Close
Menu

ਭਾਰਤ ਦਾ ਟੀਚਾ ਲੜੀ 5-1 ਨਾਲ ਜਿੱਤਣਾ

-- 16 February,2018

ਸੈਂਚੁਰੀਅਨ, 16 ਫਰਵਰੀ,ਲੜੀ ਵਿੱਚ ਇਤਿਹਾਸਕ ਜਿੱਤ ਪਿੱਛੋਂ ਭਾਰਤੀ ਟੀਮ ਸ਼ੁਕਰਵਾਰ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਕੌਮਾਂਤਰੀ ਇੱਕ ਰੋਜ਼ਾ ਲੜੀ ਦਾ ਛੇਵਾਂ ਅਤੇ ਆਖ਼ਰੀ ਮੈਚ ਜਿੱਤਣ ਦੇ ਇਰਾਦੇ ਨਾਲ ਉਤਰੇਗੀ ਜਦਕਿ ਮੇਜ਼ਬਾਨ ਟੀਮ ਆਪਣੀ ਇੱਜ਼ਤ ਬਚਾਉਣਾ ਚਾਹੇਗੀ। ਭਾਰਤੀ ਟੀਮ ਛੇ ਮੈਚਾਂ ਦੀ ਲੜੀ ਪਹਿਲਾਂ ਹੀ 4-1 ਨਾਲ ਜਿੱਤ ਚੁੱਕੀ ਹੈ। ਉਸ ਨੂੰ ਜੋਹਾਨੈੱਸਬਰਗ ਵਿੱਚ ਮੀਂਹ ਤੋਂ ਪ੍ਰਭਾਵਿਤ ਲੜੀ ਦੇ ਚੌਥੇ ਇੱਕ ਰੋਜ਼ਾ ਮੈਚ ਦੌਰਾਨ ਹਾਰ ਦਾ ਮੂੰਹ ਵੇਖਣਾ ਪਿਆ ਸੀ। ਪਿਛਲੇ ਮੈਚ ਵਿੱਚ ਮਿਲੀ ਜਿੱਤ ਨਾਲ ਭਾਰਤ ਨੇ ਆਈਸੀਸੀ ਇੱਕ ਰੋਜ਼ਾ ਰੈਂਕਿੰਗਜ਼ ਵਿੱਚ ਅੱਵਲ ਨੰਬਰ ਦਾ ਸਥਾਨ ਦੱਖਣੀ ਅਫਰੀਕਾ ਤੋਂ ਖੋਹ ਲਿਆ ਹੈ। ਭਾਰਤ ਉਸੇ ਲੈਅ ਨੂੰ ਕਾਇਮ ਰੱਖਣ ਦੇ ਇਰਾਦੇ ਨਾਲ ਉਤਰੇਗਾ ਕਿਉਂਕਿ ਇਸ ਪਿੱਛੋਂ ਟੀ-20 ਲੜੀ ਵੀ ਤੁਰੰਤ ਹੋਣੀ ਹੈ। ਇਸ ਸਾਲ ਲੰਬੇ ਵਿਦੇਸ਼ੀ ਦੌਰੇ ਦੌਰਾਨ ਕਪਤਾਨ ਵਿਰਾਟ ਕੋਹਲੀ ਕੁੱਝ ਬਦਲਵੇਂ ਖਿਡਾਰੀਆਂ ਨੂੰ ਵੀ ਮੌਕਾ ਦੇਣਾ ਚਾਹੁਣਗੇ। ਭੁਵਨੇਸ਼ਵਰ ਕੁਮਾਰ ਸ੍ਰੀਲੰਕਾ ਵਿੱਚ ਸੀਮਤ ਓਵਰਾਂ ਦੀ ਲੜੀ ਤੋਂ ਬਾਅਦ ਲਗਾਤਾਰ ਖੇਡ ਰਿਹਾ ਹੈ ਜਿਨ੍ਹਾਂ ਵਿੱਚ 19 ਇੱਕ ਰੋਜ਼ਾ, ਛੇ ਟੀ-20 ਅਤੇ ਦੋ ਟੈਸਟ ਮੈਚ ਸ਼ਾਮਲ ਹਨ। ਜਸਪ੍ਰੀਤ ਬੰਮਰਾ ਨੇ ਵੀ 20 ਇੱਕ ਰੋਜ਼ਾ ਅਤੇ ਅੱਠ ਟੀ-20 ਖੇਡੇ ਹਨ। ਦੋਵਾਂ ਨੂੰ ਆਰਾਮ ਦੀ ਲੋੜ ਹੈ। ਭਾਰਤੀ ਬੱਲੇਬਾਜ਼ੀ ਵਿੱਚ ਸੀਨੀਅਰ ਕ੍ਰਮ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਮੱਧ ਕ੍ਰਮ ਉਮੀਦਾਂ ’ਤੇ ਖਰਾ ਨਹੀਂ ਉਤਰਿਆ। ਮਨੀਸ਼ ਪਾਂਡੇ ਅਤੇ ਦਿਨੇਸ਼ ਕਾਰਤਿਕ ਨੂੰ ਟੀਮ ਵਿੱਚ ਹੁੰਦੇ ਹੋਏ ਅਜੇ ਤਕ ਇੱਕ ਵੀ ਮੈਚ ਨਹੀਂ ਮਿਲਿਆ ਹੈ। ਭਾਰਤੀ ਟੀਮ ਨੇ ਅੱਜ ਅਭਿਆਸ ਨਹੀਂ ਕੀਤਾ। ਮੈਚ ਸ਼ਾਮ 4:30 ਵਜੇ ਹੋਵੇਗਾ। 

Facebook Comment
Project by : XtremeStudioz