Close
Menu

ਭਾਰਤ ਦੀ ਸ਼ਾਨਦਾਰ ਸ਼ੁਰੂਆਤ, ਓਮਾਨ ਨੂੰ 11-0 ਨਾਲ ਹਰਾਇਆ

-- 19 October,2018

ਨਵੀਂ ਦਿੱਲੀ— ਭਾਰਤੀ ਹਾਕੀ ਟੀਮ ਏਸ਼ੀਅਨ ਖੇਡਾਂ ‘ਚ ਕਮਜ਼ੋਰ ਪ੍ਰਦਰਸ਼ਨ ਤੋਂ ਬਾਅਦ ਜਿੱਤ ਹਾਸਲ ਕਰਨ ਲਈ ਬੇਤਾਬ ਸੀ। ਵੀਰਵਾਰ ਨੂੰ ਏਸ਼ੀਅਨ ਚੈਂਪੀਅਨਸ ਟ੍ਰਾਫੀ ਦੇ ਆਪਣੇ ਪਹਿਲੇ ਮੁਕਾਬਲੇ ‘ਚ ਮੇਜ਼ਬਾਨ ਓਮਾਨ ਖਿਲਾਫ ਭਾਰਤ ਦਾ ਇਰਾਦਾ ਦਮਦਾਰ ਸ਼ੁਰੂਆਤ ਕਰਨ ਦਾ ਸੀ। ਭਾਰਤ ਦੀ ਇਹ ਇੱਛਾ ਪੂਰੀ ਹੋਈ। ਭਾਰਤੀ ਟੀਮ ਨੇ ਮਸਕਟ ‘ਚ ਖੇਡੇ ਜਾਂ ਰਹੇ ਇਸ ਟੂਰਨਾਮੈਟ ‘ਚ ਓਮਾਨ ਨੂੰ 11-0 ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ।
ਭਾਰਤੀ ਟੀਮ ਲਈ ਦਿਲਪ੍ਰੀਤ ਸਿੰਘ (41ਵੇਂ, 55ਵੇਂ ਅਤੇ 57ਵੇਂ ਮਿੰਟ) ਨੇ ਹੈਟ੍ਰਿਕ ਲਗਾਈ, ਜਦਕਿ ਲਲਿਤ ਉਪਾਧਿਆਏ (17ਵੇਂ ਮਿੰਟ), ਹਰਮਨਪ੍ਰੀਤ (21ਵੇਂ ਮਿੰਟ), ਨੀਲਕਾਂਤ ਸ਼ਰਮਾ (22ਵੇਂ ਮਿੰਟ), ਮਨਦੀਪ ਸਿੰਘ (29ਵੇਂ ਮਿੰਟ), ਗੁਰਜੰਟ ਸਿੰਘ (37ਵੇਂ ਮਿੰਟ), ਆਕਾਸ਼ਦੀਪ (49ਵੇਂ ਮਿੰਟ), ਵਰੁਣ ਕੁਮਾਰ (49ਵੇਂ ਮਿੰਟ) ਅਤੇ ਚਿੰਗਲੇਸਾਨਾ ਸਿੰਘ (53ਵੇਂ ਮਿੰਟ) ਨੇ 1-1 ਗੋਲ ਕੀਤਾ। ਦੁਨੀਆ ਦੀ 5ਵੇਂ ਨੰਬਰ ਦੀ ਟੀਮ ਭਾਰਤ ਦੇ ਅੱਗੇ ਓਮਾਨ ਦੇ ਖਿਡਾਰੀ ਜ਼ਿਆਦਾਤਰ ਸਮੇਂ ਤਕ ਗੇਂਦ ‘ਤੇ ਕਬਜਾ ਕਰਨ ਲਈ ਸੰਘਰਸ਼ ਕਰਦੇ ਨਜ਼ਰ ਆਏ।
ਪਹਿਲੇ 15 ਮਿੰਟਾਂ ‘ਚ ਭਾਰਤੀ ਟੀਮ ਨੇ ਗੋਲ ਦੇ ਕਈ ਮੌਕੇ ਬਣਾਏ, ਪਰ ਓਮਾਨ ਨੇ ਬੇਖੌਫ ਆਪਣੇ ਗੋਲ ਪੋਸਟ ਦੀ ਰੱਖਿਆ ਕੀਤੀ । ਦੂਜੇ ਕੁਆਰਟਰ ‘ਚ ਭਾਰਤੀ ਟੀਮ ਨੇ ਇਸ ਦੀ ਕਸਰ ਕੱਢ ਦਿੱਤੀ। ਅਗਲੇ 15 ਮਿੰਟ ਦੌਰਾਨ ਭਾਰਤ ਨੇ 4 ਗੋਲ ਕੀਤੇ। ਤੀਜੇ ਕੁਆਰਟਰ ‘ਚ ਸ਼ੁਰੂਆਤ ਗੁਰਜੰਟ ਦੇ ਗੋਲ ਨਾਲ ਹੋਈ ਜੋ ਉਨ੍ਹਾਂ ਨੇ ਪੋਸਟ ਦੇ ਖੱਬੇ ਪਾਸੇ ਵੱਲੋਂ ਲਗਾਇਆ। ਟੀਮ ਲਈ 6ਵਾਂ ਗੋਲ ਦਿਲਪ੍ਰੀਤ ਨੇ ਕੀਤਾ। ਭਾਰਤ ਲਈ 7ਵਾਂ ਗੋਲ ਆਕਾਸ਼ਦੀਪ ਨੇ ਸੁਰਿੰਦਰ ਕੁਮਾਰ ਦੇ ਪਾਸ ‘ਤੇ ਕੀਤਾ। ਇਸ ਤੋਂ ਕੁਝ ਹੀ ਦੇਰ ਬਾਅਦ ਪੈਨਲਟੀ ਕਾਰਨਰ ‘ਤੇ ਵਰੁਣ ਕੁਮਾਰ ਨੇ ਗੇਂਦ ਜਾਲ ‘ਚ ਉਲਝਾ ਕੇ ਭਾਰਤ ਦੀ ਬੜਤ 8-0 ਕਰ ਦਿੱਤੀ।
53ਵੇਂ ਮਿੰਟ ‘ਚ ਭਾਰਤ ਨੂੰ 7ਵਾਂ ਪੈਨਲਟੀ ਕਾਰਨਰ ਮਿਲਿਆ। ਹਰਪ੍ਰੀਤ ਦੀ ਹਿਟ ਚਿੰਗਲੇਸਾਨਾ ਸਿੰਘ ਦੀ ਸਟਿਕ ਨਾਲ ਲੱਗਦੀ ਹੋਈ ਗੋਲ ‘ਚ ਚਲੀ ਗਈ । 55ਵੇਂ ਅਤੇ 57ਵੇਂ ਮਿੰਟ ‘ਚ ਗੋਲ ਲਗਾ ਕੇ ਦਿਲਪ੍ਰੀਤ ਨੇ ਹੈਟ੍ਰਿਕ ਪੂਰੀ ਕੀਤੀ। 2014 ‘ਚ ਏਸ਼ੀਆਈ ਖੇਡਾਂ ‘ਚ ਪਿਛਲੀ ਵਾਰ ਜਦੋਂ ਦੋਵੇਂ ਟੀਮਾਂ ਆਹਮੋ ਸਾਹਮਣੇ ਹੋਈਆਂ ਸਨ ਤਾਂ ਭਾਰਤ ਨੇ ਓਮਾਨ ਨੂੰ 7-0 ਨਾਲ ਹਰਾ ਦਿੱਤਾ ਸੀ। ਭਾਰਤ ਨੂੰ 20 ਅਕਤੂਬਰ ਨੂੰ ਲੰਬੇ ਸਮੇਂ ਦੀ ਵਿਰੋਧੀ ਪਾਕਿਸਤਾਨ ਨਾਲ, 21 ਅਕਤੂਬਰ ਨੂੰ ਮਲੇਸ਼ੀਆ ਨਾਲ ਅਤੇ 24 ਅਕਤੂਬਰ ਨੂੰ ਦੱਖਣ ਕੋਰੀਆ ਨਾਲ ਭਿੜਨਾ ਹੈ।

Facebook Comment
Project by : XtremeStudioz