। ਉਹ ਪਹਿਲੇ ਇੱਕ ਰੋਜ਼ਾ ਲਈ ਚੁਣ ਗਈ ਟੀਮ ਵਿੱਚ ਸ਼ਾਮਲ ਹੈ। ਉਸ ’ਤੇ ਚੰਗਾ ਪ੍ਰਦਰਸ਼ਨ ਕਰਨ ਦਾ ਦਬਾਅ ਰਹੇਗਾ। ਮਹਿੰਦਰ ਸਿੰਘ ਧੋਨੀ ’ਤੇ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਰਹਿਣਗੀਆਂ, ਜੋ ਹਾਲ ਦੇ ਦਿਨਾਂ ਵਿੱਚ ਬੱਲੇਬਾਜ਼ ਨਾਲ ਜ਼ਿਆਦਾ ਪ੍ਰਭਾਵਿਤ ਨਹੀਂ ਕਰ ਸਕੇ। ਮੁੱਖ ਚੋਣਕਾਰ ਐਮਐਸਕੇ ਪ੍ਰਸਾਦ ਹਾਲਾਂਕਿ ਸਪਸ਼ਟ ਕਰ ਚੁੱਕਿਆ ਹੈ ਕਿ ਵਿਸ਼ਵ ਕੱਪ ਤੱਕ ਧੋਨੀ ਪਹਿਲੀ ਪਸੰਦ ਦਾ ਵਿਕਟਕੀਪਰ ਬਣਿਆ ਰਹੇਗਾ। ਧੋਨੀ ਏਸ਼ੀਆ ਕੱਪ ਵਿੱਚ ਲੈਅ ਵਿੱਚ ਨਹੀਂ ਜਾਪਿਆ। ਉਸ ਨੇ ਚਾਰ ਪਾਰੀਆਂ ਵਿੱਚ 19.25 ਦੀ ਔਸਤ ਅਤੇ 62.09 ਦੇ ਸਟਰਾਈਕ ਰੇਟ ਨਾਲ 77 ਦੌੜਾਂ ਬਣਾਈਆਂ ਸਨ।
ਟੈਸਟ ਦੇ ਉਲਟ ਇੱਕ ਰੋਜ਼ਾ ਵਿੱਚ ਵੈਸਟ ਇੰਡੀਜ਼ ਟੀਮ ਜ਼ਿਆਦਾ ਮਜ਼ਬੂਤ ਨਜ਼ਰ ਨਹੀਂ ਆਉਂਦੀ। ਟੀਮ ਨੂੰ ਕ੍ਰਿਸ ਗੇਲ ਅਤੇ ਆਂਦਰੇ ਰਸਲੇ ਦੀ ਘਾਟ ਰੜਕੇਗੀ। ਇਵਿਨ ਲੂਈਸ ਦੇ ਨਿੱਜੀ ਕਾਰਨਾਂ ਕਰਕੇ ਹਟਣ ਨਾਲ ਵੀ ਟੀਮ ਨੂੰ ਝਟਕਾ ਲੱਗਿਆ ਹੈ। ਟੀਮ ਦੇ ਕੋਚ ਸਟੂਅਰਟ ਲਾਅ ’ਤੇ ਆਈਸੀਸੀ ਜ਼ਾਬਤੇ ਦੀ ਉਲੰਘਣਾ ਕਾਰਨ ਪਹਿਲੇ ਦੋ ਇੱਕ ਰੋਜ਼ਾ ਵਿੱਚ ਡਰੈਸਿੰਗ ਰੂਮ ਵਿੱਚ ਜਾਣ ’ਤੇ ਪਾਬੰਦੀ ਹੈ, ਜਿੱਥੇ ਖਿਡਾਰੀਆਂ ਨੂੰ ਉਸ ਦੀ ਜ਼ਰੂਰਤ ਹੋਵੇਗੀ। ਵੈਸਟ ਇੰਡੀਜ਼ ਕੋਲ ਅਨੁਭਵੀ ਮਰਲੋਨ ਸੈਮੂਅਲਜ਼, ਕਪਤਾਨ ਅਤੇ ਹਰਫ਼ਨਮੌਲਾ ਜੇਸਨ ਹੋਲਡਰ ਅਤੇ ਤੇਜ਼ ਗੇਂਦਬਾਜ਼ ਕੇਮਾਰ ਰੋਚ ਹਨ। ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰੇ 1.30 ਵਜੇ ਸ਼ੁਰੂ ਹੋਵੇਗਾ।

Facebook Comment
Project by : XtremeStudioz