Close
Menu

ਮਣੀ ਅੱਈਅਰ ਦੇ ‘ਨੀਚ’ ਬੋਲ ਨੂੰ ਭਾਜਪਾ ਨੇ ਬੋਚਿਆ

-- 09 December,2017

ਨਵੀਂ ਦਿੱਲੀ/ਸੂਰਤ, 
ਕਾਂਗਰਸ ਆਗੂ ਮਨੀ ਸ਼ੰਕਰ ਅੱਈਅਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀਤੀ ਗਈ ਟਿੱਪਣੀ ‘ਨੀਚ ਕਿਸਮ ਦਾ ਆਦਮੀ’ ਨਾਲ ਸਿਆਸੀ ਤੂਫ਼ਾਨ ਖੜ੍ਹਾ ਹੋ ਗਿਆ ਅਤੇ ਭਾਜਪਾ ਨੇ ਇਸ ਨੂੰ ਬੋਚਦਿਆਂ ਦਾਅਵਾ ਕੀਤਾ ਕਿ ਇਹ ਸ੍ਰੀ ਮੋਦੀ ਖ਼ਿਲਾਫ਼ ਜਾਤੀਗਤ ਟਿੱਪਣੀ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਨੁਕਸਾਨ ਦੀ ਤੁਰੰਤ ਭਰਪਾਈ ਲਈ ਅੱਈਅਰ ਨੂੰ ਕਿਹਾ ਕਿ ਉਹ ਅਜਿਹੇ ਬਿਆਨ ਲਈ ਮੁਆਫ਼ੀ ਮੰਗਣ। ਇਸ ਮਗਰੋਂ ਸ਼ਾਮ ਨੂੰ ਅੱਈਅਰ ਨੇ ਸਫ਼ਾਈ ਦਿੱਤੀ ਕਿ ਉਨ੍ਹਾਂ ਦੇ ਕਹਿਣ ਦਾ ਇਹ ਅਰਥ ਨਹੀਂ ਸੀ ਅਤੇ ਹਿੰਦੀ ’ਚ ਕਮਜ਼ੋਰ ਹੋਣ ਕਰਕੇ ਉਹ ‘ਨੀਚ’ ਵਰਗਾ ਸ਼ਬਦ ਇਸਤਮਾਲ ਕਰ ਗਏ। ਉਂਜ ਦੇਰ ਸ਼ਾਮ ਨੂੰ ਕਾਂਗਰਸ ਨੇ ਅੱਈਅਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰਦਿਆਂ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ। ਪਾਟੀਦਾਰਾਂ ਦੇ ਇਲਾਕੇ ਸੂਰਤ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਅੱਈਅਰ ਦੇ ਵਿਵਾਦਤ ਬੋਲਾਂ ਨੂੰ ਬੋਚਦਿਆਂ ਕਿਹਾ ਕਿ ਇਹ ਗੁਜਰਾਤ ਦਾ ਅਪਮਾਨ ਹੈ। ਕਾਂਗਰਸ ਆਗੂ ਦੇ ਵਿਵਾਦਤ ਬੋਲਾਂ ਨੂੰ ਭਾਜਪਾ ਨੇ ਜਾਤ ਨਾਲ ਜੋੜ ਲਿਆ ਤਾਂ ਜੋ 9 ਦਸੰਬਰ ਨੂੰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ’ਚ ਲਾਹਾ ਲਿਆ ਜਾ ਸਕੇ। ਜ਼ਿਕਰਯੋਗ ਹੈ ਕਿ ਸ੍ਰੀ ਮੋਦੀ ਵੱਲੋਂ ਕਾਂਗਰਸ ’ਤੇ ਬੀ ਆਰ ਅੰਬੇਦਕਰ ਦੇ ਨਾਮ ਉਪਰ ਵੋਟਾਂ ਮੰਗਣ ਦਾ ਦੋਸ਼ ਲਾਇਆ ਗਿਆ ਸੀ ਜਿਸ ਮਗਰੋਂ ਅੱਈਅਰ ਨੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਸੀ,‘‘ਉਹ (ਮੋਦੀ) ਨੀਚ ਕਿਸਮ ਦਾ ਆਦਮੀ ਹੈ ਜਿਸ ਦੀ ਕੋਈ ਸੱਭਿਅਤਾ ਨਹੀਂ ਹੈ।’’ ਇਸ ’ਤੇ ਸ੍ਰੀ ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ,‘‘ਤੁਸੀਂ ਸਾਨੂੰ ਗਧਾ, ਗੰਦੀ ਨਾਲੀ ਦਾ ਕੀੜਾ, ਮੌਤ ਦਾ ਸੌਦਾਗਰ, ਨੀਚ ਜਾਤੀ ਅਤੇ ਨੀਚ ਆਖਿਆ। ਪਰ ਅਸੀਂ ਆਪਣੀਆਂ ਕਦਰਾਂ-ਕੀਮਤਾਂ ਅਨੁਸਾਰ ਹੀ ਰਹਾਂਗੇ। ਇਹ ਮੁਗਲ ਮਾਨਸਿਕਤਾ ਹੈ ਜਿਥੇ ਪਿੰਡ ’ਚ ਜੇਕਰ ਕੋਈ ਚੰਗੇ ਲੀੜੇ ਪਾ ਲੈਂਦਾ ਹੈ ਤਾਂ ਉਹ (ਕਾਂਗਰਸ) ਔਖੇ ਹੋ ਜਾਂਦੇ ਹਨ।’’  ਇਸ ਦੌਰਾਨ ਅੱਈਅਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਿਹੜੇ ਅਰਥ ਕੱਢ ਰਹੇ ਹਨ, ਉਨ੍ਹਾਂ ਦੇ ਕਹਿਣ ਦਾ ਮਤਲਬ ਅਜਿਹਾ ਕੁਝ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਹਿੰਦੀ ਚੰਗੀ ਤਰ੍ਹਾਂ ਨਹੀਂ ਜਾਣਦੇ ਅਤੇ ਅੰਗਰੇਜ਼ੀ ਦੇ ਸ਼ਬਦ ‘ਲੋਅ’ ਦਾ ਹਿੰਦੀ ’ਚ ਅਨੁਵਾਦ ‘ਨੀਚ’ ਸਮਝਿਆ।
‘ਇਸ ਦਾ ਮਤਲਬ ਨੀਵੀਂ ਜਾਤ ’ਚ ਪੈਦਾ ਹੋਣ ਤੋਂ ਨਹੀਂ ਸੀ। ਜੇਕਰ ਨੀਚ ਸ਼ਬਦ ਦਾ ਇਹ ਅਰਥ ਹੋ ਸਕਦਾ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ। ਜੇਕਰ ਕਾਂਗਰਸ ਨੂੰ ਗੁਜਰਾਤ ’ਚ ਇਸ ਨਾਲ ਨੁਕਸਾਨ ਹੋਵੇਗਾ ਤਾਂ ਮੈਨੂੰ ਅਫ਼ਸੋਸ ਹੋਵੇਗਾ।’

Facebook Comment
Project by : XtremeStudioz