Close
Menu

ਮਹਾਰਾਸ਼ਟਰ ਦੇ ਮੁੱਖ ਮੰਤਰੀ ਦਾ ਵਾਲ ਵਾਲ ਬਚਾਅ

-- 26 May,2017

ਮੁੰਬਈ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅੱਜ ਉਦੋਂ ਵਾਲ ਵਾਲ ਬਚ ਗਏ, ਜਦੋਂ ਲਾਤੂਰ ਜ਼ਿਲ੍ਹੇ ਵਿੱਚ ਉਨ੍ਹਾਂ ਦਾ ਹੈਲੀਕਾਪਟਰ ਤਾਰਾਂ ਵਿੱਚ ਉਲਝਣ ਤੋਂ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ। ਉਡਾਣ ਭਰਨ ਤੋਂ ਫੌਰੀ ਬਾਅਦ ਖ਼ਰਾਬ ਮੌਸਮ ਕਾਰਨ ਪਾਇਲਟ ਜਦੋਂ ਹੈਲੀਕਾਪਟਰ ਨੂੰ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਹਾਦਸਾ ਵਾਪਰ ਗਿਆ।
‘ਡਾਇਰੈਕਟਰ ਜਨਰਲ ਆਫ ਸਿਵਲ ਏਵੀਏਸ਼ਨ’ (ਡੀਜੀਸੀਏ) ਦੇ ਇਕ ਅਧਿਕਾਰੀ ਨੇ ਕਿਹਾ ਕਿ ਰਾਜ ਸਰਕਾਰ ਦੇ ਛੇ ਸਾਲ ਪੁਰਾਣੇ ਸਿਕੋਰਸਕੀ ਹੈਲੀਕਾਪਟਰ ਨੂੰ ਹੋਇਆ ਨੁਕਸਾਨ ਮੁਰੰਮਤਯੋਗ ਨਹੀਂ ਹੈ। ਹਾਦਸੇ ਵੇਲੇ ਹੈਲੀਕਾਪਟਰ ਵਿੱਚ ਅਮਲੇ ਦੇ ਦੋ ਮੈਂਬਰਾਂ ਸਣੇ ਛੇ ਜਣੇ ਸਵਾਰ ਸਨ। ਇਹ ਹਾਦਸਾ ਇਸ ਜ਼ਿਲ੍ਹੇ ਦੇ ਨਿਲਾਂਗਾ ਸ਼ਹਿਰ ਵਿੱਚ ਵਾਪਰਿਆ, ਜਿੱਥੇ ਮੁੱਖ ਮੰਤਰੀ ਨੇ ਇਕ ਪ੍ਰੋਗਰਾਮ ਵਿੱਚ ਭਾਗ ਲਿਆ ਸੀ।  ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਧੀਨ ਆਉਂਦੇ ‘ਏਅਰਕਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਉਰੋ’ (ਏਆਈਬੀ) ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ।
ਘਟਨਾ ਤੋਂ ਬਾਅਦ ਸ੍ਰੀ ਫੜਨਵੀਸ ਨੇ ਟਵੀਟ ਕੀਤਾ ਕਿ ‘‘ਸਾਡਾ ਹੈਲੀਕਾਪਟਰ ਲਾਤੁਰ ਵਿੱਚ ਹਾਦਸੇ ਦਾ ਸ਼ਿਕਾਰ ਹੋਇਆ ਪਰ ਮੈਂ ਤੇ ਮੇਰੀ ਟੀਮ ਪੂਰੀ ਤਰ੍ਹਾਂ ਸੁਰੱਖਿਅਤ ਹੈ। ਘਬਰਾਉਣ ਦੀ ਲੋੜ ਨਹੀਂ।’’ ਇਸ ਤੋਂ ਬਾਅਦ ਮੁੱਖ ਮੰਤਰੀ ਹਾਦਸੇ ਵਾਲੀ ਥਾਂ ਤੋਂ 40 ਕਿਲੋਮੀਟਰ ਲਾਤੁਰ ਸ਼ਹਿਰ ਵੱਲ ਸੜਕ ਰਸਤੇ ਰਾਹੀਂ ਗਏ ਅਤੇ ਉਨ੍ਹਾਂ ਨੂੰ ਬਾਅਦ ਵਿੱਚ ਵਿਸ਼ੇਸ਼ ਜਹਾਜ਼ ਰਾਹੀਂ ਮੁੰਬਈ ਲਿਆਂਦਾ ਗਿਆ। ਡੀਜੀਸੀਏ ਦੇ ਇਸ ਅਧਿਕਾਰੀ ਨੇ ਕਿਹਾ ਕਿ ਛੇ ਸੀਟਾਂ ਵਾਲੇ ਹੈਲੀਕਾਪਟਰ ਨੂੰ ਕਾਫ਼ੀ ਨੁਕਸਾਨ ਪੁੱਜਿਆ ਹੈ ਅਤੇ ਹੁਣ ਇਹ ਦੁਬਾਰਾ ਉਡਾਣ ਨਹੀਂ ਭਰ ਸਕੇਗਾ। ਉਨ੍ਹਾਂ ਦੱਸਿਆ ਕਿ
ਹੈਲੀਕਾਪਟਰ ਨੇ ਦੁਪਹਿਰੇ 12 ਵਜੇ ਉਡਾਣ ਭਰੀ ਸੀ ਅਤੇ ਪਾਇਲਟ ਨੇ ਹਵਾ ਦੇ ਘਟਦੇ-ਵਧਦੇ ਦਬਾਅ ਕਾਰਨ ਹੈਲੀਕਾਪਟਰ ਉਤਾਰਨ ਦਾ ਫੈਸਲਾ ਕੀਤਾ। ਇਸ ਦੌਰਾਨ ਹੈਲੀਕਾਪਟਰ ਤਾਰਾਂ ਵਿੱਚ ਉਲਝ ਗਿਆ। ਜਹਾਜ਼ਰਾਨੀ ਬਾਰੇ ਅਧਿਕਾਰੀਆਂ ਨੇ ਮੁੱਖ ਮੰਤਰੀ ਦੇ ਨਾਲ ਨਾਲ ਫਲਾਈਟ ਕਮਾਂਡਰ ਨਾਲ ਵੀ ਗੱਲ ਕੀਤੀ ਅਤੇ ਉਨ੍ਹਾਂ ਪੁਸ਼ਟੀ ਕੀਤੀ ਕਿ ਸਾਰੇ ਜਣੇ ਸੁਰੱਖਿਅਤ ਹਨ। ਸੂਬਾ ਸਰਕਾਰ ਦੇ ਬੁਲਾਰੇ ਅਨੁਸਾਰ ਇਸ ਹੈਲੀਕਾਪਟਰ ਦੇ ਰਾਜ ਭਵਨ ਵਿੱਚ ਉਤਰਨ ਦਾ ਪ੍ਰੋਗਰਾਮ ਸੀ ਅਤੇ ਇਸ ਤੋਂ ਬਾਅਦ ਇਸ ਨੇ ਜੁਹੂ ਹਵਾਈ ਅੱਡੇ ਵੱਲ ਜਾਣਾ ਸੀ।   

Facebook Comment
Project by : XtremeStudioz