Close
Menu

ਭਾਰਤ ਵੱਲੋਂ ਚੀਨ ਦੀ ‘ਬੈਲਟ ਤੇ ਰੋਡ ਫੋਰਮ’ ਦੇ ਬਾਈਕਾਟ ਦਾ ਸੰਕੇਤ

-- 22 March,2019

ਪੇਈਚਿੰਗ, 22 ਮਾਰਚ
ਭਾਰਤ ਨੇ ਅੱਜ ਸੰਕੇਤ ਦਿੱਤਾ ਹੈ ਕਿ ਚੀਨ ਦੀ ‘ਬੈਲਟ ਤੇ ਰੋਡ ਫੋਰਮ’ (ਬੀਆਰਐਫ) ਦਾ ਲਗਾਤਾਰ ਦੂਜੀ ਵਾਰ ਬਾਈਕਾਟ ਕੀਤਾ ਜਾ ਸਕਦਾ ਹੈ। ਭਾਰਤ ਦਾ ਕਹਿਣਾ ਹੈ ਕਿ ਕੋਈ ਵੀ ਦੇਸ਼ ਅਜਿਹੇ ਕਿਸੇ ਉੱਦਮ ਵਿਚ ਸਹਿਯੋਗ ਨਹੀਂ ਕਰੇਗਾ ਜੋ ਸੁਤੰਤਰ ਮੁਲਕ ਵਜੋਂ ਇਸ ਦੇ ਮੁੱਢਲੇ ਹਿੱਤਾਂ ਅਤੇ ਖੇਤਰੀ ਇਕਜੁੱਟਤਾ ਨੂੰ ਦਰਕਿਨਾਰ ਕਰਦਾ ਹੋਵੇ। ਭਾਰਤ ਨੇ ਪਹਿਲੀ ਬੀਆਰਐਫ ਦਾ ਵੀ 2017 ਵਿਚ ਬਾਈਕਾਟ ਕੀਤਾ ਸੀ। ਪੇਈਚਿੰਗ ਕੋਲ ਵਿਵਾਦਤ ਚੀਨ-ਪਾਕਿਸਤਾਨ ਆਰਥਿਕ ਕੌਰੀਡੋਰ (ਸੀਪੀਈਸੀ) ਬਾਰੇ ਵਿਰੋਧ ਵੀ ਦਰਜ ਕਰਾਇਆ ਗਿਆ ਸੀ।
ਦੱਸਣਯੋਗ ਹੈ ਕਿ ਸੀਪੀਈਸੀ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਵਿੱਚੋਂ ਗੁਜ਼ਰਦਾ ਹੈ ਤੇ ਭਾਰਤ ਇਸ ਨੂੰ ਆਪਣੇ ਹਿੱਤਾਂ ਦੇ ਖ਼ਿਲਾਫ਼ ਮੰਨਦਾ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦਾ ਕਹਿਣਾ ਹੈ ਕਿ ਅਗਲੇ ਮਹੀਨੇ ਚੀਨ ਵੱਡੇ ਪੱਧਰ ’ਤੇ ਇਸ ਫੋਰਮ ਦਾ ਪ੍ਰਬੰਧ ਕਰੇਗਾ ਤੇ ਇਸ ਵਿਚ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੀ ਹਿੱਸਾ ਲੈਣਗੇ। ਚੀਨ ਦੇ ਇਸ ਐਲਾਨ ਤੋਂ ਬਾਅਦ ਭਾਰਤ ਦੇ ਹਿੱਸਾ ਲੈਣ ਬਾਰੇ ਕਈ ਖ਼ਦਸ਼ੇ ਜਤਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਸੀਪੀਈਸੀ ਚੀਨ ਨੂੰ ਪਾਕਿ ਦੀ ਗਵਾਦਰ ਬੰਦਰਗਾਹ ਨਾਲ ਜੋੜਦਾ ਹੈ ਤੇ ਇਸ ਵਿਚ ਕਈ ਸੜਕੀ, ਰੇਲ, ਗੈਸ ਤੇ ਤੇਲ ਪ੍ਰਾਜੈਕਟ ਸ਼ਾਮਲ ਹਨ। ਚੀਨ ਵਿਚ ਭਾਰਤ ਦੇ ਰਾਜਦੂਤ ਵਿਕਰਮ ਮਿਸਰੀ ਨੇ ਕਿਹਾ ਕਿ ਭਾਰਤ ਆਪਣੇ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਦਾ ਹੈ ਤੇ ਦੂਜੇ ਮੁਲਕਾਂ ਨੂੰ ਵੀ ਇਸ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਤੇ ਕਈ ਹੋਰ ਦੇਸ਼ਾਂ ਸਣੇ ਭਾਰਤ ਨੇ ਚੀਨ ਦੀ ‘ਕਰਜ਼ਾ ਕੂਟਨੀਤੀ’ ਉੱਤੇ ਸਵਾਲ ਉਠਾਏ ਹਨ। ਸ੍ਰੀਲੰਕਾ ਵਿਚ ਵੀ ਚੀਨ ਵੱਲੋਂ ਦਿੱਤੇ ਕਰਜ਼ੇ ਨਾਲ ਪ੍ਰਾਜੈਕਟ ਲਾਏ ਗਏ ਸਨ ਤੇ ਨਾ ਮੁੜਨ ’ਤੇ ਸਭ ਕੁਝ ਲੀਜ਼ ’ਤੇ ਲੈ ਲਿਆ।

Facebook Comment
Project by : XtremeStudioz